ਕਮਿਸ਼ਨਰ ਦੀ ਤੇਜ਼ ਰਫ਼ਤਾਰ ਗੱਡੀ ਦੀ ਲਪੇਟ ’ਚ ਆ ਕੇ ਇਕ ਹਲਾਕ

ਦੂਜਾ ਵਿਅਕਤੀ ਗੰਭੀਰ ਜ਼ਖ਼ਮੀ; ਭੜਕੇ ਲੋਕਾਂ ਨੇ ਲਗਾਇਆ ਜਾਮ

ਬਠਿੰਡਾ-ਜ਼ੀਰਕਪੁਰ ਕੌਮੀ ਸ਼ਾਹਰਾਹ ’ਤੇ ਪਿੰਡ ਲਹਿਰਾ ਬੇਗਾ ਕੋਲ ਫਰੀਦਕੋਟ ਡਿਵੀਜ਼ਨ ਕਮਿਸ਼ਨਰ ਹਰਜੀਤ ਸਿੰਘ ਦੀ ਤੇਜ ਰਫ਼ਤਾਰ ਗੱਡੀ ਵੱਲੋਂ ਟੱਕਰ ਮਾਰੇ ਜਾਣ ਕਾਰਨ ਇੱਕ ਵਿਅਕਤੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ ਉਮੇਸ਼ ਕੁਮਾਰ ਵਾਸੀ ਬਠਿੰਡਾ ਅਤੇ ਜ਼ਖ਼ਮੀ ਦੀ ਸੁਰਜੀਤ ਸਿੰਘ ਵਾਸੀ ਲਹਿਰਾ ਬੇਗਾ ਵਜੋਂ ਹੋਈ ਹੈ। ਉਮੇਸ਼ ਕੁਮਾਰ ਗੁਰੂ ਰਾਮ ਦਾਸ ਇੰਸਟੀਚਿਊਟ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵਿੱਚ ਮਾਲੀ ਅਤੇ ਸੁਰਜੀਤ ਸਿੰਘ ਸਕਿਉਰਿਟੀ ਗਾਰਡ ਵਜੋਂ ਕੰਮ ਕਰਦਾ ਸੀ। ਹਾਦਸੇ ਤੋਂ ਭੜਕੇ ਲੋਕਾਂ ਨੇ ਸੜਕ ’ਤੇ ਲਾਸ਼ ਰੱਖ ਕੇ ਜਾਮ ਲਗਾ ਦਿੱਤਾ ਅਤੇ ਪੁਲੀਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਹ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾਉਣ ਅਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰ ਰਹੇ ਸਨ। ਕਾਲਜ ਦੇ ਐਮਡੀ ਪ੍ਰੋ. ਹਰਭਜਨ ਸਿੰਘ ਨੇ ਵੀ ਇਨਸਾਫ਼ ਦੀ ਮੰਗ ਕੀਤੀ ਹੈ। ਜ਼ਿਲ੍ਹਾ ਪੁਲੀਸ ਮੁਖੀ ਨਾਨਕ ਸਿੰਘ, ਐਸਡੀਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਨਾਇਬ ਤਹਿਸੀਲਦਾਰ ਸੁਰਿੰਦਰ ਸਿੰਘ ਨੇ ਪੀੜਤ ਪਰਿਵਾਰ ਅਤੇ ਪ੍ਰਦਰਸ਼ਨਕਾਰੀਆਂ ਨਾਲ ਗੱਲਬਾਤ ਕਰਕੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਦਾ ਭਰੋਸਾ ਦਿੱਤਾ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅੜੇ ਹੋਏ ਸਨ। ਇਸ ਦੌਰਾਨ ਪੀਡੀਏ ਦੇ ਬਠਿੰਡਾ ਤੋਂ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਵੀ ਮੌਕੇ ’ਤੇ ਪਹੁੰਚ ਗਏ ਸਨ। ਦੇਰ ਰਾਤ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਪਰਿਵਾਰ ਉਸ ਦੀ ਲਾਸ਼ ਲਿਜਾਣ ਲਏ ਸਹਿਮਤ ਹੋ ਗਿਆ। ਪੁਲੀਸ ਨੇ ਧਰਨਾਕਾਰੀਆਂ ਨੂੰ ਹਲਕਾ ਲਾਠੀਚਾਰਜ ਕਰਕੇ ਖਿੰਡਾਅ ਦਿੱਤਾ ਅਤੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ।

ਪ੍ਰਤੱਖਦਰਸ਼ੀ ਅਨੁਸਾਰ ਕਮਿਸ਼ਨਰ ਦੀ ਇਨੋਵਾ ਗੱਡੀ (ਪੀਬੀ04ਐਫ਼-0003) ਕਾਫ਼ੀ ਤੇਜ਼ ਰਫ਼ਤਾਰ ਨਾਲ ਰਾਮਪੁਰਾ ਤੋਂ ਬਠਿੰਡਾ ਵੱਲ ਜਾ ਰਹੀ ਸੀ। ਇਸ ਦੌਰਾਨ ਕਾਰ ਨੇ ਸੜਕ ਤੋਂ ਕਰੀਬ 20 ਫੁੱਟ ਦੂਰ ਕਾਲਜ ਅੱਗੇ ਖੜ੍ਹੇ ਦੋ ਵਿਅਕਤੀਆਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਬੇਕਾਬੂ ਗੱਡੀ ਇੱਕ ਟਿੱਬੇ ’ਤੇ ਚੜ੍ਹਨ ਮਗਰੋਂ ਪਲਟ ਕੇ ਡਿੱਗ ਪਈ। ਇਸ ਵਿੱਚ ਸਵਾਰ ਕਮਿਸ਼ਨਰ ਹਰਜੀਤ ਸਿੰਘ ਵੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਉਨ੍ਹਾਂ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਹਾਦਸੇ ’ਚ ਸੁਰਜੀਤ ਸਿੰਘ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ ਹਨ ਅਤੇ ਉਸ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਵਿਰਲਾਪ ਕਰਦੀ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਸ ਦੇ ਚਾਰ ਬੇਟੀਆਂ ਹਨ ਅਤੇ ਬੇਟਾ ਛੋਟਾ ਹੈ। ਘਰ ਵਿੱਚ ਹੋਰ ਕੋਈ ਕੰਮ ਕਰਨ ਵਾਲਾ ਨਹੀਂ ਹੈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਜੋਰਾ ਸਿੰਘ ਨਸਰਾਲੀ ਨੇ ਮੁਲਜ਼ਮ ਪੁਲੀਸ ਮੁਲਾਜ਼ਮ ਦਾ ਡਾਕਟਰੀ ਮੁਆਇਨਾ ਕਰਵਾਉਣ, ਪੀੜਤ ਪਰਿਵਾਰ ਨੂੰ 10 ਲੱਖ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਅਤੇ ਜ਼ਖ਼ਮੀ ਦਾ ਮੁਫ਼ਤ ਇਲਾਜ ਕਰਨ ਦੀ ਮੰਗ ਕੀਤੀ।

Previous articleਏਅਰ ਇੰਡੀਆ: ਸਰਵਰ ਡਾਊਨ, ਮੁਸਾਫ਼ਰ ਖੁਆਰ
Next articleਕਾਂਗਰਸ ਦਾ ਮੰਤਰ ‘ਜਾਤ-ਪਾਤ ਜਪਣਾ, ਜਨਤਾ ਦਾ ਮਾਲ ਆਪਣਾ’: ਮੋਦੀ