ਓਲੰਪਿਕ ਤੋਂ ਪਹਿਲਾਂ ਹਾਕੀ ’ਤੇ ਹੋਰ ਕੰਮ ਕਰਨ ਦੀ ਲੋੜ: ਹਰਮਨਪ੍ਰੀਤ

ਭਾਰਤੀ ਪੁਰਸ਼ ਹਾਕੀ ਟੀਮ ਦੇ ਉਪ ਕਪਤਾਨ ਹਰਮਨਪ੍ਰੀਤ ਸਿੰਘ ਨੇ ਅੱਜ ਕਿਹਾ ਕਿ ਇਸ ਸਾਲ ਟੋਕੀਓ ਵਿੱਚ ਹੋਣ ਵਾਲੀ ਓਲੰਪਿਕ ਨੂੰ ਵੇਖਦਿਆਂ ਟੀਮ ਨੂੰ ਲਗਾਤਾਰ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ। ਓਲੰਪਿਕ ਸ਼ੁਰੂ ਹੋਣ ਵਿੱਚ 150 ਤੋਂ ਵੀ ਘੱਟ ਦਿਨ ਬਚੇ ਹਨ। ਹਰਮਨਪ੍ਰੀਤ ਨੇ ਕਿਹਾ ਕਿ ਟੀਮ ਨੂੰ ਕੁੱਝ ਵਿਭਾਗਾਂ ਵਿੱਚ ਹੋਰ ਮਿਹਨਤ ਕਰਨੀ ਹੋਵੇਗੀ।
ਹਰਮਨਪ੍ਰੀਤ ਨੇ ਕਿਹਾ, ‘‘ਸਾਨੂੰ ਪਿਛਲੇ ਮੈਚਾਂ ਦੇ ਕੁਆਰਟਰ ’ਚ ਹੌਲੀ ਖੇਡਣ ਅਤੇ ਲੈਅ ਬਰਕਰਾਰ ਨਾ ਰੱਖਣ ਦਾ ਖ਼ਮਿਆਜ਼ਾ ਭੁਗਤਣਾ ਪਿਆ ਹੈ। ਓਲੰਪਿਕ ਵਿੱਚ ਜਾਣ ਤੋਂ ਪਹਿਲਾਂ ਇਹ ਸਾਡੇ ਲਈ ਫ਼ਿਕਰਮੰਦੀ ਵਾਲੀ ਗੱਲ ਹੈ।’’
ਇਸ ਡਰੈਗ ਫਲਿੱਕਰ ਨੇ ਕਿਹਾ, ‘‘ਕੋਚ (ਗਰਾਹਮ ਰੀਡ) ਦਾ ਮੰਨਣਾ ਹੈ ਕਿ ਸਾਨੂੰ ਸਰਕਲ ’ਚ ਸੰਨ੍ਹ ਲਾਉਣ, ਸਰਕਲ ਦੇ ਬਾਹਰ ਵਿਰੋਧੀ ਖਿਡਾਰੀਆਂ ਨਾਲ ਨਜਿੱਠਣ ਅਤੇ ਜ਼ਿਆਦਾ ਪੈਨਲਟੀ ਕਾਰਨਰ ਨਾ ਦੇਣ ’ਤੇ ਕੰਮ ਕਰਨਾ ਹੋਵੇਗਾ। ਇੱਕ ਲੰਮੇ ਕੈਂਪ ਰਾਹੀਂ ਇਨ੍ਹਾਂ ਸਾਰੀਆਂ ਚੀਜ਼ਾਂ ਵਿੱਚ ਸੁਧਾਰ ਕਰਨ ਦਾ ਮੌਕਾ ਮਿਲੇਗਾ।’’
ਭਾਰਤ ਨੇ ਐੱਫਆਈਐੱਚ ਪ੍ਰੋ ਲੀਗ ਚੈਂਪੀਅਨਸ਼ਿਪ ਵਿੱਚ ਨੀਦਰਲੈਂਡ ਖ਼ਿਲਾਫ਼ 5-1, ਅਤੇ 3-3 (3-1) ਦੀ ਜਿੱਤ ਨਾਲ ਸ਼ਾਨਦਾਰ ਆਗਾਜ਼ ਕੀਤਾ। ਟੀਮ ਨੇ ਇਸ ਮਗਰੋਂ ਵਿਸ਼ਵ ਚੈਂਪੀਅਨ ਬੈਲਜੀਅਮ ਨੂੰ 2-1 ਨਾਲ ਹਰਾਇਆ, ਪਰ ਦੂਜੇ ਮੁਕਾਬਲੇ ਵਿੱਚ ਉਸ ਨੂੰ 2-3 ਨਾਲ ਹਾਰ ਝੱਲਣੀ ਪਈ। ਐੱਫਆਈਐੱਚ ਪ੍ਰੋ ਲੀਗ ਚੈਂਪੀਅਨ ਆਸਟਰੇਲੀਆ ਖ਼ਿਲਾਫ਼ ਪਹਿਲਾ ਮੈਚ 3-4 ਨਾਲ ਗੁਆਉਣ ਮਗਰੋਂ ਭਾਰਤ ਨੇ ਉਸ ਖ਼ਿਲਾਫ਼ ਦੂਜੇ ਮੁਕਾਬਲੇ ਵਿੱਚ 2-2 (3-1) ਨਾਲ ਸਫਲਤਾ ਹਾਸਲ ਕੀਤੀ।
ਹਰਮਨਪ੍ਰੀਤ ਨੇ ਕਿਹਾ, ‘‘ਇਸ ਵਿੱਚ ਕੋਈ ਸ਼ੱਕ ਨਹੀਂ ਕਿ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਖ਼ਿਲਾਫ਼ ਚੰਗੇ ਨਤੀਜਿਆਂ ਕਾਰਨ ਸਾਡਾ ਹੌਸਲਾ ਵਧਿਆ ਹੈ, ਪਰ ਬਹੁਤ ਸਾਰੇ ਵਿਭਾਗ ਹਨ, ਜੋ ਅਜੇ ਵੀ ਚਿੰਤਾ ਦਾ ਸਬੱਬ ਬਣੇ ਹੋਏ ਹਨ।’’

Previous articleਟੀ-20: ਕੋਹਲੀ ਤੇ ਪੰਤ ਏਸ਼ੀਆ ਇਲੈਵਨ ਟੀਮ ’ਚ
Next articleਟੈਸਟ: ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਪਾਰੀ ਤੇ 106 ਦੌੜਾਂ ਨਾਲ ਹਰਾਇਆ