ਕਰਫਿਊ ਵਿੱਚ ਵਾਧੇ ਬਾਰੇ ਅਜੇ ਕੋਈ ਫ਼ੈਸਲਾ ਨਹੀਂ: ਕੈਪਟਨ

ਚੰਡੀਗੜ੍ਹ (ਸਮਾਜਵੀਕਲੀ)ਪੰਜਾਬ ਵਿਚ ਪੂਰਾ ਦਿਨ ਕਰਫ਼ਿਊ ਵਧਾਉਣ ਦੇ ਮਾਮਲੇ ਨੂੰ ਲੈ ਕੇ ਭੰਬਲਭੂਸਾ ਬਣਿਆ ਰਿਹਾ ਤੇ ਆਖ਼ਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਕਿ 14 ਅਪਰੈਲ ਤੋਂ ਬਾਅਦ ਕਰਫਿਊ ਵਧਾਉਣ ਦਾ ਹਾਲੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਗਿਆ। ਅਜਿਹੀਆਂ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਹਾਲੇ ਕੋਈ ਫ਼ੈਸਲਾ ਨਹੀਂ ਲਿਆ।

ਉਨ੍ਹਾਂ ਕਿਹਾ ਕਿ ਇਸ ਸਬੰਧੀ ਕੋਈ ਵੀ ਫ਼ੈਸਲਾ 10 ਅਪਰੈਲ ਨੂੰ ਰੱਖੀ ਪੰਜਾਬ ਵਜ਼ਾਰਤ ਦੀ ਮੀਟਿੰਗ ਤੋਂ ਬਾਅਦ ਲਿਆ ਜਾਵੇਗਾ। ਕਰਫਿਊ ਵਧਾਉਣ ਦੀਆਂ ਇਹ ਕਿਆਸਰਾਈਆਂ ਆਮ ਰਾਜ ਪ੍ਰਬੰਧ ਵਿਭਾਗ ਵੱਲੋਂ ਮੌਜੂਦਾ ਸਮੇਂ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਸਰਕਾਰੀ ਮੁਲਾਜ਼ਮਾਂ ਨੂੰ ਜਾਰੀ ਸਲਾਹਕਾਰੀ ਤੋਂ ਬਾਅਦ ਸ਼ੁਰੂ ਹੋ ਗਈਆਂ ਸਨ। ਕੈਪਟਨ ਨੇ ਕਿਹਾ ਕਿ ਉਨ੍ਹਾਂ ਦੀਆਂ ਹਦਾਇਤਾਂ ’ਤੇ ਮੁੱਖ ਸਕੱਤਰ ਨੇ ਇਹ ਸਲਾਹ ਤੁਰੰਤ ਵਾਪਸ ਲੈ ਲਈ ਸੀ।

ਕੈਪਟਨ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਾਰੀ ਸਥਿਤੀ ਦਾ ਨਿਰੰਤਰ ਮੁਲਾਂਕਣ ਤੇ ਸਮੀਖ਼ਿਆ ਕੀਤੀ ਜਾ ਰਹੀ ਹੈ ਜਿਹੜੀ ਕਿ ਰੋਜ਼ਾਨਾ ਬਦਲ ਰਹੀ ਹੈ ਅਤੇ ਕੋਈ ਵੀ ਫ਼ੈਸਲਾ ਸੂਬੇ ਅਤੇ ਲੋਕਾਂ ਦੇ ਵਡੇਰੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਪਰੈਲ ਦੇ ਅੱਧ ਵਿੱਚ ਪੈਦਾ ਹੋਣ ਵਾਲੀਆਂ ਸਥਿਤੀਆਂ ਦੇ ਮੱਦੇਨਜ਼ਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਮਹਾਮਾਰੀ ਕੰਟਰੋਲ ਵਿੱਚ ਹੈ ਪਰ ਲਗਾਤਾਰ ਬਦਲਦੇ ਹਾਲਾਤਾਂ ਨੂੰ ਵੇਖਦਿਆਂ ਇਸ ਸਮੇਂ ਭਵਿੱਖ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ।

ਕਰਫਿਊ ਖ਼ਤਮ ਕਰਨ ਜਾਂ ਅੰਸ਼ਕ ਤੌਰ ’ਤੇ ਖ਼ਤਮ ਕਰਨ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ‘ਅਸੀਂ ਨਾ ਸਿਰਫ਼ ਪੰਜਾਬ, ਬਲਕਿ ਪੂਰੇ ਦੇਸ਼ ਦੀ ਸਥਿਤੀ ’ਤੇ ਡੂੰਘਾਈ ਨਾਲ ਨਜ਼ਰ ਰੱਖ ਰਹੇ ਹਾਂ। ਅਸੀਂ ਦੂਜੇ ਦੇਸ਼ਾਂ ਦੀ ਇਸ ਮਹਾਮਾਰੀ ਸਬੰਧੀ ਸਥਿਤੀ ਦਾ ਵੀ ਧਿਆਨ ਰੱਖ ਰਹੇ ਹਾਂ ਤਾਂ ਜੋ ਅਸੀਂ ਉਨ੍ਹਾਂ ਦੇ ਤਜਰਬਿਆਂ ਨੂੰ ਜਾਣ ਕੇ ਉਨ੍ਹਾਂ ਮੁਤਾਬਕ ਕੰਮ ਕਰ ਸਕੀਏ।’

Previous articleKarnataka unveils website for COVID-19 news
Next articleਸਰਕਾਰੀ ਤੇ ਪ੍ਰਾਈਵੇਟ ਲੈਬਾਰਟਰੀਆਂ ’ਚ ਮੁਫ਼ਤ ਹੋਣ ਕੋਵਿਡ-19 ਟੈਸਟ: ਸੁਪਰੀਮ ਕੋਰਟ