ਐਮਰਜੈਂਸੀ ਲਾਉਣ ਦੀ ਕੋਈ ਕਾਹਲੀ ਨਹੀਂ: ਟਰੰਪ

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸੰਸਦ ਮੈਕਸਿਕੋ ਸਰਹੱਦ ’ਤੇ ਕੰਧ ਉਸਾਰਨ ਦੀ ਮੰਗ ਨੂੰ ਪ੍ਰਵਾਨ ਕਰ ਲਏਗੀ ਤੇ 5.7 ਬਿਲੀਅਨ ਡਾਲਰ ਦਾ ਬਜਟ ਵੀ ਪ੍ਰਵਾਨ ਕਰ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਹੱਦੀ ਸੁਰੱਖਿਆ ਮੁੱਦੇ ’ਤੇ ਐਮਰਜੈਂਸੀ ਐਲਾਨਣ ਵਿਚ ਕੋਈ ਕਾਹਲੀ ਨਹੀਂ ਕੀਤੀ ਜਾਵੇਗੀ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਭਾਵੇਂ ਕੌਮੀ ਐਮਰਜੈਂਸੀ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਹੈ, ਪਰ ਉਹ ਚਾਹੁੰਦੇ ਹਨ ਕਿ ਕਾਂਗਰਸ ਸੁਰੱਖਿਆ ਦੀਵਾਰ ਲਈ ਰਾਸ਼ੀ ਪ੍ਰਵਾਨ ਕਰੇ। ਟਰੰਪ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਐਮਰਜੈਂਸੀ ਲਾਉਣਾ ਹੀ ਆਖ਼ਰੀ ਬਦਲ ਹੈ। ਰਾਸ਼ਟਰਪਤੀ ਵੱਲੋਂ ਚੋਟੀ ਦੇ ਡੈਮੋਕਰੈਟਿਕ ਆਗੂਆਂ ਦੀ ਮੀਟਿੰਗ ਵਿਚੋਂ ਉੱਠ ਕੇ ਚਲੇ ਜਾਣ ਮਗਰੋਂ ਕੌਮੀ ਐਮਰਜੈਂਸੀ ਦੀਆਂ ਕਿਆਸਰਾਈਆਂ ਨੇ ਜ਼ੋਰ ਫੜ ਲਿਆ ਸੀ। ਸਪੀਕਰ ਨੈਨਸੀ ਪੈਲੋਸੀ ਤੇ ਸੈਨੇਟਰ ਚੱਕ ਸ਼ਮਰ ਨੇ ਬਜਟ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਡੈਮੋਕਰੈਟ ਤੇ ਰਾਸ਼ਟਰਪਤੀ ਧਿਰ ਵਿਚਾਲੇ ਟਕਰਾਅ ਕਾਰਨ ਅਮਰੀਕਾ ਵਿਚ ‘ਸ਼ੱਟਡਾਊਨ’ ਦੀ ਸਥਿਤੀ ਬਣੀ ਹੋਈ ਹੈ। ਸਰਹੱਦੀ ਸੁਰੱਖਿਆ ’ਤੇ ਕੌਮੀ ਐਮਰਜੈਂਸੀ ਐਲਾਨਣ ਦੀ ਸਥਿਤੀ ਵਿਚ ਟਰੰਪ ਨੂੰ ਕੰਕ੍ਰੀਟ ਜਾਂ ਸਟੀਲ ਬੈਰੀਅਰ ਉਸਾਰਨ ਵਿਚ ਮਦਦ ਮਿਲ ਸਕਦੀ ਹੈ। ‘ਸ਼ੱਟਡਾਊਨ’ ਦੇ ਅੱਜ 22ਵੇਂ ਦਿਨ ਵਿਚ ਦਾਖ਼ਲ ਹੋਣ ਨਾਲ ਇਹ ਅਮਰੀਕੀ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਚੱਲਣ ਵਾਲਾ ‘ਵਿੱਤੀ ਅੜਿੱਕਾ’ ਸਾਬਿਤ ਹੋਇਆ ਹੈ।
ਰਾਸ਼ਟਰਪਤੀ ਕਈ ਸਰਕਾਰੀ ਵਿਭਾਗਾਂ ਲਈ ਪ੍ਰਵਾਨਿਤ ਬਜਟ ਪਾਸ ਨਹੀਂ ਕਰ ਰਹੇ। ਇਸ ਕਾਰਨ ਕਰੀਬ 800,000 ਫੈਡਰਲ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ ਹਨ। ਡੋਨਲਡ ਟਰੰਪ ਨੇ ਕਿਹਾ ਕਿ ਡੈਮੋਕਰੈਟ ਮੈਂਬਰ ਵਾਪਸ ਆਉਣ ਤੇ ਇਸ ਮਹੀਨੇ ਸ਼ੁਰੂ ਹੋ ਰਹੇ 116ਵੇਂ ਸੰਸਦੀ ਸੈਸ਼ਨ ਵਿਚ ਵੋਟ ਕਰਨ। ਅਮਰੀਕੀ ਸੰਸਦ ਦੇ ਹੇਠਲੇ ਸਦਨ ਵਿਚ ਵਿਰੋਧੀ ਧਿਰ ਡੈਮੋਕਰੈਟ ਬਹੁਮਤ ਵਿਚ ਹੈ ਤੇ ਪ੍ਰਵਾਗਨੀ ਰੋਕਣ ਦੀ ਸਮਰੱਥਾ ਰੱਖਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

Previous article‘ਮਜਬੂਰ’ ਨਹੀਂ ‘ਮਜ਼ਬੂਤ’ ਸਰਕਾਰ ਦੇਵਾਂਗੇ: ਮੋਦੀ
Next articleNew Indian IT rules take social media giants to task