ਕਰਤਾਰਪੁਰ ਲਾਂਘੇ ਦਾ ਕੰਮ 15 ਅਕਤੂਬਰ ਤੱਕ ਮੁਕੰਮਲ ਕਰ ਲਿਆ ਜਾਵੇਗਾ: ਸਿੰਗਲਾ

ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਹੈ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 15 ਅਕਤੂਬਰ ਤਕ ਮੁਕੰਮਲ ਕਰ ਲਿਆ ਜਾਵੇਗਾ ਅਤੇ ਲਾਂਘੇ ਦੇ ਕੰਮ ਵਿਚ ਕਿਸੇ ਤਰ੍ਹਾਂ ਦੀ ਕੋਈ ਰੁਕਾਵਟ ਨਹੀਂ ਹੈ। ਸ੍ਰੀ ਸਿੰਗਲਾ ਇੱਥੇ ਪਾਰਟੀ ਆਗੂ ਪਰਮਿੰਦਰ ਸ਼ਰਮਾ ਦੇ ਗ੍ਰਹਿ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਲੋਕ ਨਿਰਮਾਣ ਤੇ ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਕਿਹਾ ਕਿ ਭਾਰਤ ਵਾਲੇ ਪਾਸੇ ਤੋਂ ਜੋ ਫਲਾਈਓਵਰ ਬਣਾਇਆ ਜਾ ਰਿਹਾ ਹੈ, ਉਸ ਨੂੰ ਪਾਕਿਸਤਾਨ ਵਾਲੇ ਪਾਸੇ ਬਣਨ ਵਾਲੇ ਫਲਾਈਓਵਰ ਨਾਲ ਜੋੜਨਾ ਹੈ ਪਰ ਪਾਕਿਸਤਾਨ ਵਾਲੇ ਪਾਸੇ ਕੁਝ ਤਕਨੀਕੀ ਕਾਰਨਾਂ ਕਰਕੇ ਫਲਾਈਓਵਰ ਦਾ ਕੰਮ ਨਹੀਂ ਹੋ ਰਿਹਾ। ਪਾਕਿਸਤਾਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਲਾਈਓਵਰ ਦੀ ਥਾਂ ਕਾਜ਼ਵੇਅ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲਾਂਘੇ ਦੇ ਕਾਰਜ ਲਈ ਦੋਵਾਂ ਸਰਕਾਰਾਂ ਵੱਲੋਂ ਅਧਿਕਾਰੀਆਂ ਦੀ ਸਾਂਝੀ ਟੀਮ ਬਣਾਈ ਹੋਈ ਹੈ। ਭਾਰਤੀ ਅਧਿਕਾਰੀਆਂ ਵੱਲੋਂ ਪਾਕਿ ਅਧਿਕਾਰੀਆਂ ਦੀ ਟੀਮ ਕੋਲ ਇਹ ਮਾਮਲਾ ਜ਼ੋਰ-ਸ਼ੋਰ ਨਾਲ ਉਠਾਇਆ ਜਾਵੇਗਾ ਕਿ ਪਾਕਿ ਵਾਲੇ ਪਾਸੇ ਵੀ ਫਲਾਈਓਵਰ ਹੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਪਾਕਿ ਵੱਲੋਂ ਕਾਜ਼ਵੇਅ ਬਣਾਏ ਜਾਣ ’ਤੇ ਜੇ ਉੱਧਰੋਂ ਪਾਣੀ ਆਉਂਦਾ ਹੈ ਤਾਂ ਭਾਰਤ ਵਾਲੇ ਪਾਸੇ ਉਸਦਾ ਵਧੇਰੇ ਨੁਕਸਾਨ ਹੋਵੇਗਾ। ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਵਾਲੇ ਪਾਸੇ ਕਰਤਾਰਪੁਰ ਲਾਂਘੇ ਦਾ ਕੰਮ 30 ਸਤੰਬਰ ਤੋਂ ਲੈ ਕੇ 15 ਅਕਤੂਬਰ ਤਕ ਮੁਕੰਮਲ ਕਰ ਲਿਆ ਜਾਵੇਗਾ। ਸ੍ਰੀ ਸਿੰਗਲਾ ਨੇ ਦਿੱਲੀ ਤੋਂ ਲੁਧਿਆਣਾ ਵਾਇਆ ਸੰਗਰੂਰ ਚੱਲ ਰਹੀ ਸ਼ਤਾਬਦੀ ਐਕਸਪ੍ਰੈੱਸ ਨੂੰ ਕੇਂਦਰ ਸਰਕਾਰ ਵੱਲੋਂ ਬੰਦ ਕਰਨ ਦੇ ਫ਼ੈਸਲੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਸ਼ਤਾਬਦੀ ਐਕਸਪ੍ਰੈੱਸ ਉਨ੍ਹਾਂ ਵਲੋਂ ਬੜੀ ਮਿਹਨਤ ਕਰਕੇ ਸ਼ੁਰੂ ਕਰਵਾਈ ਸੀ। ਸ੍ਰੀ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਪੱਤਰ ਵੀ ਲਿਖਿਆ ਹੈ ਕਿ ਸ਼ਤਾਬਦੀ ਨੂੰ ਬੰਦ ਕਰਨ ਦਾ ਫ਼ੈਸਲਾ ਵਾਪਸ ਲਿਆ ਜਾਵੇ।

Previous articleਰਵਿਦਾਸ ਮੰਦਰ ਮਾਮਲਾ; ਦਲਿਤ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰੇ
Next articleਕਸ਼ਮੀਰ ਮਸਲੇ ’ਤੇ ਇਕਜੁੱਟ ਹੋਣ ਸਿਆਸੀ ਪਾਰਟੀਆਂ: ਕੁਰੈਸ਼ੀ