ਓਲੰਪਿਕ ਹਾਕੀ ਦਾ ਫਾਈਨਲ ਖੇਡ ਸਕਦਾ ਹੈ ਭਾਰਤ: ਮਨਪ੍ਰੀਤ

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਜੇ ਭਾਰਤੀ ਟੀਮ ਅਨੁਸ਼ਾਸਨ ’ਚ ਰਹਿ ਕੇ ਚੰਗਾ ਪ੍ਰਦਰਸ਼ਨ ਕਰਦੀ ਹੈ ਤਾਂ ਟੋਕੀਓ ਓਲੰਪਿਕ ਦੇ ਫਾਈਨਲ ਤੱਕ ਪਹੁੰਚ ਸਕਦੀ ਹੈ। ਭਾਰਤੀ ਟੀਮ ਵਿਸ਼ਵ ਕੱਪ 2018 ਵਿੱਚ ਕੁਆਰਟਰ ਫਾਈਨਲ ’ਚੋਂ ਬਾਹਰ ਹੋ ਗਈ ਸੀ। ਭਾਰਤੀ ਟੀਮ ਨੇ ਉਸ ਮਗਰੋਂ ਤੋਂ ਆਸਟਰੇਲਿਆਈ ਕੋਚ ਗਰਾਹਮ ਰੀਡ ਦੇ ਮਾਰਗਦਰਸ਼ਨ ਵਿੱਚ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਮਨਪ੍ਰੀਤ ਨੇ ਕਿਹਾ ਕਿ ਬੀਤੇ ਸਾਲ ਟੀਮ ਲਈ ਚੰਗਾ ਰਿਹਾ। ਹਾਲਾਂਕਿ ਸਿਖਰਲੇ ਪੱਧਰ ’ਤੇ ਵੱਧ ਖੇਡਣ ਦਾ ਮੌਕਾ ਨਹੀਂ ਮਿਲਿਆ।
ਉਸ ਨੇ ਕਿਹਾ, ‘‘2019 ਚੰਗਾ ਰਿਹਾ। ਅਸੀਂ ਸ਼ੁਰੂ ਵਿੱਚ ਪੰਜਵੇਂ ਸਥਾਨ ’ਤੇ ਸੀ ਅਤੇ ਉਸ ਨੂੰ ਬਰਕਰਾਰ ਰੱਖਣ ਵਿੱਚ ਕਾਮਯਾਬ ਰਹੇ। ਸਾਡਾ ਟੀਚਾ ਓਲੰਪਿਕ ਲਈ ਕੁਆਲੀਫਾਈ ਕਰਨਾ ਸੀ ਅਤੇ ਨਵੇਂ ਕੋਚ ਨਾਲ ਅਸੀਂ ਅਜਿਹਾ ਕਰ ਸਕੇ।’’ ਮਨਪ੍ਰੀਤ ਨੇ ਕਿਹਾ, ‘‘ਉਸ ਦੇ ਲਈ ਅਸੀਂ ਪੂਰੇ ਸਾਲ ਚੰਗਾ ਪ੍ਰਦਰਸ਼ਨ ਕੀਤਾ।’’ ਬੀਤੇ ਸਾਲ ਐੱਫਆਈਐੱਚ ਦੇ ਸਾਲ ਦੇ ਸਰਵੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਮਨਪ੍ਰੀਤ ਨੇ ਕਿਹਾ ਕਿ ਨੀਦਰਲੈਂਡ, ਬੈਲਜੀਅਮ ਅਤੇ ਆਸਟਰੇਲੀਆ ਵਰਗੀਆਂ ਚੋਟੀ ਦੀਆਂ ਟੀਮਾਂ ਖ਼ਿਲਾਫ਼ ਅਗਲੀ ਪ੍ਰੋ ਲੀਗ ਵਿੱਚ ਖੇਡਣ ਨਾਲ ਟੀਮ ਦੇ ਪੱਧਰ ਦਾ ਪਤਾ ਚੱਲੇਗਾ।
ਪ੍ਰੋ ਲੀਗ ਦੇ ਪਹਿਲੇ ਸੈਸ਼ਨ ਤੋਂ ਨਾਮ ਵਾਪਸੀ ਲੈਣ ਵਾਲੀ ਭਾਰਤੀ ਟੀਮ 18 ਅਤੇ 19 ਜਨਵਰੀ ਨੂੰ ਨੀਦਰਲੈਂਡ ਖ਼ਿਲਾਫ਼ ਖੇਡੇਗੀ। ਇਸ ਮਗਰੋਂ ਉਸ ਨੇ ਅੱਠ ਅਤੇ ਨੌਂ ਫਰਵਰੀ ਨੂੰ ਬੈਲਜੀਅਮ ਅਤੇ 22 ਤੇ 23 ਫਰਵਰੀ ਨੂੰ ਆਸਟਰੇਲੀਆ ਖ਼ਿਲਾਫ਼ ਖੇਡਣਾ ਹੈ। ਮਨਪ੍ਰੀਤ ਨੇ ਕਿਹਾ, ‘‘ਪ੍ਰੋ ਲੀਗ ਓਲੰਪਿਕ ਦੀ ਤਿਆਰੀ ਦੀ ਦਿਸ਼ਾ ਵਿੱਚ ਪਹਿਲਾ ਕਦਮ ਹੈ। ਇਸ ਵਿੱਚ ਸਾਨੂੰ ਦੁਨੀਆਂ ਦੀਆਂ ਸਿਖਰਲੀਆਂ ਟੀਮਾਂ ਖ਼ਿਲਾਫ਼ ਖ਼ੁਦ ਨੂੰ ਮੇਲਣ ਦਾ ਮੌਕਾ ਮਿਲੇਗਾ।’’

Previous articleTaiwan president defends new law against Chinese ‘interference’
Next articleਧੋਖਾਧੜੀ ਦਾ ਮਾਮਲਾ: ਅੰਡਰ-19 ਵਿਸ਼ਵ ਕੱਪ ਦੇ ਹੀਰੋ ਕਾਲੜਾ ’ਤੇ ਸਾਲ ਦੀ ਪਾਬੰਦੀ