ਕਰਨਾਟਕ ਜ਼ਿਮਨੀ ਚੋਣ ’ਚ ਭਾਜਪਾ ਨੇ ਹੂੰਝਾ ਫੇਰਿਆ

ਕਰਨਾਟਕ ’ਚ ਹਾਕਮ ਧਿਰ ਭਾਜਪਾ ਨੇ 15 ਵਿਧਾਨ ਸਭਾ ਸੀਟਾਂ ਲਈ ਹੋਈਆਂ ਜ਼ਿਮਨੀ ਚੋਣਾਂ ’ਚ ਅੱਜ 12 ਸੀਟਾਂ ’ਤੇ ਜਿੱਤ ਦਰਜ ਕਰਕੇ ਵਿਧਾਨ ਸਭਾ ’ਚ ਸਪੱਸ਼ਟ ਬਹੁਮਤ ਹਾਸਲ ਕਰ ਲਿਆ ਹੈ। ਇਹ ਨਤੀਜੇ ਭਾਜਪਾ ਲਈ ਹੌਸਲਾ ਵਧਾਉਣ ਵਾਲੇ ਹਨ ਕਿਉਂਕਿ ਹਾਲ ਹੀ ’ਚ ਮਹਾਰਾਸ਼ਟਰ ’ਚ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਵਿਰੋਧੀ ਧਿਰ ਕਾਂਗਰਸ ਨੇ ਦੋ ਅਤੇ ਇੱਕ ਸੀਟ ਆਜ਼ਾਦ ਉਮੀਦਵਾਰ ਨੇ ਜਿੱਤੀ ਹੈ। ਇਨ੍ਹਾਂ ਜ਼ਿਮਨੀ ਚੋਣ ਭਾਜਪਾ ਲਈ ਵੱਡੀ ਪ੍ਰੀਖਿਆ ਮੰਨੀ ਜਾ ਰਹੀ ਸੀ ਕਿਉਂਕਿ 225 ਮੈਂਬਰੀ ਵਿਧਾਨ ਸਭਾ ’ਚ ਬਹੁਮਤ ਕਾਇਮ ਰੱਖਣ ਲਈ ਉਸ ਨੂੰ 15 ’ਚੋਂ ਘੱਟ ਤੋਂ ਘੱਟ ਛੇ ਸੀਟਾਂ ਜਿੱਤਣ ਦੀ ਜ਼ਰੂਰਤ ਸੀ। ਜ਼ਿਮਨੀ ਚੋਣ ’ਚ 12 ਸੀਟਾਂ ਜਿੱਤਣ ਨਾਲ ਹੁਣ ਪਾਰਟੀ ਕੋਲ ਇੱਕ ਆਜ਼ਾਦ ਉਮੀਦਵਾਰ ਸਣੇ 117 ਵਿਧਾਇਕ ਹੋ ਗਏ ਹਨ। ਮਾਸਕੀ ਤੇ ਆਰ.ਕੇ. ਨਗਰ ਦੀਆਂ ਦੋ ਸੀਟਾਂ ਖਾਲੀ ਰਹਿਣ ਮਗਰੋਂ 223 ਮੈਂਬਰੀ ਵਿਧਾਨ ਸਭਾ ’ਚ ਬਹੁਮੱਤ ਲਈ 111 ਸੀਟਾਂ ਤੋਂ ਵੱਧ ਸੀਟਾਂ ਭਾਜਪਾ ਕੋਲ ਹਨ। ਸੁਪਰੀਮ ਕੋਰਟ ’ਚ ਮਾਮਲਾ ਲਟਕਣ ਕਾਰਨ ਇਹ ਦੋ ਸੀਟਾਂ ਅਜੇ ਵੀ ਖਾਲੀ ਹਨ। ਇਨ੍ਹਾਂ ਚੋਣਾਂ ’ਚ ਭਾਜਪਾ ਨੇ ਦਾਅ ਖੇਡਦਿਆਂ ਕਾਂਗਰਸ ਦੇ ਜਨਤਾ ਦਲ (ਐੱਸ) ਦੇ ਅਯੋਗ ਠਹਿਰਾਏ ਗਏ 16 ਵਿਧਾਇਕਾਂ ’ਚੋਂ 11 ਨੂੰ ਮੈਦਾਨ ’ਚ ਉਤਾਰਿਆ ਸੀ ਜਿਨ੍ਹਾਂ ’ਚੋਂ 11 ਨੇ ਜਿੱਤ ਹਾਸਲ ਕੀਤੀ। ਕਾਂਗਰਸ ਸਿਰਫ਼ ਦੋ ਵਿਧਾਨ ਸਭਾ ਹਲਕਿਆਂ ਹੁਨਾਸੁਰੂ ਅਤੇ ਸ਼ਿਵਾਜੀਨਗਰ ’ਚ ਹੀ ਜਿੱਤ ਹਾਸਲ ਕਰ ਸਕੀ। ਹੋਸਕੋਟੇ ਤੋਂ ਆਜ਼ਾਦ ਉਮੀਦਵਾਰ ਸ਼ਰਤ ਬੱਚੇਗੌੜਾ ਨੇ ਜਿੱਤ ਦਰਜ ਕੀਤੀ ਹੈ। ਸਾਬਕਾ ਪ੍ਰਧਾਨ ਮੰਤਰੀ ਐੱਚ.ਡੀ. ਦੇਵਗੌੜਾ ਦੀ ਅਗਵਾਈ ਵਾਲੀ ਜਨਤਾ ਦਲ (ਐੱਸ) ਨੇ ਵਿਧਾਨ ਸਭਾ ਚੋਣਾਂ ਦੌਰਾਨ ਇਨ੍ਹਾਂ 15 ਸੀਟਾਂ ’ਚੋਂ ਤਿੰਨ ਹਲਕਿਆਂ ਕੇ.ਆਰ. ਪੇਟੇ, ਮਹਾਲਕਸ਼ਮੀ ਲੇਆਊਟ ਅਤੇ ਹੌਂਸੁਰ ’ਚ ਜਿੱਤ ਦਰਜ ਕੀਤੀ ਸੀ ਪਰ ਜ਼ਿਮਨੀ ਚੋਣ ’ਚ ਪਾਰਟੀ ਦਾ ਖਾਤਾ ਵੀ ਨਹੀਂ ਖੁੱਲ੍ਹ ਸਕਿਆ।

Previous articleਪਰਮਿੰਦਰ ਵੀ ਵੱਡੇ ਢੀਂਡਸਾ ਦੇ ਰਾਹ ’ਤੇ
Next articleਜੰਮੂ ਕਸ਼ਮੀਰ ’ਚ ਸੀਤ ਲਹਿਰ ਦਾ ਕਹਿਰ