ਕਪੂਰ ਹਵੇਲੀ ਅਜਾਇਬਘਰ ’ਚ ਹੋਵੇਗੀ ਤਬਦੀਲ

ਪਾਕਿਸਤਾਨ ਸਰਕਾਰ ਨੇ ਬੌਲੀਵੁੱਡ ਅਦਾਕਾਰ ਰਿਸ਼ੀ ਕਪੂਰ ਦੇ ਪਿਸ਼ਾਵਰ ਦੇ ਕਿੱਸਾ ਖਵਾਨੀ ਬਾਜ਼ਾਰ ਸਥਿਤ ਪੁਸ਼ਤੈਨੀ ਘਰ ਨੂੰ ਅਜਾਇਬਘਰ ’ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ। ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਸਰਕਾਰ ਨੇ ਇਹ ਫ਼ੈਸਲਾ ਅਦਾਕਾਰ ਦੀ ਗੁਜ਼ਾਰਿਸ਼ ’ਤੇ ਲਿਆ ਹੈ ਤੇ ਜਲਦੀ ਹੀ ਇਸ ਪੁਸ਼ਤੈਨੀ ਘਰ ਨੂੰ ਅਜਾਇਬਘਰ ’ਚ ਤਬਦੀਲ ਕਰ ਦਿੱਤਾ ਜਾਵੇਗਾ।
ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਨਾਬ ਕੁਰੈਸ਼ੀ ਨੇ ਕਿਹਾ, ‘ਰਿਸ਼ੀ ਕਪੂਰ ਨੇ ਫੋਨ ਕਰਕੇ ਪਿਸ਼ਾਵਰ ਸਥਿਤ ਆਪਣੇ ਪਰਿਵਾਰਕ ਘਰ ਨੂੰ ਅਜਾਇਬਘਰ ਜਾਂ ਕਿਸੇ ਤਰ੍ਹਾਂ ਦੀ ਸੰਸਥਾ ਵਿੱਚ ਤਬਦੀਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਅਸੀਂ ਉਨ੍ਹਾਂ ਦੀ ਇਹ ਅਪੀਲ ਸਵੀਕਾਰ ਕਰ ਲਈ ਹੈ।’ ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ਹਿਰਯਾਰ ਖ਼ਾਨ ਅਫ਼ਰੀਦੀ ਨੇ ਕਿਹਾ ਕਿ ਸ੍ਰੀ ਕਪੂਰ ਨੇ ਉਨ੍ਹਾਂ ਨੂੰ ਫੋਨ ਕਰਕੇ ਪਿਸ਼ਾਵਰ ਸਥਿਤ ਆਪਣੇ ਜੱਦੀ ਘਰ ਦੀ ਸਾਂਭ ਸੰਭਾਲ ਕਰਨ ਲਈ ਕਿਹਾ ਸੀ ਤੇ ‘ਅਸੀਂ ਉਨ੍ਹਾਂ ਦੀ ਇਸ ਗੁਜ਼ਾਰਿਸ਼ ਪ੍ਰਤੀ ਹਾਂ-ਪੱਖੀ ਹੁੰਗਾਰਾ ਦਿੱਤਾ ਹੈ।’ ਕਿੱਸਾ ਖ਼ਵਾਨੀ ਬਾਜ਼ਾਰ ਸਥਿਤ ਕਪੂਰ ਹਵੇਲੀ ਬੌਲੀਵੁੱਡ ਅਦਾਕਾਰ ਪ੍ਰਿਥਵੀਰਾਜ ਕਪੂਰ ਦੇ ਪਿਤਾ ਬਸ਼ੇਸ਼ਵਰਨਾਥ ਕਪੂਰ ਨੇ ਬਣਵਾਈ ਸੀ।

Previous articleਚੀਫ਼ ਖ਼ਾਲਸਾ ਦੀਵਾਨ ਚੋਣਾਂ: ਪਤਿਤ ਵੋਟਰਾਂ ਵਿਰੁੱਧ ਅਕਾਲ ਤਖ਼ਤ ’ਤੇ ਪੁੱਜਿਆ ਚੋਣ ਅਧਿਕਾਰੀ
Next articleਡਰਾਈਵਰ ਤੋਂ ਇਨੋਵਾ ਗੱਡੀ ਖੋਹ ਕੇ ਲੁਟੇਰੇ ਫ਼ਰਾਰ