ਐਚ-1ਬੀ ਵੀਜ਼ੇ ਨਹੀਂ ਘਟਾਵੇਗਾ ਅਮਰੀਕਾ

ਐਚ-1ਬੀ ਵੀਜ਼ਾ ਬਾਰੇ ਲਾਈਆਂ ਜਾ ਰਹੀਆਂ ਕਿਆਸਅਰਾਈਆਂ ਦਰਮਿਆਨ ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਉਸ ਦੇ ਡੇਟਾ ਨੂੰ ਸਥਾਨਕ ਪੱਧਰ ’ਤੇ ਰੱਖਣ ਉੱਤੇ ਜ਼ੋਰ ਦੇਣ ਵਾਲੇ ਮੁਲਕਾਂ ਲਈ ਐਚ-1 ਬੀ ਵੀਜ਼ਾ ਦੀ ਗਿਣਤੀ ਸੀਮਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਅਧਿਕਾਰੀ ਨੇ ਕਿਹਾ ਕਿ ਵੀਜ਼ਾ ਪ੍ਰੋਗਰਾਮ ਦੀ ਟਰੰਪ ਸਰਕਾਰ ਦੀ ਸਮੀਖ਼ਿਆ ਡੇਟਾ ਦੇ ਮੁਕਤ ਪ੍ਰਵਾਹ ’ਤੇ ਭਾਰਤ ਦੇ ਨਾਲ ਚੱਲ ਰਹੀ ਗੱਲਬਾਤ ਨਾਲੋਂ ‘ਪੂਰੀ ਤਰ੍ਹਾਂ ਵੱਖ ਹੈ’। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਦਾ ਇਹ ਬਿਆਨ ਉਸ ਵੇਲੇ ਆਇਆ ਹੈ ਜਦ ਇਸ ਗੱਲ ਦੇ ਚਰਚੇ ਹਨ ਕਿ ਅਮਰੀਕਾ ਨੇ ਭਾਰਤ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਮੁਲਕਾਂ ਦੇ ਲਈ ਐਚ-1ਬੀ ਵੀਜ਼ਾ ਦੀ ਗਿਣਤੀ ਨੂੰ 10-15 ਫ਼ੀਸਦ ਤੱਕ ਸੀਮਤ ਕਰਨ ’ਤੇ ਵਿਚਾਰ ਕਰ ਰਿਹਾ ਹੈ ਜਿੱਥੇ ਅੰਕੜਿਆਂ ਨੂੰ ਸਥਾਨਕ ਪੱਧਰ ’ਤੇ ਹੀ ਰੱਖਣ ਦੀ ਯੋਜਨਾ ਹੈ।
ਐਚ-1ਬੀ ਵੀਜ਼ਾ ਇਕ ਗ਼ੈਰ ਪਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਨੂੰ ਖ਼ਾਸਤੌਰ ’ਤੇ ਤਕਨੀਕੀ ਮਾਹਿਰਾਂ ਨੂੰ ਨੌਕਰੀ ਉੱਤੇ ਰੱਖਣ ਦੀ ਇਜਾਜ਼ਤ ਦਿੰਦਾ ਹੈ। ਬੁਲਾਰੇ ਨੇ ਕਿਹਾ ਕਿ ਟਰੰਪ ਸਰਕਾਰ ਦੀ ‘ਅਮਰੀਕੀ ਖ਼ਰੀਦੋ, ਅਮਰੀਕਾ ਦਾ ਹਿੱਤ ਰੱਖੋ’ ਦਾ ਹੁਕਮ ਐਚ-1ਬੀ ਵੀਜ਼ਾ ਸਮੇਤ ਅਮਰੀਕਾ ਦੇ ਕੰਮ ਵਾਲੇ ਵੀਜ਼ਾ ਪ੍ਰੋਗਰਾਮਾਂ ਦੀ ਵਿਸਤਾਰ ਵਿਚ ਸਮੀਖ਼ਿਆ ਦਾ ਸਮਰਥਨ ਕਰਦਾ ਹੈ। ਬੁਲਾਰੇ ਨੇ ਕਿਹਾ ਕਿ ਇਹ ਸਮੀਖ਼ਿਆ ਕਿਸੇ ਦੇਸ਼-ਵਿਦੇਸ਼ ਦੇ ਲਈ ਨਹੀਂ ਹੈ ਤੇ ਭਾਰਤ ਦੇ ਨਾਲ ਅੰਕੜਿਆਂ ਦੇ ਮੁਕਤ ਪ੍ਰਵਾਹ ਬਾਰੇ ਚੱਲ ਰਹੀ ਗੱਲਬਾਤ ਨਾਲੋਂ ਪੂਰੀ ਤਰ੍ਹਾਂ ਵੱਖ ਹੈ। ਭਾਰਤ ਨੇ ਵੀ ਵੀਰਵਾਰ ਨੂੰ ਕਿਹਾ ਸੀ ਕਿ ਵੀਜ਼ਿਆਂ ਦੀ ਗਿਣਤੀ ਘਟਾਉਣ ਬਾਰੇ ਕੋਈ ਸੂਚਨਾ ਨਹੀਂ ਮਿਲੀ ਹੈ।

Previous articleਸ੍ਰੀਲੰਕਾ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ
Next articleਬਠਿੰਡਾ ਤੇ ਬੁਢਲਾਡਾ ਦੀ ਜ਼ਿਮਨੀ ਚੋਣ ਵਿੱਚ ਕਾਂਗਰਸ ਦਾ ਹੱਥ ਉੱਪਰ