ਕਰਤਾਰਪੁਰ ਲਾਂਘਾ ਖੋਲ੍ਹਣ ਲਈ ਸਮਝੌਤਾ ਸਹੀਬੰਦ

550ਵੇਂ ਪ੍ਰਕਾਸ਼ ਪੁਰਬ ਮੌਕੇ ਭਾਰਤ-ਪਾਕਿ ਸਾਂਝ

ਭਾਰਤ ਤੇ ਪਾਕਿ ਅਧਿਕਾਰੀਆਂ ਨੇ ਨਿਰਧਾਰਿਤ ਨੇਮਾਂ ਤੇ ਸ਼ਰਤਾਂ ’ਤੇ ਸਹੀ ਪਾਈ, ਪਾਕਿ ਨੇ 20 ਡਾਲਰ ਸੇਵਾ ਫੀਸ ਵਸੂਲਣ ਦੀ ਅੜੀ ਰੱਖੀ ਬਰਕਰਾਰ

ਭਾਰਤ ਅਤੇ ਪਾਕਿਸਤਾਨ ਦੇ ਉੱਚ ਅਧਿਕਾਰੀਆਂ ਨੇ ਕਸ਼ਮੀਰ ਮੁੱਦੇ ’ਤੇ ਦੋਵਾਂ ਮੁਲਕਾਂ ਵਿੱਚ ਜਾਰੀ ਤਲਖੀ ਨੂੰ ਲਾਂਭੇ ਰੱਖਦਿਆਂ ਅੱਜ ਇਥੇ ਕਰਤਾਰਪੁਰ ਲਾਂਘੇ ਲਈ ਅਹਿਮ ਮੰਨੇ ਜਾਂਦੇ ਸਮਝੌਤੇ ’ਤੇ ਸਹੀ ਪਾ ਕੇ ਨਵਾਂ ਇਤਿਹਾਸ ਸਿਰਜ ਦਿੱਤਾ। ਸਮਝੌਤੇ ਤਹਿਤ ਭਾਰਤੀ ਸਿੱਖ ਸ਼ਰਧਾਲੂ ਬਿਨਾਂ ਵੀਜ਼ੇ ਤੋਂ ਲਾਂਘੇ ਰਾਹੀਂ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਤੋਂ ਮਹਿਜ਼ ਚਾਰ ਕਿਲੋਮੀਟਰ ਦੀ ਦੂਰੀ ’ਤੇ ਕਰਤਾਰਪੁਰ ਸਥਿਤ ਦਰਬਾਰ ਸਾਹਿਬ ਦੇ ਖੁੱਲ੍ਹੇ ਦਰਸ਼ਨ ਦੀਦਾਰ ਕਰ ਸਕਣਗੇ। ਦੋਵਾਂ ਮੁਲਕਾਂ ਦੇ ਅਧਿਕਾਰੀਆਂ ਨੇ ਕੌਮਾਂਤਰੀ ਸਰਹੱਦ ਦੀ ਜ਼ੀਰੋ ਲਾਈਨ ’ਤੇ ਇਕ ਸਧਾਰਨ ਜਿਹੀ ਰਸਮ ਮੌਕੇ ਸਮਝੌਤਾ ਸਹੀਬੰਦ ਕੀਤਾ। ਭਾਰਤ ਵੱਲੋਂ ਕੇਂਦਰੀ ਗ੍ਰਹਿ ਮੰਤਰਾਲੇ ਵਿੱਚ ਜੁਆਇੰਟ ਸਕੱਤਰ ਐੱਸ.ਸੀ.ਐੱਲ.ਦਾਸ ਜਦੋਂਕਿ ਪਾਕਿਸਤਾਨ ਵੱਲੋਂ ਵਿਦੇਸ਼ ਦਫ਼ਤਰ ਦੇ ਤਰਜਮਾਨ ਮੁਹੰਮਦ ਫ਼ੈਸਲ ਨੇ ਕਰਾਰ ’ਤੇ ਸਹੀ ਪਾਈ। ਉਂਜ, ਪਾਕਿਸਤਾਨ ਨੇ ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਅਮਰੀਕੀ ਡਾਲਰ ਵਸੂਲਣ ਦੀ ਆਪਣੀ ਅੜੀ ਬਰਕਰਾਰ ਰੱਖੀ। ਸਮਝੌਤੇ ਤਹਿਤ ਹਰ ਸ਼ਰਧਾਲੂ ਨੂੰ ਹੁਣ ਇਹ ਫੀਸ ਤਾਰਨੀ ਹੋਵੇਗੀ। ਸਮਝੌਤਾ ਤਿੰਨ ਗੇੜਾਂ ਦੀ ਗੱਲਬਾਤ ਮਗਰੋਂ ਸਿਰੇ ਚੜ੍ਹਿਆ ਹੈ। ਭਾਰਤੀ ਸ਼ਰਧਾਲੂ 10 ਨਵੰਬਰ ਤੋਂ ਗੁਰਦਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ।
ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਨੇ ਦੱਸਿਆ ਕਿ ਯਾਤਰਾ ਦੇ ਮੁੱਢਲੇ ਦਿਨਾਂ ਦੌਰਾਨ ਸ਼ਰਧਾਲੂ ਅਸਥਾਈ ਪੁਲ/ਆਮ ਰਸਤੇ ਰਾਹੀਂ ਪਹਿਲਾਂ ਪਾਕਿਸਤਾਨ ਦੀ ਇੰਟੇਗ੍ਰੇਟਿਡ ਚੈੱਕ ਪੋਸਟ (ਆਈਸੀਪੀ) ਤੱਕ ਪਹੁੰਚ ਕਰਨਗੇ। ਸਥਾਈ ਪੁਲ ਬਣਨ ਮਗਰੋਂ ਸ਼ਰਧਾਲੂ ਉਸ ਉੁਪਰੋਂ ਦੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾ ਸਕਣਗੇ। ਇਸ ਮੌਕੇ ਲੈਂਡ ਪੋਰਟ ਅਥਾਰਟੀ ਦੇ ਚੇਅਰਮੈਨ ਗੋਬਿੰਦ ਮੋਹਨ, ਨੈਸ਼ਨਲ ਹਾਈਵੇਅ ਅਥਾਰਿਟੀ ਆਫ ਇੰਡੀਆ ਦੇ ਉੱਚ ਅਧਿਕਾਰੀ, ਪੰਜਾਬ ਸਰਕਾਰ ਦੇ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ ਇਸ ਇਤਿਹਾਸਿਕ ਪਲ ਦੇ ਗਵਾਹ ਬਣੇ। ਕਾਬਿਲੇਗੌਰ ਹੈ ਕਿ ਭਾਰਤ ਨੇ ਜ਼ੀਰੋ ਲਾਈਨ ਤੱਕ ਸਥਾਈ ਪੁਲ ਬਣਾ ਦਿੱਤਾ ਹੈ, ਜਦੋਂਕਿ ਪਾਕਿਸਤਾਨੀ ਅਧਿਕਾਰੀਆਂ ਮੁਤਾਬਕ ਆਉਂਦੇ ਦੋ-ਤਿੰਨ ਮਹੀਨਿਆਂ ਅੰਦਰ ਉਨ੍ਹਾਂ ਵਾਲੇ ਪਾਸੇ ਪੁਲ ਉਸਾਰ ਲਿਆ ਜਾਵੇਗਾ। ਉਂਜ, ਲੰਘੇ ਹਫਤੇ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਭਾਰਤੀ ਪਾਸੇ ਪੁਲ ਦੇ ਕੰਮ ਨੂੰ ਉਸ ਸਮੇਂ ਤੱਕ ਰੋਕਣ ਦੇ ਆਦੇਸ਼ ਦਿੱਤੇ ਸਨ, ਜਦੋਂ ਤੱਕ ਪਾਕਿਸਤਾਨ ਸਰਕਾਰ ਆਪਣੇ ਪਾਸੇ ਕੰਮ ਸ਼ੁਰੂ ਨਹੀਂ ਕਰਦੀ।
ਇਸ ਦੌਰਾਨ ਪੀਟੀਆਈ ਦੀ ਇਕ ਰਿਪੋਰਟ ਮੁਤਾਬਕ ਜਨਾਬ ਫ਼ੈਸਲ ਨੇ ਸਮਝੌਤਾ ਸਹੀਬੰਦ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲਾਂਘੇ ਨੂੰ ਇਕ ਸਾਲ ਦੇ ਸਮੇਂ ’ਚ ਪੂਰਾ ਕਰਕੇ ਆਪਣਾ ਵਾਅਦਾ ਪੂਰਾ ਕੀਤਾ ਹੈ। ਉਨ੍ਹਾਂ ਕਿਹਾ, ‘ਕਰਤਾਰਪੁਰ ਲਾਂਘੇ ਬਾਰੇ ਕਰਾਰ ਨੂੰ ਸਿਰੇ ਚਾੜ੍ਹਨਾ ਕੋਈ ਸੌਖਾ ਕਾਰਜ ਨਹੀਂ ਸੀ। ਇਹ ਕੰਮ ਖਾਸਾ ਮੁਸ਼ਕਲ ਸੀ, ਭਾਰਤ ਨਾਲ ਸਾਡੇ ਤਲਖ਼ ਰਿਸ਼ਤਿਆਂ ਕਰਕੇ ਕਰਾਰ ਸਬੰਧੀ ਸ਼ਰਤਾਂ ਤੈਅ ਕਰਨੀਆਂ ਔਖਾ ਕਾਰਜ ਸੀ।’ ਫੈਸਲ ਨੇ ਕਿਹਾ ਕਿ ਪਾਕਿਸਤਾਨ ਨੇ ਲਾਂਘੇ ਬਾਰੇ ਗੱਲਬਾਤ ਦੀ ਸ਼ੁਰੂਆਤ ਮੌਕੇ ਜਿਹੜੇ ਨੁਕਤਿਆਂ ਦੀ ਤਜਵੀਜ਼ ਰੱਖੀ ਸੀ, ਉਨ੍ਹਾਂ ’ਤੇ ਉਹ ਕਾਇਮ ਰਿਹਾ। ਸ਼ਰਧਾਲੂਆਂ ਤੋਂ ਸੇਵਾ ਫੀਸ ਵਜੋਂ 20 ਡਾਲਰ ਵਸੂਲੇ ਜਾਣ ਦੀ ਗੱਲ ਕਰਦਿਆਂ ਫੈਸਲ ਨੇ ਕਿਹਾ, ‘ਸਮਝੌਤੇ ਤਹਿਤ ਪਾਕਿਸਤਾਨ ਹਰੇਕ ਭਾਰਤੀ ਸਿੱਖ ਸ਼ਰਧਾਲੂ ਤੋਂ 20 ਡਾਲਰ ਦੀ ਨਾਂਮਾਤਰ ਫੀਸ ਵਸੂਲੇਗਾ।’ ਉਨ੍ਹਾਂ ਕਿਹਾ ਕਿ ਕਰਤਾਰਪੁਰ ਸਥਿਤ ਗੁਰਦੁਆਰਾ, ਵਿਸ਼ਵ ਦਾ ਸਭ ਤੋਂ ਵੱਡਾ ਗੁਰਦੁਆਰਾ ਹੈ ਤੇ ਵੱਡੇ ਖਰਚ ਦੇ ਮੁਕਾਬਲੇ ਇਹ ਫੀਸ ਨਾਂਮਾਤਰ ਜਿਹੀ ਹੈ। ਉਂਜ ਜਨਾਬ ਫੈਸਲ ਨੇ ਸਾਫ਼ ਕਰ ਦਿੱਤਾ ਕਿ ਲਾਂਘੇ ਰਾਹੀਂ ਦਰਸ਼ਨਾਂ ਲਈ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਦੇ ਹੋਰਨਾਂ ਗੁਰਦੁਆਰਿਆਂ ’ਚ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਗੁਰਦੁਆਰੇ ਦੇ ਦਰਸ਼ਨਾਂ ਲਈ ਰੋਜ਼ਾਨਾ ਹਜ਼ਾਰਾਂ ਲੋਕਾਂ ਦੇ ਆਉਣ ਮੌਕੇ ਕਿਸੇ ਦਹਿਸ਼ਤੀ ਘਟਨਾ ਦੇ ਵਾਪਰਨ ਦੇ ਖ਼ਦਸ਼ਿਆਂ ਬਾਰੇ ਪੁੱਛੇ ਜਾਣ ’ਤੇ ਤਰਜਮਾਨ ਨੇ ਕਿਹਾ ਕਿ ਇਸ ਲਈ ਗੁਰਦੁਆਰੇ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣਗੇ। ਪਾਕਿਸਤਾਨ ਦੇ ਵਜ਼ੀਰੇ ਆਜ਼ਮ ਇਮਰਾਨ ਖ਼ਾਨ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ ਜਦੋਂਕਿ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ।

Previous articleIndia, Pak sign Kartarpur pact, service fee dispute remains
Next articleਪੰਜਾਬ ਜ਼ਿਮਨੀ ਚੋਣਾਂ: ਕਾਂਗਰਸ ਨੇ ਤਿੰਨ ਅਤੇ ਅਕਾਲੀ ਦਲ ਨੇ ਇੱਕ ਸੀਟ ਜਿੱਤੀ