ਐਮਰਜੈਂਸੀ ਦਾ ਦਾਗ਼ ਕਦੇ ਨਹੀਂ ਮਿਟੇਗਾ: ਮੋਦੀ

ਐਮਰਜੈਂਸੀ ਲਈ ਕਾਂਗਰਸ ਦੀ ਨੁਕਤਾਚੀਨੀ; ਅੰਬੇਦਕਰ, ਅਟਲ, ਰਾਓ, ਪ੍ਰਣਬ ਤੇ ਮਨਮੋਹਨ ਦੇ ਯੋਗਦਾਨ ਨੂੰ ਅਣਗੌਲਿਆਂ ਕਰਨ ਦਾ ਲਾਇਆ ਦੋਸ਼

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 1975 ਵਿੱਚ ਅੱਜ ਦੇ ਦਿਨ ਦੇਸ਼ ’ਤੇ ਥੋਪੀ ਐਮਰਜੈਂਸੀ ਲਈ ਕਾਂਗਰਸ ਦੀ ਤਿੱਖੀ ਨੁਕਤਾਚੀਨੀ ਕੀਤੀ ਤੇ ਕਿਹਾ ਕਿ ਿੲਹ ਦਾਗ਼ ਕਦੇ ਨਹੀਂ ਮਿਟੇਗਾ। ਉਨ੍ਹਾਂ ਸਵਾਲ ਕੀਤਾ ਕਿ ਐਮਰਜੈਂਸੀ ਥੋਪਣ, ਸੰਵਿਧਾਨ ਦੀ ਰੂਹ ਨੂੰ ਮਧੋਲਣ, ਮੀਡੀਆ ਦਾ ਗਲ ਘੁੱਟਣ ਤੇ ਨਿਆਂ ਪਾਲਿਕਾ ਨੂੰ ਧਮਕਾਉਣ ਵਾਲੇ ਕੌਣ ਸਨ? ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਗਾਂਧੀ ਪਰਿਵਾਰ ਤੋਂ ਛੁੱਟ ਹੋਰ ਕੁਝ ਨਜ਼ਰ ਨਹੀਂ ਆਉਂਦਾ। ਉਨ੍ਹਾਂ ਕਿਹਾ ਕਿ ਕਾਂਗਰਸ ਅਸਮਾਨ ’ਚ ਇੰਨਾ ਉੱਚਾ ਉੱਡਣ ਲੱਗੀ ਹੈ ਕਿ ਦੇਸ਼ਾਂ ਦੀਆਂ ਜੜ੍ਹਾਂ ਨਾਲੋਂ ਟੁੱਟ ਗਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਗਾਂਧੀ-ਨਹਿਰੂ ਪਰਿਵਾਰ ਤੋਂ ਛੁੱਟ ਹੋਰਨਾਂ ਵੱਲੋਂ ਦੇਸ਼ ਦੇ ਵਿਕਾਸ ਵਿੱਚ ਪਾਏ ਯਤਨਾਂ ਨੂੰ ਪਛਾਣ ਨਹੀਂ ਦਿੱਤੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਸਦ ਵਿੱਚ ਦਿੱਤੇ ਭਾਸ਼ਣ ’ਤੇ ਲੋਕ ਸਭਾ ਵਿੱਚ ਹੋਈ ਵਿਚਾਰ ਚਰਚਾ ਨੂੰ ਧੰਨਵਾਦ ਮਤੇ ਤਹਿਤ ਸਮੇਟਦਿਆਂ ਸ੍ਰੀ ਮੋਦੀ ਨੇ ਕਿਹਾ, ‘ਅਸੀਂ ਉੱਚੀਆਂ ਉਡਾਰੀਆਂ ਲਈ ਤੁਹਾਡੇ ਨਾਲ ਮੁਕਾਬਲਾ ਨਹੀਂ ਕਰ ਸਕਦੇ। ਸਾਡਾ ਸੁਫ਼ਨਾ ਜ਼ਮੀਨ (ਜੜ੍ਹਾਂ) ਨਾਲ ਜੁੜੇ ਰਹਿਣ ਦਾ ਹੈ। ਕਾਮਨਾ ਕਰਾਂਗਾ ਕਿ ਤੁਸੀਂ ਹੋਰ ਉਪਰ ਜਾਓ….ਤੁਹਾਡੀ ਉਚਾਈ ਤੁਹਾਨੂੰ ਮੁਬਾਰਕ।’ ਉਨ੍ਹਾਂ ਕਿਹਾ, ‘ਕੁਝ ਲੋਕ ਹਨ, ਜਿਨ੍ਹਾਂ ਨੂੰ ਇਹ ਲਗਦਾ ਹੈ ਕਿ ਕੁਝ ਮੁੱਠੀ ਭਰ ਨਾਵਾਂ ਨੇ ਰਾਸ਼ਟਰ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੈ। ਇਹ ਸਿਰਫ਼ ਉਨ੍ਹਾਂ ਲੋਕਾਂ ਦਾ ਨਾਮ ਹੀ ਸੁਣਨਾ ਚਾਹੁੰਦੇ ਹਨ। ਹੋਰਨਾਂ ਨੂੰ ਇਹ ਅਣਗੌਲਿਆਂ ਕਰ ਛੱਡਦੇ ਹਨ।’ ਉਨ੍ਹਾਂ ਕਿਹਾ, ‘ਪਰ ਅਸੀਂ ਵੱਖਰੇ ਤਰੀਕੇ ਨਾਲ ਸੋਚਦੇ ਹਾਂ। ਸਾਡਾ ਮੰਨਣਾ ਹੈ ਕਿ ਦੇਸ਼ ਦੇ ਹਰੇਕ ਨਾਗਰਿਕ ਨੇ ਭਾਰਤ ਦੇ ਵਿਕਾਸ ਲਈ ਕੰਮ ਕੀਤਾ ਹੈ।’ ਯਾਦ ਰਹੇ ਕਿ ਲੋਕ ਸਭਾ ਵਿੱਚ ਕਾਂਗਰਸ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਗੁਣਗਾਣ ਕਰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ (ਭਾਖੜਾ ਨੰਗਲ ਡੈਮ, ਐਨਟੀਪੀਸੀ ਤੇ ਐਸਬੀਆਈ) ਨੂੰ ਗਿਣਾਇਆ ਸੀ। ਵਿਰੋਧੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਸ੍ਰੀ ਮੋਦੀ ਨੇ ਕਿਹਾ, ‘ਜਿਹੜੇ 2004 ਤੋਂ 2014 ਤਕ ਸੱਤਾ ਵਿੱਚ ਰਹੇ ਕੀ ਉਨ੍ਹਾਂ ਕਦੇ ਗੈਰ-ਗਾਂਧੀ ਆਗੂਆਂ ਬੀ.ਆਰ.ਅੰਬੇਡਕਰ, ਅਟਲਜੀ (ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ), ਨਰਸਿਮ੍ਹਾ ਰਾਓਜੀ, ਮਨਮੋਹਨ ਸਿੰਘ ਜਾਂ ਪ੍ਰਣਬ ਮੁਖਰਜੀ ਦੇ ਚੰਗੇ ਕੰਮਾਂ ਦਾ ਜ਼ਿਕਰ ਕੀਤਾ? ਪ੍ਰਧਾਨ ਮੰਤਰੀ ਨੇ ਕਿਹਾ,‘ਅਕਸਰ ਕੁਝ ਲੋਕ ਵਿਚਾਰ ਚਰਚਾ ਦੌਰਾਨ ਵਾਰ ਵਾਰ ਇਹ ਪੁੱਛਦੇ ਹਨ ਕਿ ‘ਇਹ ਕਿਸ ਨੇ ਕੀਤਾ?’ ਮੈਂ ਉਨ੍ਹਾਂ ਨੂੰ ਪੁੱਛਣਾ ਚਾਹਾਂਗਾ ਕਿ ਅੱਜ 25 ਜੂਨ ਹੈ। ਦੇਸ਼ ਉੱਤੇ ਐਮਰਜੈਂਸੀ ਕਿਸ ਨੇ ਥੋਪੀ ਸੀ। ਸੰਵਿਧਾਨ ਦੀ ਰੂਹ ਨੂੰ ਕਿਸ ਨੇ ਮਧੋਲਿਆ, ਮੀਡੀਆ ਦਾ ਗਲ ਕਿਸ ਨੇ ਘੁੱਟਿਆ ਤੇ ਜੁਡੀਸ਼ਰੀ ਨੂੰ ਕਿਸ ਨੇ ਧਮਕਾਇਆ? ਅਸੀਂ ਉਨ੍ਹਾਂ ਕਾਲੇ ਦਿਨਾਂ ਨੂੰ ਨਹੀਂ ਭੁੱਲ ਸਕਦੇ।’ ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਲੋਕਾਂ ਨਾਲ ਜੁੜਨ ਦੀ ਭਰੋਸੇਯੋਗਤਾ ਗੁਆ ਚੁੱਕੀ ਹੈ। ਉਨ੍ਹਾਂ ਕਿਹਾ, ‘ਤੁਸੀਂ ਹਵਾ ’ਚ ਇੰਨੇ ਕੁ ਉੱਚੇ ਚਲੇ ਗਏ ਕਿ ਹੁਣ ਤੁਹਾਨੂੰ ਜ਼ਮੀਨ ਨਜ਼ਰ ਨਹੀਂ ਆਉਂਦੀ। ਤੁਸੀਂ ਆਪਣੀਆਂ ਜੜ੍ਹਾਂ ਤੋਂ ਵੱਖ ਹੋ ਚੁੱਕੇ ਹੋ। ਤੁਹਾਡੇ ਉਭਾਰ ਨੂੰ ਵੇਖ ਕੇ ਮੈਨੂੰ ਤਸੱਲੀ ਹੁੰਦੀ ਹੈ। ਅਸੀਂ ਅਰਦਾਸ ਕਰਾਂਗੇ ਕਿ ਤੁਸੀਂ ‘ਹੋਰ ਉੱਚੇ, ਹੋਰ ਉੱਚੇ, ਹੋਰ ਉੱਚੇ’ ਜਾਓ।’ ਸ੍ਰੀ ਮੋਦੀ ਨੇ ਵਿਰੋਧੀ ਧਿਰ ਨੂੰ ਸੱਦਾ ਦਿੱਤਾ ਕਿ ਉਹ ਪੱਖਪਾਤੀ ਹਿੱਤਾਂ ਨੂੰ ਪਾਸੇ ਰੱਖ ਕੇ ਮਹਾਤਮਾ ਗਾਂਧੀ ਦੀ 150ਵੀਂ ਜਨਮ ਵਰ੍ਹੇਗੰਢ ਤੇ ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਵੱਡੇ ਉਤਸ਼ਾਹ ਨਾਲ ਮਨਾਉਣ ਵਿੱਚ ਯੋਗਦਾਨ ਪਾਉਣ। ਸ੍ਰੀ ਮੋਦੀ ਨੇ ਸਥਿਰ ਸਰਕਾਰ ਚੁਣਨ ਲਈ ਲੋਕਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ, ‘ਕਈ ਦਹਾਕਿਆਂ ਮਗਰੋਂ ਦੇਸ਼ ਨੇ ਮਜ਼ਬੂਤ ਫ਼ਤਵਾ ਦਿੱਤਾ ਹੈ। ਭਾਰਤ ਦੇ ਲੋਕ ਆਪਣੇ ਬਾਰੇ ਸੋਚਣ ਦੀ ਥਾਂ ਦੇਸ਼ ਦੇ ਭਲੇ ਬਾਰੇ ਵਧੇਰੇ ਸੋਚਦੇ ਹਨ।’ ਉਨ੍ਹਾਂ ਕਿਹਾ, ‘ਮੈਂ ਚੋਣਾਂ ਨੂੰ ਇਸ ਨਜ਼ਰੀਏ ਤੋਂ ਨਹੀਂ ਵੇਖਦਾ ਕਿ ਕੌਣ ਜਿੱਤਿਆ ਜਾਂ ਕੌਣ ਹਾਰਿਆ।

Previous articleUS Secretary of State Mike Pompeo arrives Delhi
Next articleਡੇਰਾ ਮੁਖੀ ਦੀ ਪੈਰੋਲ ਪ੍ਰਸ਼ਾਸਨ ਦੀ ਰਿਪੋਰਟ ’ਤੇ ਨਿਰਭਰ: ਖੱਟਰ