ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ-ਦੀਦਾਰ

ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਦੀ ਚਿਰੋਕਣੀ ਅਰਦਾਸ ਹੋਈ ਪੂਰੀ;
ਸੰਗਤ ਵਾਸਤੇ ਬਿਨਾਂ ਵੀਜ਼ੇ ਤੋਂ ਖੁੱਲ੍ਹਿਆ ਲਾਂਘਾ

  • ਮੋਦੀ ਵੱਲੋਂ ਡੇਰਾ ਬਾਬਾ ਨਾਨਕ ਅਤੇ ਇਮਰਾਨ ਵੱਲੋਂ ਕਰਤਾਰਪੁਰ ਲਾਂਘੇ ਦਾ ਉਦਘਾਟਨ

  • ਇਮਰਾਨ ਖਾਨ ਅਤੇ ਕੁਰੈਸ਼ੀ ਨੇ ਉਭਾਰਿਆ ਕਸ਼ਮੀਰ ਦਾ ਮੁੱਦਾ

  • ਸ਼ਰਧਾਲੂਆਂ ਦਾ ਜਥਾ ਮੱਥਾ ਟੇਕ ਕੇ ਸ਼ਾਮੀਂ ਪਰਤਿਆ

ਆਜ਼ਾਦੀ ਦੇ ਕਰੀਬ 72 ਵਰ੍ਹਿਆਂ ਬਾਅਦ ਅੱਜ ਗੁਰਦੁਆਰਾ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨ-ਦੀਦਾਰ ਦੀ ਸਿੱਖਾਂ ਦੀ ਮੰਗ ਪੂਰੀ ਹੋ ਗਈ ਹੈ। ਸੰਗਤ ਲਈ ਬਿਨਾ ਵੀਜ਼ਾ ਲਾਂਘੇ ਦੀ ਸ਼ੁਰੂਆਤ ਹੋ ਗਈ ਹੈ। ਭਾਰਤ ਵਾਲੇ ਪਾਸੇ ਇਸ ਲਾਂਘੇ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਜਦੋਂਕਿ ਪਾਕਿਸਤਾਨ ’ਚ ਲਾਂਘੇ ਦਾ ਉਦਘਾਟਨ ਵਜ਼ੀਰੇ ਆਜ਼ਮ ਇਮਰਾਨ ਖਾਨ ਵੱਲੋਂ ਕੀਤਾ ਗਿਆ। ਲਾਂਘਾ ਖੁੱਲ੍ਹਣ ਮਗਰੋਂ ਸਿੱਖ ਸ਼ਰਧਾਲੂਆਂ ਦੇ ਪਹਿਲੇ ਵਫ਼ਦ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕੀਤੇ। ਸਿੱਖ ਸ਼ਰਧਾਲੂਆਂ ਦਾ ਇਹ ਵਫ਼ਦ ਮੱਥਾ ਟੇਕਣ ਮਗਰੋਂ ਸ਼ਾਮ ਨੂੰ ਡੇਰਾ ਬਾਬਾ ਨਾਨਕ ਪਰਤ ਆਇਆ।ਦੋਵੇਂ ਮੁਲਕਾਂ ਨੇ ਨਫ਼ਰਤਾਂ ਦੇ ਬਾਵਜੂਦ ਕਰਤਾਰਪੁਰ ਲਾਂਘੇ ਰਾਹੀਂ ਅੱਜ ਮੁੜ ਮੁਹੱਬਤ ਅਤੇ ਪਿਆਰ ਦੀ ਬਾਤ ਛੇੜੀ ਹੈ। ਇਸ ਸਬੰਧ ’ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਸਮਾਗਮ ਦੋਵਾਂ ਦੇਸ਼ਾਂ ਵਿਚਾਲੇ ਪੁਲ ਬਣੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਾਂਘੇ ਦੇ ਉਦਘਾਟਨ ਤੋਂ ਪਹਿਲਾਂ ਡੇਰਾ ਬਾਬਾ ਨਾਨਕ ਨੇੜੇ ਸ਼੍ਰੋਮਣੀ ਕਮੇਟੀ ਵੱਲੋਂ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਾਰ-ਵਾਰ ਗੁਰੂ ਨਾਨਕ ਦੇਵ ਦੇ ਫ਼ਲਸਫ਼ੇ ਅਤੇ ਸਿੱਖਿਆਵਾਂ ਦਾ ਵਰਨਣ ਕੀਤਾ। ਉਨ੍ਹਾਂ ਆਪਣੇ ਪਾਕਿਸਤਾਨੀ ਹਮਰੁਤਬਾ ਇਮਰਾਨ ਖ਼ਾਨ ਦਾ ਗੁਰਦੁਆਰਾ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਧੰਨਵਾਦ ਕੀਤਾ। ਦੂਜੇ ਪਾਸੇ ਪਾਕਿਸਤਾਨੀ ਵਜ਼ੀਰੇ ਆਜ਼ਮ ਇਮਰਾਨ ਖ਼ਾਨ ਨੇ ਗੁਰਦੁਆਰਾ ਕਰਤਾਰਪੁਰ ਦੇ ਵਿਹੜੇ ਵਿਚ ਬਣਾਈ ਗਈ ਇਕ ਵੱਡੀ ਸ੍ਰੀ ਸਾਹਿਬ ਅਤੇ ਪੱਥਰ ਤੋਂ ਪਰਦਾ ਹਟਾ ਕੇ ਉਦਘਾਟਨ ਦੀ ਰਸਮ ਨੂੰ ਪੂਰਾ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਆਖਿਆ ਕਿ ਕਰਤਾਰਪੁਰ ਲਾਂਘਾ ਸ਼ੁਰੂ ਹੋਣ ਨਾਲ ਸਿੱਖ ਆਪਣੇ ‘ਮਦੀਨੇ’ ਦੇ ਖੁੱਲ੍ਹੇ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਥੇ ਹਾਜ਼ਰ ਸਿੱਖਾਂ ਦੇ ਚਿਹਰੇ ਤੋਂ ਝਲਕਦੀ ਖੁਸ਼ੀ ਨੂੰ ਵੇਖ ਕੇ ਉਨ੍ਹਾਂ ਦਾ ਮਨ ਵੀ ਵਧੇਰੇ ਖੁਸ਼ ਹੈ। ਵਜ਼ੀਰੇ ਆਜ਼ਮ ਨੇ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਦੀ ਸਿੱਖ ਕੌਮ ਵਾਸਤੇ ਅਹਿਮੀਅਤ ਦਾ ਪਤਾ ਉਨ੍ਹਾਂ ਨੂੰ ਇਕ ਵਰ੍ਹੇ ਪਹਿਲਾਂ ਲੱਗਾ ਸੀ ਅਤੇ ਉਨ੍ਹਾਂ ਇਸ ਲਾਂਘੇ ਨੂੰ ਖੋਲ੍ਹਣ ਦਾ ਨਿਰਣਾ ਲਿਆ ਸੀ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਦੇ ਵਕਫ਼ੇ ਵਿਚ ਪਾਕਿਸਤਾਨੀਆਂ ਨੇ ਇਥੇ ਵੱਡੇ ਵਿਕਾਸ ਦੀ ਤਸਵੀਰ ਪੇਸ਼ ਕੀਤੀ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਆਖਿਆ ਕਿ ਲੀਡਰ ਉਹੀ ਹੁੰਦਾ ਹੈ, ਜੋ ਇਨਸਾਨਾਂ ਨੂੰ ਇਕੱਠਾ ਕਰਦਾ ਹੈ, ਉਨ੍ਹਾਂ ਵਿਚ ਨਫ਼ਰਤ ਨਹੀਂ ਫੈਲਾਉਂਦਾ ਹੈ ਅਤੇ ਨਫਰਤ ਫੈਲਾ ਕੇ ਵੋਟਾਂ ਨਹੀਂ ਮੰਗਦਾ ਹੈ। ਦੱਖਣੀ ਅਫ਼ਰੀਕਾ ਦੇ ਆਗੂ ਨੈਲਸਨ ਮੰਡੇਲਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਆਖਿਆ ਕਿ ਉਸ ਨੇ 26 ਸਾਲ ਜੇਲ੍ਹ ਵਿਚ ਰਹਿ ਕੇ ਤਸ਼ੱਦਦ ਝੱਲਣ ਦੇ ਬਾਵਜੂਦ ਤਸ਼ੱਦਦ ਕਰਨ ਵਾਲਿਆਂ ਨੂੰ ਮੁਆਫ਼ ਕਰ ਦਿੱਤਾ ਸੀ। ਉਨ੍ਹਾਂ ਕਿਹਾ ਕਿ ਪੀਰ ਪੈਗੰਬਰਾਂ ਨੇ ਵੀ ਇਨਸਾਨੀਅਤ ਦੀ ਗੱਲ ਕੀਤੀ ਹੈ। ਇਮਰਾਨ ਨੇ ਕਿਹਾ,‘‘ਜਦੋਂ ਮੈਂ ਵਜ਼ੀਰੇ ਆਜ਼ਮ ਬਣਿਆ ਸੀ ਤਾਂ ਆਪਣੇ ਹਮਰੁਤਬਾ ਨਰਿੰਦਰ ਮੋਦੀ ਨੂੰ ਦੋਵਾਂ ਦੇਸ਼ਾਂ ਵਿਚਾਲੇ ਸੁਖਾਲੇ ਸਬੰਧ ਬਣਾਉਣ ਦਾ ਹੋਕਾ ਦਿੱਤਾ ਸੀ।’’ ਉਨ੍ਹਾਂ ਕਸ਼ਮੀਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਥੇ ਵੱਡੀ ਗਿਣਤੀ ਵਿਚ ਤਾਇਨਾਤ ਭਾਰਤੀ ਫ਼ੌਜ ਵਲੋਂ ਕਸ਼ਮੀਰੀਆਂ ਦੇ ਹੱਕਾਂ ਨੂੰ ਦਬਾਇਆ ਜਾ ਰਿਹਾ ਹੈ।ਡੇਰਾ ਬਾਬਾ ਨਾਨਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ,‘‘ਗੁਰੂ ਨਾਨਕ ਦੇਵ ਦੀ ਬਾਣੀ ਕੇਵਲ ਭਾਰਤ ਦੀ ਧਰੋਹਰ ਨਹੀਂ ਸਗੋਂ ਪੂਰੀ ਮਾਨਵਤਾ ਲਈ ਪ੍ਰੇਰਣਾ ਸਰੋਤ ਹੈ। ਕੌਰੀਡੋਰ ਅਤੇ ਚੈੱਕਪੋਸਟ ਦੋਹਰੀਆਂ ਖੁਸ਼ੀਆਂ ਲੈ ਕੇ ਆਇਆ ਹੈ ਅਤੇ ਕਰਤਾਰਪੁਰ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਸਾਨ ਹੋ ਜਾਣਗੇ।’’ ਕਰਤਾਰਪੁਰ ਦੀ ਧਰਤੀ ਨੂੰ ਬਾਬਾ ਨਾਨਕ ਦੀ ਕਰਮੀ ਭੂਮੀ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਸੀਨੇ ਅਤੇ ਹਵਾ ਵਿਚ ਬਾਣੀ ਦੀ ਮਹਿਕ ਘੁਲੀ ਹੋਈ ਹੈ। ‘ਇਸ ਧਰਤੀ ਤੋਂ ਬਾਬੇ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ ਦੀ ਰੀਤ ਸ਼ੁਰੂ ਕੀਤੀ ਸੀ। ਉਨ੍ਹਾਂ ਦੀ ਬਾਣੀ ਸਾਡੇ ਜੀਵਨ ਦਾ ਮਾਰਗ ਦਰਸ਼ਨ ਹੈ। ਬਾਬਾ ਨਾਨਕ ਦੇ ਸਾਥੀ ਭਾਈ ਮਰਦਾਨਾ ਅਤੇ ਲਾਲੋ ਸਨ, ਜਿਨ੍ਹਾਂ ਦੇ ਸਾਥ ਤੋਂ ਸਪੱਸ਼ਟ ਹੈ ਕਿ ਉਹ ਅਮੀਰ ਤੇ ਗਰੀਬ ਵਿਚਾਲੇ ਵਿਤਕਰਾ ਜਾਂ ਫਰਕ ਨਹੀਂ ਕਰਦੇ ਸਨ।’ ਪ੍ਰਧਾਨ ਮੰਤਰੀ ਨੇ ਕਿਹਾ ਕਿ ਬਾਬਾ ਨਾਨਕ ਨੇ 500 ਸਾਲ ਪਹਿਲਾਂ ਪੌਣ, ਪਾਣੀ ਅਤੇ ਧਰਤੀ ਬਾਰੇ ਆਪਣੀ ਚਿੰਤਾ ਜ਼ਾਹਿਰ ਕਰ ਦਿੱਤੀ ਸੀ ਜਦੋਂ ਕਿ ਉਸ ਵੇਲੇ ਪਾਣੀ ਆਦਿ ਦੀ ਕੋਈ ਘਾਟ ਨਹੀਂ ਸੀ ਪਰ ਅੱਜ ਵਾਤਾਵਰਣ ਨੂੰ ਗੰਭੀਰ ਖਤਰਾ ਖੜ੍ਹਾ ਹੋ ਗਿਆ ਹੈ। ਇਸ ਸੰਦਰਭ ਵਿਚ ਬਾਬਾ ਨਾਨਕ ਦੀ ਬਾਣੀ ਓਨੀ ਹੀ ਤਰਕਸੰਗਤ ਹੈ, ਜਿੰਨੀ 550 ਸਾਲ ਪਹਿਲਾਂ ਸੀ। ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿੱਖ ਹੁਣ ਜੰਮੂ ਕਸ਼ਮੀਰ ਵਿਚ ਜ਼ਮੀਨ ਖ਼ਰੀਦ ਸਕਦੇ ਹਨ ਅਤੇ ਇਸ ਦੇ ਨਾਲ ਉਨ੍ਹਾਂ ਨੂੰ ਹੋਰ ਵੀ ਸਾਰੇ ਅਧਿਕਾਰ ਮਿਲ ਗਏ ਹਨ। ਸ਼੍ਰੋਮਣੀ ਕਮੇਟੀ ਵਲੋਂ ਦਿੱਤੇ ਗਏ ‘ਕੌਮੀ ਸੇਵਾ ਐਵਾਰਡ’ ਨੂੰ ਉਨ੍ਹਾਂ ਪੀਰਾਂ ਪੈਗੰਬਰਾਂ ਦੇ ਗੌਰਵ, ਪਿਆਰ ਅਤੇ ਤਪੱਸਿਆ ਦਾ ਪ੍ਰਸਾਦ ਆਖਿਆ, ਜਿਸ ਨੂੰ ਉਨ੍ਹਾਂ ਗੁਰੂ ਚਰਨਾਂ ਵਿਚ ਸਮਰਪਿਤ ਕੀਤਾ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ 550ਵੇਂ ਪ੍ਰਕਾਸ਼ ਪੁਰਬ ਨੂੰ ਬੜੇ ਸ਼ਰਧਾ ਭਾਵ ਨਾਲ ਮਨਾ ਰਹੀ ਹੈ ਅਤੇ ਇਸ ਮੌਕੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਸਮੁੱਚੇ ਵਿਸ਼ਵ ਵਿਚ ਪ੍ਰਚਾਰਨ ਦਾ ਯਤਨ ਕੀਤਾ ਜਾ ਰਿਹਾ ਹੈ। ਯੂਨੈਸਕੋ ਦੀ ਮਦਦ ਨਾਲ ਗੁਰੂ ਸਾਹਿਬ ਦੀ ਬਾਣੀ ਦਾ ਵੱਖ ਵੱਖ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾ ਰਿਹਾ ਹੈ। ਬਰਤਾਨੀਆ ਵਿਚ ਇਕ ਯੂਨੀਵਰਸਿਟੀ ਵਿਚ ਗੁਰੂ ਸਾਹਿਬ ਦੇ ਨਾਂ ਦੀ ਚੇਅਰ ਸਥਾਪਤ ਕੀਤੀ ਗਈ ਹੈ ਅਤੇ ਕੈਨੇਡਾ ਵਿਚ ਵੀ ਇਸੇ ਤਰ੍ਹਾਂ ਕੀਤਾ ਜਾ ਰਿਹਾ ਹੈ। ਬਾਅਦ ਦੁਪਹਿਰ ਜਦੋਂ ਜਥਾ ਕੁਝ ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਗੁਰਦੁਆਰਾ ਕਰਤਾਰਪੁਰ ਸਾਹਿਬ ਪੁੱਜਾ ਤਾਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਨੇ ਉਨ੍ਹਾਂ ਨੂੰ ‘ਜੀ ਆਇਆਂ’ ਆਖਿਆ। ਗੁਰੂ ਨਾਨਕ ਦੇਵ ਜੀ ਦੇ ਫਲਸਫੇ ਦੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਅਮਨ ਦਾ ਪੈਗਾਮ ਦਿੱਤਾ ਸੀ। ਉਸੇ ਤਹਿਤ ਹੀ ਅੱਜ ਪਾਕਿਸਤਾਨ ਵਿਚ ਸਮੁੱਚੇ ਸਿੱਖ ਭਾਈਚਾਰੇ ਨੂੰ ਖੁਸ਼ਆਮਦੀਦ ਆਖਿਆ ਗਿਆ ਹੈ। ਉਨ੍ਹਾਂ ਆਖਿਆ ਕਿ ਗੁਰਦੁਆਰਾ ਕਰਤਾਰਪੁਰ ਲਾਂਘੇ ਰਾਹੀਂ ਭਾਰਤ ਸਮੇਤ ਬਰਤਾਨੀਆ, ਕੈਨੇਡਾ, ਅਮਰੀਕਾ, ਨਿਊਜ਼ੀਲੈਂਡ ਤੇ ਹੋਰ ਮੁਲਕਾਂ ਵਿਚ ਬੈਠੇ ਸਮੂਹ ਸਿੱਖਾਂ ਲਈ ਪਾਕਿਸਤਾਨ ਦਾ ਰਸਤਾ ਖੋਲ੍ਹ ਦਿੱਤਾ ਗਿਆ ਹੈ। ਕਸ਼ਮੀਰ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਵਲੋਂ ਦਿੱਤਾ ਅਮਨ ਦਾ ਪੈਗਾਮ ਕਸ਼ਮੀਰ ਵਿਚ ਵੀ ਪੁੱਜਣਾ ਚਾਹੀਦਾ ਹੈ। ਕਰਤਾਰਪੁਰ ਲਾਂਘੇ ਨੂੰ ਉਨ੍ਹਾਂ ਮੁਹੱਬਤ ਦੀ ਰਾਹਦਾਰੀ ਕਰਾਰ ਦਿੰਦਿਆਂ ਉਮੀਦ ਪ੍ਰਗਟਾਈ ਕਿ ਇਸ ਨਾਲ ਆਪਸੀ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮੁਹੱਬਤ ਦੇ ਰਾਹ ਤੇ ਚਲਿਆ ਜਾਂਦਾ ਤਾਂ ਇਹ 7 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਲਈ 72 ਸਾਲ ਦਾ ਸਮਾਂ ਨਾ ਲਗਦਾ।

Previous articleATK hand Jamshedpur first defeat of the season
Next articleਮੋਦੀ ਨੇ 562 ਸ਼ਰਧਾਲੂਆਂ ਦੇ ਪਲੇਠੇ ਜਥੇ ਨੂੰ ਕਰਤਾਰਪੁਰ ਰਵਾਨਾ ਕੀਤਾ