ਐੱਸਏ ਬੋਬੜੇ ਹੋਣਗੇ ਭਾਰਤ ਦੇ ਅਗਲੇ ਚੀਫ ਜਸਟਿਸ

ਜਸਟਿਸ ਸ਼ਰਦ ਅਰਵਿੰਦ ਬੋਬੜੇ ਨੂੰ ਅੱਜ ਦੇਸ਼ ਦਾ 47ਵਾਂ ਚੀਫ ਜਸਟਿਸ ਨਿਯੁਕਤ ਕੀਤਾ ਗਿਆ ਹੈ। ਉਹ 18 ਨਵੰਬਰ ਨੂੰ ਅਹੁਦੇ ਦੀ ਸਹੁੰ ਚੁੱਕਣਗੇ। ਕਾਨੂੰਨ ਮੰਤਰਾਲੇ ਨੇ ਅੱਜ ਜਸਟਿਸ ਬੋਬੜੇ ਨੂੰ ਦੇਸ਼ ਦੇ ਨਵੇਂ ਚੀਫ ਜਸਟਿਸ ਦੇ ਅਹੁਦੇ ’ਤੇ ਨਿਯੁਕਤ ਕਰਨ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਜਸਟਿਸ ਬੋਬੜੇ ਤਕਰੀਬਨ 17 ਮਹੀਨੇ ਇਸ ਅਹੁਦੇ ’ਤੇ ਰਹਿਣਗੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਦੇਸ਼ ਦੇ ਨਵੇਂ ਚੀਫ ਜਸਟਿਸ ਦੇ ਅਹੁਦੇ ’ਤੇ ਜਸਟਿਸ ਬੋਬੜੇ ਦੀ ਨਿਯੁਕਤੀ ਦੇ ਵਾਰੰਟ ’ਤੇ ਦਸਤਖਤ ਕੀਤੇ। ਜਸਟਿਸ ਬੋਬੜੇ ਦੀ ਨਿਯੁਕਤੀ ਚੀਫ ਜਸਟਿਸ ਰੰਜਨ ਗੋਗੋਈ ਦੀ ਥਾਂ ’ਤੇ ਕੀਤੀ ਗਈ ਹੈ ਜੋ 17 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਹਨ। ਜਸਟਿਸ ਬੋਬੜੇ 23 ਅਪਰੈਲ 2021 ਤੱਕ ਦੇਸ਼ ਦੇ ਚੀਫ ਜਸਟਿਸ ਬਣੇ ਰਹਿਣਗੇ। ਚੀਫ ਜਸਟਿਸ ਰੰਜਨ ਗੋਗੋਈ ਨੇ ਰਵਾਇਤ ਅਨੁਸਾਰ ਪਿਛਲੇ ਹਫ਼ਤੇ ਹੀ ਆਪਣੇ ਜਾਂਨਸ਼ੀਨ ਵਜੋਂ ਸੁਪਰੀਮ ਕੋਰਟ ਦੇ ਸਭ ਤੋਂ ਸੀਨੀਅਰ ਜੱਜ ਜਸਟਿਸ ਬੋਬੜੇ ਦੀ ਸਿਫਾਰਸ਼ ਇਸ ਅਹੁਦੇ ਲਈ ਕੀਤੀ ਸੀ।
ਜ਼ਿਕਰਯੋਗ ਹੈ ਕਿ ਜਸਟਿਸ ਬੋਬੜੇ ਨੇ 1978 ’ਚ ਮਹਾਰਾਸ਼ਟਰ ਬਾਰ ਕੌਂਸਲ ’ਚ ਰਜਿਸਟਰਡ ਹੋਣ ਤੋਂ ਬਾਅਦ ਬੰਬਈ ਹਾਈ ਕੋਰਟ ਦੇ ਨਾਗਪੁਰ ਬੈਂਚ ’ਚ ਵਕਾਲਤ ਸ਼ੁਰੂ ਕੀਤੀ। 29 ਮਾਰਚ 2000 ਨੂੰ ਬੰਬਈ ਹਾਈ ਕੋਰਟ ’ਚ ਵਧੀਕ ਜੱਜ ਦੇ ਅਹੁਦੇ ’ਤੇ ਨਿਯੁਕਤ ਹੋਏ। ਉਹ 16 ਅਕਤੂਬਰ 2012 ਨੂੰ ਮੱਧ ਪ੍ਰਦੇਸ਼ ਹਾਈ ਕੋਰਟ ਦੇ ਚੀਫ ਜਸਟਿਸ ਬਣੇ ਤੇ 12 ਅਪਰੈਲ 2013 ’ਚ ਤਰੱਕੀ ਦੇ ਕੇ ਉਨ੍ਹਾਂ ਨੂੰ ਸੁਪਰੀਮ ਕੋਰਟ ’ਚ ਜੱਜ ਬਣਾਇਆ ਗਿਆ।

Previous articleਅਨਾਥਾਂ ਤੇ ਅਪਾਹਜਾਂ ਦੀ ਭਲਾਈ ਲਈ ਅੱਗੇ ਆਉਣ ਕੰਪਨੀਆਂ: ਕੋਵਿੰਦ
Next articleਸੇਵਾਮੁਕਤੀ ਤੋਂ ਪਹਿਲਾਂ ਗੋਗੋਈ ਵਲੋਂ ਅਹਿਮ ਫ਼ੈਸਲੇ ਸੁਣਾਏ ਜਾਣ ਦੀ ਸੰਭਾਵਨਾ