ਕਰਤਾਰਪੁਰ ਲਾਂਘਾ ਖੋਲ੍ਹਣ ਲਈ ਪਾਕਿ ਤਿਆਰ: ਕੁਰੈਸ਼ੀ

* ‘ਭਾਰਤ ਨਾਲ ਤਣਾਅ ਦਾ ਅਸਰ ਅਫ਼ਗਾਨਿਸਤਾਨ ਨਾਲ ਸਬੰਧਾਂ ’ਤੇ ਨਹੀਂ ਪਵੇਗਾ’

ਪਾਕਿਸਤਾਨ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਭਾਰਤ ਨਾਲ ਤਣਾਅ ਦੇ ਬਾਵਜੂਦ ਉਹ ਕਰਤਾਰਪੁਰ ਲਾਂਘਾ ਖੋਲ੍ਹਣ ਲਈ ਤਿਆਰ ਹਨ ਅਤੇ ਗੁਰੂ ਨਾਨਕ ਦੇਵ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਲਈ ਇਥੇ ਆਉਣ ਵਾਲੀ ਸੰਗਤ ਦਾ ਨਿੱਘਾ ਸਵਾਗਤ ਕੀਤਾ ਜਾਵੇਗਾ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਗੱਲ ਅਫ਼ਗਾਨਿਸਤਾਨ ਦੇ ਸੰਸਦ ਮੈਂਬਰਾਂ ਅਤੇ ਉਥੇ ਸਮਾਜਿਕ ਆਗੂਆਂ ਨਾਲ ਗੱਲਬਾਤ ਕਰਦਿਆਂ ਆਖੀ। ਉਨ੍ਹਾਂ ਵਫ਼ਦ ਨੂੰ ਇਹ ਵੀ ਕਿਹਾ ਕਿ ਭਾਰਤ ਨਾਲ ਮੌਜੂਦਾ ਤਣਾਅ ਦਾ ਅਸਰ ਪਾਕਿਸਤਾਨ ਦੇ ਅਫ਼ਗਾਨਿਸਤਾਨ ਨਾਲ ਸਬੰਧਾਂ ’ਤੇ ਨਹੀਂ ਪਵੇਗਾ। ਕੁਰੈਸ਼ੀ ਨੇ ਕਿਹਾ,‘ ‘ਅਫ਼ਗਾਨਿਸਤਾਨ ਨਾਲ ਸਰਹੱਦ ਅਤੇ ਕਾਰੋਬਾਰ ਬੰਦ ਨਹੀਂ ਕੀਤਾ ਜਾਵੇਗਾ। ਨਰਿੰਦਰ ਮੋਦੀ ਦੇ ਵਤੀਰੇ ਕਾਰਨ ਅਫ਼ਗਾਨੀਆਂ ਨੂੰ ਪ੍ਰੇਸ਼ਾਨੀਆਂ ਕਿਉਂ ਝਲਣੀਆਂ ਪੈਣ।’’ ਉਨ੍ਹਾਂ ਕਿਹਾ ਕਿ ਪਾਕਿਸਤਾਨ ਦਾ ਧਿਆਨ ਅਫ਼ਗਾਨਿਸਤਾਨ ਦੇ ਹਾਲਾਤ ਅਤੇ ਉਥੇ ਨਿਭਾਈ ਜਾ ਰਹੀ ਭੂਮਿਕਾ ’ਤੇ ਕੇਂਦਰਤ ਹੈ। ‘ਕਸ਼ਮੀਰ ਦੇ ਹਾਲਾਤ ਧਿਆਨ ਵੰਡਾਉਣ ਵਾਲੇ ਹਨ ਪਰ ਅਸੀਂ ਜਾਣਦੇ ਹਾਂ ਕਿ ਅਫ਼ਗਾਨਿਸਤਾਨ ’ਚ ਕੀ ਕਰਨਾ ਹੈ।’ ਕੁਰੈਸ਼ੀ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਨਾਲ ਚੰਗੇ ਗੁਆਂਢੀ ਵਾਲੇ ਸ਼ਾਂਤਮਈ ਰਿਸ਼ਤੇ ਚਾਹੁੰਦੇ ਹਨ। ਅਫ਼ਗਾਨਿਸਤਾਨ ’ਚ ਆਉਂਦੀਆਂ ਚੋਣਾਂ ’ਚ ਪਾਕਿਸਤਾਨ ਦਾ ਕੋਈ ਵੀ ਆਗੂ ਚਹੇਤਾ ਨਹੀਂ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਅਫ਼ਗਾਨਿਸਤਾਨ ਦੀ ਸਿਆਸਤ ’ਚ ਕੋਈ ਦਖ਼ਲ ਨਹੀਂ ਦੇਵੇਗਾ।

Previous articleਵਾਦੀ ’ਚ ਜੁੰਮੇ ਦੀ ਨਮਾਜ਼ ਮਗਰੋਂ ਪ੍ਰਦਰਸ਼ਨ
Next articleਅਤਿਵਾਦੀਆਂ ਬਾਰੇ ਖੁਫ਼ੀਆ ਸੂਚਨਾ ਮਗਰੋਂ ਕੇਰਲ ਤੇ ਤਾਮਿਲਨਾਡੂ ’ਚ ਅਲਰਟ