ਓਲਾ ਕੈਬ ਖੋਹਣ ਦਾ ਮਾਮਲਾ ਪੁਲੀਸ ਨੇ ਸੁਲਝਾਇਆ

ਚਾਕੂ ਦੀ ਨੋਕ ’ਤੇ ਓਲਾ ਕੈਬ ਕਾਰ ਖੋਹਣ ਦੇ ਮਾਮਲੇ ਨੂੰ ਪੁਲੀਸ ਨੇ 36 ਘੰਟਿਆਂ ਦੇ ਅੰਦਰ ਸੁਲਝਾਅ ਕੇ ਚੰਗਾ ਮਾਅਰਕਾ ਮਾਰਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਟਿੱਬਾ ਰੋਡ ਦੇ ਦੋ ਵਿਅਕਤੀਆਂ ਨੂੰ ਖੋਹੀ ਗਈ ਕਾਰ, ਚਾਕੂ ਅਤੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਇਨ੍ਹਾਂ ਦੋਵਾਂ ਤੋਂ ਪੁਲੀਸ ਨੂੰ ਹੋਰ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਏਸੀਪੀ ਕ੍ਰਾਇਮ ਗਗਨ ਅਜੀਤ ਸਿੰਘ ਨੇ ਦੱਸਿਆ ਕਿ 26 ਦਸੰਬਰ ਦੀ ਰਾਤ ਕਰੀਬ 10.30 ਵਜੇ ਦੋ ਅਣਪਛਾਤੇ ਵਿਅਕਤੀਆਂ ਨੇ ਚਾਕੂ ਦਾ ਡਰਾਵਾ ਦੇ ਕੇ ਓਲਾ ਕੈਬ ਕਾਰ ਖੋਹ ਲਈ ਸੀ।
ਇਸ ਸਬੰਧੀ ਥਾਣਾ ਸਰਾਭਾ ਨਗਰ ਦੀ ਚੌਕੀ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਦਰਜ ਸ਼ਿਕਾਇਤ ਦੇ ਆਧਾਰ ’ਤੇ ਕ੍ਰਾਇਮ ਬ੍ਰਾਂਚ -1 ਅਤੇ ਥਾਣਾ ਸਰਾਭਾ ਨਗਰ ਦੀ ਦੀ ਪੁਲੀਸ ਪਾਰਟੀ ਨੇ ਸਾਂਝੀ ਕਾਰਵਾਈ ਕਰਦਿਆਂ 36 ਘੰਟਿਆਂ ਵਿੱਚ ਇਸ ਮਾਮਲੇ ਨੂੰ ਸੁਲਝਾਅ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਸਾਹਿਲ ਭਾਰਦਵਾਜ ਵਾਸੀ ਪੁਨੀਤ ਨਗਰ, ਟਿੱਬਾ ਰੋਡ ਅਤੇ ਸ਼ਾਹਰੁਖ ਸ਼ੈਫੀ ਵਾਸੀ ਗੋਪਾਲ ਨਗਰ, ਟਿੱਬਾ ਰੋਡ ਨੂੰ ਟਿੱਬਾ ਰੋਡ ਟੀ-ਪੁਆਇੰਟ ਤੋਂ ਕਾਬੂ ਕਰ ਲਿਆ ਹੈ। ਇਨਾਂ ਕਥਿਤ ਮੁਲਜ਼ਮਾਂ ਨੇ ਖੋਹ ਕੀਤੀ ਕਾਰ ’ਤੇ ਨਕਲੀ ਨੰਬਰ ਪਲੇਟ ਲਾਈ ਹੋਈ ਸੀ। ਇਨ੍ਹਾਂ ਦੋਵਾਂ ਤੋਂ ਰੇਲਵੇ ਸਟੇਸ਼ਨ ਲੁਧਿਆਣਾ ਤੋਂ ਚੋਰੀ ਕੀਤਾ ਇੱਕ ਮੋਟਰਸਾਈਕਲ ਅਤੇ ਖੋਹ ਸਮੇਂ ਵਰਤਿਆ ਕਮਾਨੀਦਾਰ ਚਾਕੂ ਵੀ ਬਰਾਮਦ ਕਰ ਲਿਆ ਹੈ। ਅਧਿਕਾਰੀ ਅਨੁਸਾਰ ਇਨ੍ਹਾਂ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ।

Previous articleਸਟਰੀਟ ਵੈਂਡਰਜ਼ ਵੱਲੋਂ ਮੋਮਬੱਤੀ ਮਾਰਚ
Next articleਨਸ਼ੇ ਵਿੱਚ ਮਾਪਿਆਂ ਦਾ ਟੀਵੀ ਤੋੜਣ ਵਾਲੇ ਭਾਰਤੀ ਨੂੰ ਕੈਦ