ਕਰਤਾਰਪੁਰ ਲਾਂਘੇ ਲਈ ਕਿਸਾਨ ਨੇ 16 ਏਕੜ ਜ਼ਮੀਨ ਦਿੱਤੀ

ਪੰਜਾਬ ਸਰਕਾਰ ਵੱਲੋਂ ਜ਼ਮੀਨ ਲੈਂਡ ਪੋਰਟ ਅਥਾਰਿਟੀ ਹਵਾਲੇ;

ਹੋਰ ਕਿਸਾਨਾਂ ਨੂੰ ਵੀ ਪਹਿਲ ਕਰਨ ਦੀ ਅਪੀਲ

ਭਾਰਤ-ਪਾਕਿ ਸਰਹੱਦ ’ਤੇ ਕਿਸਾਨ ਲੱਖਾ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਸਾਢੇ 16 ਏਕੜ ਜ਼ਮੀਨ ਬਿਨਾਂ ਸ਼ਰਤ ਦੇਣ ਦੇ ਨਾਲ ਹੀ ਆਈਸੀਪੀ (ਇੰਟੇਗ੍ਰੇਟਿਡ ਚੈੱਕ ਪੋਸਟ) ਦਾ ਕੰਮ ਸ਼ੁਰੂ ਹੋ ਗਿਆ ਹੈ। ਇਸ ਮੌਕੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਹਾਜ਼ਰ ਸਨ। ਉਨ੍ਹਾਂ ਕਿਸਾਨ ਵੱਲੋਂ ਕੀਤੀ ਪਹਿਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੋਰਨਾਂ ਕਿਸਾਨਾਂ ਨੂੰ ਵੀ ਅਜਿਹਾ ਉੱਦਮ ਕਰਨਾ ਚਾਹੀਦਾ ਹੈ। ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਰਕਾਰ ਜ਼ਮੀਨ ਦਾ ਬਣਦਾ ਹੱਕ ਲਾਜ਼ਮੀ ਅਦਾ ਕਰੇਗੀ। ਪਿੰਡ ਪੱਖੋਕੇ ਟਾਹਲੀ ਸਾਹਿਬ (ਨੇੜੇ ਡੇਰਾ ਬਾਬਾ ਨਾਨਕ) ਦੇ ਕਿਸਾਨ ਲੱਖਾ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਬਿਨਾਂ ਕਿਸੇ ਲਾਲਚ ਤੋਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਦੀ ਸੰਗਤ ਦੀ ਆਸ ਨੂੰ ਬੂਰ ਪਏਗਾ ਤੇ ਇਸ ਨਾਲ ਉਨ੍ਹਾਂ ਨੂੰ ਖੁਸ਼ੀ ਹੈ। ਕਿਸਾਨ ਦੇ ਪੁੱਤਰ ਗੁਰਬਖ਼ਸ਼ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 15 ਏਕੜ ਜ਼ਮੀਨ ਵੀ ਇਸ ਬਣ ਰਹੇ ਲਾਂਘੇ ਦੇ ਦਾਇਰੇ ’ਚ ਆਉਂਦੀ ਹੈ। ਪੰਜਾਬ ਸਰਕਾਰ ਤੇ ਲੈਂਡ ਪੋਰਟ ਅਥਾਰਿਟੀ ਨੇ ਇਸ ਜ਼ਮੀਨ ’ਤੇ ਆਈਸੀਪੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਕੈਬਨਿਟ ਮੰਤਰੀ ਰੰਧਾਵਾ ਨੇ ਅਪੀਲ ਕੀਤੀ ਕਿ ਹੋਰ ਕਿਸਾਨ, ਜਿਹੜੇ ਲੰਘੇ ਕਈ ਮਹੀਨਿਆਂ ਤੋਂ ਸ਼ਰਤਾਂ ਤਹਿਤ ਜ਼ਮੀਨ ਦੇਣ ਬਾਰੇ ਕਹਿ ਰਹੇ ਹਨ, ਉਹ ਵੀ ਦਰਿਆਦਿਲੀ ਦਿਖਾਉਣ। ਮੰਤਰੀ ਨੇ ਕਿਹਾ ਕਿ ਬਣਦਾ ਹੱਕ ਅਦਾ ਕੀਤਾ ਜਾਵੇਗਾ। ਐੱਸਡੀਐਮ ਗੁਰਸਿਮਰਨ ਸਿੰਘ ਢਿੱਲੋਂ ਨੇ ਆਈਸੀਪੀ ਦਾ ਕੰਮ ਸ਼ੁਰੂ ਹੋਣ ਦੀ ਪੁਸ਼ਟੀ ਕੀਤੀ ਹੈ।

Previous articleਰਾਜੌਰੀ ਵਿੱਚ ਪੰਜਾਬ ਦਾ ਜਵਾਨ ਸ਼ਹੀਦ
Next articleਪਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅੱਗ ਲੱਗਣ ਨਾਲ ਤਿੰਨ ਬੱਚੇ ਸੜੇ