ਕਜ਼ਾਖ਼ਸਤਾਨ ’ਚ ਹਵਾਈ ਜਹਾਜ਼ ਡਿੱਗਿਆ, 12 ਮੌਤਾਂ

ਕਜ਼ਾਖ਼ਸਤਾਨ ਦੇ ਅਲਮਾਟੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਨ ਭਰਨ ਦੇ ਤੁਰੰਤ ਬਾਅਦ ਇਕ ਹਵਾਈ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਵਿਚ ਘੱਟੋ-ਘੱਟ 12 ਜਣੇ ਮਾਰੇ ਗਏ ਹਨ ਜਦਕਿ ਕਰੀਬ 66 ਜਣੇ ਫੱਟੜ ਹੋ ਗਏ ਹਨ। ਇਨ੍ਹਾਂ ਵਿਚੋਂ 50 ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਅਲਮਾਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਜਹਾਜ਼ ਵਿਚ 98 ਲੋਕ ਸਵਾਰ ਸਨ। ਕਿਫ਼ਾਇਤੀ ਏਅਰਲਾਈਨ ‘ਬੇਕ ਏਅਰ’ ਦਾ ਜਹਾਜ਼ ਇਕ ਖ਼ਸਤਾ ਹਾਲ ਦੋ ਮੰਜ਼ਿਲਾ ਇਮਾਰਤ ਨਾਲ ਟਕਰਾ ਗਿਆ। ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 7.22 ’ਤੇ ਜਹਾਜ਼ ਨੇ ਆਪਣਾ ਸੰਤੁਲਨ ਗੁਆ ਦਿੱਤਾ। ਅਲਮਾਟੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਚਾਅ ਹੋ ਗਿਆ। ਹਾਦਸੇ ਤੋਂ ਤੁਰੰਤ ਬਾਅਦ ਬਚਾਅ ਤੇ ਰਾਹਤ ਕਾਰਜ ਆਰੰਭੇ ਗਏ। ਜਹਾਜ਼ ਨੂਰ ਸੁਲਤਾਨ ਜਾ ਰਿਹਾ ਸੀ। ਬਰਫ਼ ਨਾਲ ਢਕੀ ਹਾਦਸੇ ਵਾਲੀ ਥਾਂ ’ਤੇ ਕਰੀਬ ਹਜ਼ਾਰ ਬਚਾਅ ਕਾਮੇ ਰਾਹਤ ਪਹੁੰਚਾਉਣ ਲਈ ਜੁਟੇ ਹੋਏ ਹਨ। ਅਲਮਾਟੀ ਵਿਚ ਮੌਸਮ ਫ਼ਿਲਹਾਲ ਸਾਫ਼ ਹੈ ਤੇ ਤਾਪਮਾਨ ਮਨਫ਼ੀ ਤੋਂ ਕੁਝ ਹੀ ਹੇਠਾਂ ਹੈ। ਇਕ ਫੁਟੇਜ ਵਿਚ ਨਜ਼ਰ ਆ ਰਿਹਾ ਹੈ ਕਿ ਜਹਾਜ਼ ਦਾ ਮੁੱਖ ਹਿੱਸਾ (ਧੜ) ਟੁੱਟ ਕੇ ਇਕ ਮਕਾਨ ਨਾਲ ਟਕਰਾਇਆ ਹੋਇਆ ਹੈ ਜਦਕਿ ਪਿਛਲਾ ਹਿੱਸਾ ਹਵਾਈ ਅੱਡੇ ਕੋਲ ਇਕ ਖੇਤ ਵਿਚ ਡਿਗਿਆ ਹੋਇਆ ਹੈ। ਜਹਾਜ਼ ਦਰਮਿਆਨੇ ਸਾਈਜ਼ ਦਾ ਦੋ ਟਰਬੋਫੈਨ ਵਾਲਾ ਜੈੱਟ ਏਅਰਲਾਈਨਰ ਫੋਕਰ-100 ਸੀ। ਜਹਾਜ਼ ਦਾ ਨਿਰਮਾਣ ਕਰਨ ਵਾਲੀ ਕੰਪਨੀ ਦੀਵਾਲੀਆ ਹੋ ਚੁੱਕੀ ਹੈ ਤੇ ਇਹ ਜਹਾਜ਼ ਬਣਨੇ ਵੀ ਬੰਦ ਹੋ ਗਏ ਹਨ। ਮੁਲਕ ਦੀ ਸਰਕਾਰ ਨੇ ਜਾਂਚ ਪੂਰੀ ਹੋਣ ਤੱਕ ਇਨ੍ਹਾਂ ਜਹਾਜ਼ਾਂ ਦੀ ਉਡਾਨ ’ਤੇ ਰੋਕ ਲਾ ਦਿੱਤੀ ਹੈ। ਸਰਕਾਰ ਨੇ ਪੀੜਤਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਤੇ ਜਾਂਚ ਲਈ ਕਮੇਟੀ ਬਣਾਈ ਗਈ ਹੈ।

Previous articleਕਾਰ ਦਰੱਖ਼ਤ ਨਾਲ ਟਕਰਾਈ; ਨੌਜਵਾਨ ਹਲਾਕ, ਸਾਥੀ ਜ਼ਖ਼ਮੀ
Next articleਭਾਜਪਾ ਸਰਕਾਰ ਲੋਕਾਂ ਖਿਲਾਫ਼ ਵਰਤ ਰਹੀ ਹੈ ਸੀਏਏ, ਐੱਨਆਰਸੀ ਤੇ ਐੱਨਪੀਆਰ ਦਾ ਤ੍ਰਿਸ਼ੂਲ: ਕਰਾਤ