ਕਰੋਨਾਵਾਇਰਸ: ਕੇਰਲਾ ਦੇ 17 ਮਛੇਰੇ ਇਰਾਨ ’ਚ ਫਸੇ

ਇਰਾਨ ਤੋਂ ਭੇਜੀ ਇੱਕ ਵੀਡੀਓ ਰਾਹੀਂ ਪਤਾ ਲੱਗਾ ਹੈ ਕਿ ਇਰਾਨ ’ਚ ਕਰੋਨਾਵਾਇਰਸ ਕਾਰਨ ਫਸੇ ਸੈਂਕੜੇ ਲੋਕਾਂ ’ਚ ਕੇਰਲਾ ਦੇ ਲਗਪਗ 17 ਮਛੇਰੇ ਵੀ ਸ਼ਾਮਲ ਹਨ। ਇਹ ਮਛੇਰੇ ਵਿਜ਼ਹਿਨਜਮ, ਪੂਵਾਰ ਅਤੇ ਪੌਜ਼ੀਯੂਰ ਪਿੰਡਾਂ ਨਾਲ ਸਬੰਧਤ ਹਨ। ਸੂਬੇ ਦੇ ਮੱਛੀ ਪਾਲਣ ਮੰਤਰੀ ਜੇ. ਮਰਸੀਕੁੱਟੀ ਨੇ ਮੀਡੀਆ ਦੇ ਹਵਾਲੇ ਨਾਲ ਇਸ ਵੀਡੀਓ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ,‘ਇਰਾਨ ’ਚ ਕਰੋਨਾਵਾਇਰਸ ਕਾਰਨ ਫਸੇ ਭਾਰਤੀ ਮਛੇਰਿਆਂ ’ਚ ਕੇਰਲਾ ਨਾਲ ਸਬੰਧਤ ਮਛੇਰੇ ਵੀ ਹਨ, ਜੋ ਕਿ ਉੱਥੇ ਲੱਗੀਆਂ ਬੰਦਿਸ਼ਾਂ ਕਾਰਨ ਬਾਹਰ ਨਿਕਲਣ ਤੋਂ ਅਸਮਰੱਥ ਹਨ। ਅਸੀਂ ਇਨ੍ਹਾਂ ਦੇ ਪਰਿਵਾਰਾਂ ਨੂੰ ਇਨ੍ਹਾਂ ਦੀ ਜਾਣਕਾਰੀ ਨੋਰਕਾ ਦਫ਼ਤਰ ਨੂੰ ਦੇਣ ਲਈ ਕਿਹਾ ਹੈ ਜੋ ਕਿ ਇਹ ਜਾਣਕਾਰੀ ਭਾਰਤੀ ਸਫ਼ਾਰਤਖਾਨੇ ਨੂੰ ਦੇਵੇਗਾ। ਸੂਬਾ ਸਰਕਾਰ ਵੱਲੋਂ ਇਸ ਮਾਮਲੇ ਬਾਰੇ ਕੇਂਦਰ ਨਾਲ ਵੀ ਗੱਲਬਾਤ ਕੀਤੀ ਜਾਵੇਗੀ।’ ਰਾਜ ਮੰਤਰੀ ਵੀ. ਮੁਰਲੀਧਰਨ ਨੇ ਦੱਸਿਆ ਕਿ ਇਰਾਨ ਵਿੱਚ ਕਰੋਨਾਵਾਇਰਸ ਕਾਰਨ ਫਸੇ ਮਛੇਰਿਆਂ ਸਮੇਤ ਸਾਰੇ ਭਾਰਤੀਆਂ ਬਾਰੇ ਸਰਕਾਰ ਨੂੰ ਰਿਪੋਰਟਾਂ ਮਿਲੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਮਸਲੇ ’ਤੇ ਤਹਿਰਾਨ ਵਿੱਚ ਸਥਿਤ ਭਾਰਤੀ ਸਫ਼ਾਰਤਖਾਨਾ ਸਥਾਨਕ ਅਧਿਕਾਰੀਆਂ ਦੇ ਸੰਪਰਕ ’ਚ ਹੈ। ਇਰਾਨ ’ਚ ਭਾਰਤ ਦੇ ਰਾਜਦੂਤ ਗੱਦਾਮ ਧਰਮੇਂਦਰ ਨੇ ਦੱਸਿਆ ਕਿ ਘਰ ਵਾਪਸ ਆਉਣ ਦੇ ਚਾਹਵਾਨ ਭਾਰਤੀਆਂ ਦੀ ਵਾਪਸੀ ਸੁਖਾਲੀ ਕਰਨ ਲਈ ਅਧਿਕਾਰੀ ਯਤਨਸ਼ੀਲ ਹਨ ਤੇ ਸਰਕਾਰ ਨਾਲ ਇਸ ਮਾਮਲੇ ਬਾਰੇ ਗੱਲਬਾਤ ਚੱਲ ਰਹੀ ਹੈ।
ਸਿਹਤ ਅਤੇ ਮੈਡੀਕਲ ਸਿੱਖਿਆ ਵਿਭਾਗ ਨੇ ਦੱਸਿਆ ਕਿ ਕਰੋਨਾਵਾਇਰਸ ਕਾਰਨ ਇਰਾਨ ਵਿਚ ਹੁਣ ਤੱਕ 978 ਵਿਅਕਤੀ ਪ੍ਰਭਾਵਿਤ ਹੋਏ ਹਨ ਜਦਕਿ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 54 ਹੋ ਗਈ ਹੈ। ਇਹ ਜਾਣਕਾਰੀ ਮੰਤਰਾਲੇ ਦੇ ਲੋਕ ਸੰਪਰਕ ਅਤੇ ਸੂਚਨਾ ਕੇਂਦਰ ਦੇ ਮੁਖੀ ਕੀਅਨੁਸ਼ ਜਹਾਨਪੁਰ ਦੇ ਹਵਾਲੇ ਨਾਲ ਮਿਲੀ ਹੈ। ਉਪ ਮੰਤਰੀ ਨੇ ਦੱਸਿਆ ਕਿ ਇਰਾਨ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਜੂਨ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਦੌਰਾਨ ਦੱਖਣੀ ਕੋਰੀਆ ਵਿੱਚ ਕਰੋਨਾਵਾਇਰਸ ਦੇ 376 ਹੋਰ ਕੇਸਾਂ ਦੀ ਪੁਸ਼ਟੀ ਹੋਈ ਹੈ, ਜਿਸ ਨਾਲ ਕੁੱਲ ਕੇਸਾਂ ਦੀ ਗਿਣਤੀ 3,526 ਹੋ ਗਈ ਹੈ, ਜੋ ਕਿ ਚੀਨ ਤੋਂ ਬਾਹਰ ਕਿਸੇ ਮੁਲਕ ’ਚ ਸਭ ਤੋਂ ਵੱਧ ਹੈ। ਲਗਭਗ 90 ਫ਼ੀਸਦੀ ਤੋਂ ਵੱਧ ਕੇਸ ਡੇਗੂ ਵਿੱਚ ਮਿਲੇ ਹਨ। ਇਸ ਦੌਰਾਨ ਚੀਨ ਦੇ ਸਿਹਤ ਮੰਤਰਾਲੇ ਨੇ ਦੱਸਿਆ ਕਿ ਚੀਨ ਵਿੱਚ ਕਰੋਨਾਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 2,870 ਹੋ ਗਈ ਹੈ ਜਦਕਿ ਹੁਣ ਤੱਕ 79,824 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਰੋਨਾਵਾਇਰਸ ਨਾਲ ਪ੍ਰਭਾਵਿਤ 573 ਜਣਿਆਂ ਬਾਰੇ ਪਤਾ ਲੱਗਾ ਹੈ ਜਦਕਿ ਇਸ ਵਾਇਰਸ ਕਾਰਨ 35 ਹੋਰ ਜਣਿਆਂ ਦੀ ਮੌਤ ਹੋ ਗਈ ਹੈ। ਕੌਮੀ ਸਿਹਤ ਕਮਿਸ਼ਨ ਮੁਤਾਬਕ 34 ਮ੍ਰਿਤਕਾਂ ਦਾ ਸਬੰਧ ਹੁਬਈ ਪ੍ਰਾਂਤ ਨਾਲ ਸੀ ਜਦਕਿ ਇੱਕ ਮ੍ਰਿਤਕ ਹੇਨਾਨ ਪ੍ਰਾਂਤ ਨਾਲ ਸਬੰਧਤ ਸੀ। ਇਸ ਦੌਰਾਨ 132 ਨਵੇਂ ਸ਼ੱਕੀ ਕੇਸਾਂ ਦੀ ਜਾਣਕਾਰੀ ਮਿਲੀ ਹੈ।

Previous articleਨਵਜੋਤ ਸਿੱਧੂ ਦਾ ‘ਆਪ’ ਵਿੱਚ ਸਭ ਤੋਂ ਪਹਿਲਾਂ ਸਵਾਗਤ ਕਰਾਂਗਾ: ਮਾਨ
Next articleਰਿਹਾਇਸ਼-ਵਿਹੂਣੇ ਪਾੜ੍ਹਿਆਂ ਬਾਰੇ ਛਾਬੜਾ ਚਿੰਤਤ