ਏ. ਐੱਸ. ਆਈ. ਦਾ ਕਾਰਾ, ਕਰਫਿਊ ਪਾਸ ਨੂੰ ਲੈ ਕੇ ਧਮਕੀਆਂ ਦੇ ਕੇ ਫਰੂਟ ਵਪਾਰੀ ਤੋਂ ਲਈ ਰਿਸ਼ਵਤ

ਹੁਸ਼ਿਆਰਪੁਰ (ਸਮਾਜ ਵੀਕਲੀ)- ਹੁਸ਼ਿਆਰਪੁਰ ‘ਚ ਇਕ ਪੁਲਸ ਦੇ ਏ. ਐੱਸ. ਆਈ. ਵੱਲੋਂ ਕਰਫਿਊ ਪਾਸ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਅਤੇ ਫਰੂਟ ਕੰਪਨੀ ਦੇ ਮਾਲਕ ਕੋਲੋਂ ਰਿਸ਼ਵਤ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਸ. ਆਈ. ਦੀ ਰਿਸ਼ਵਤ ਲੈਂਦਿਆਂ ਸਾਰੀ ਹਰਕਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ। ਫਰੂਟ ਵਿਕਰੇਤਾ ਨੇ ਏ. ਐੱਸ. ਆਈ. ਖਿਲਾਫ ਪੁਲਸ ਨੂੰ ਸ਼ਿਕਾਇਤ ਕੀਤੀ ਹੈ ਅਤੇ ਉਸ ਦੇ ਵਿਰੁੱਧ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਨਹਿਰਾ ਫਰੂਟ ਕੰਪਨੀ ਦੇ ਮਾਲਕ ਨਰੇਸ਼ ਨਹਿਰਾ ਨੇ ਦੱਸਿਆ ਕਿ ਉਨ੍ਹਾਂ ਦੀ ਕੰਪਨੀ ਦਾ ਇਕ ਵਰਕਰ ਚੌਹਾਲ ਤੋਂ ਕੇਲਿਆਂ ਦੀ ਗੱਡੀ ਲੈ ਕੇ ਆ ਰਹੇ ਸਨ ਅਤੇ ਰਸਤੇ ‘ਚ ਨਾਕਾ ਲਗਾ ਕੇ ਬੈਠੇ ਗੁਲਜ਼ਾਰ ਏ. ਐੱਸ. ਆਈ. ਨੇ ਉਨ੍ਹਾਂ ਨੂੰ ਰੋਕਿਆ ਅਤੇ ਉਨ੍ਹਾਂ ਕੋਲੋਂ ਕਰਫਿਊ ਪਾਸ ਦੀ ਮੰਗ ਕੀਤੀ। ਕਰਫਿਊ ਪਾਸ ਦਿਖਾਉਣ ‘ਤੇ ਗੁਲਜ਼ਾਰ ਨੇ ਕਰਫਿਊ ਪਾਸ ਫਾੜ ਦੇਣ ਦੀ ਧਮਕੀ ਦਿੰਦੇ ਕਿਹਾ ਕਿ ਇਸ ਦੀ ਤਰੀਕ ਖਤਮ ਹੋ ਚੁੱਕੀ ਹੈ ਅਤੇ ਉਨ੍ਹਾਂ ਕੋਲੋਂ ਕੰਪਨੀ ਦਾ ਵਿਜ਼ੀਟਿੰਗ ਕਾਰਡ ਲੈ ਲਿਆ ਅਤੇ ਬਾਅਦ ‘ਚ ਨਾਕੇ ਤੋਂ ਛੱਡ ਦਿੱਤਾ। ਇਸ ਤੋਂ ਬਾਅਦ ਉਸ ਨੇ ਸ਼ਾਮ ਨੂੰ ਨਹਿਰਾ ਫਰੂਟ ਕੰਪਨੀ ਦੇ ਮਾਲਕ ਨੂੰ ਫੋਨ ਕੀਤਾ ਅਤੇ ਉਨ੍ਹਾਂ ਕੋਲੋਂ ਰਿਸ਼ਵਤ ਲਈ ਮੰਗ ਕੀਤੀ। ਪੈਸੇ ਲੈਣ ਲਈ ਉਕਤ ਏ. ਐੱਸ. ਆਈ. ਗੋਦਾਮ ‘ਤੇ ਪਹੁੰਚਿਆ ਅਤੇ ਦੋ ਹਜ਼ਾਰ ਰਿਸ਼ਵਤ ਦੀ ਮੰਗ ਕੀਤੀ।

ਕੰਪਨੀ ਦੇ ਕੈਸ਼ੀਅਰ ਨੇ ਏ. ਐੱਸ. ਆਈ. ਦੀ ਗੱਲ ਆਪਣੇ ਮਾਲਕ ਨਾਲ ਕਰਵਾਈ ਅਤੇ ਗੱਲ ਕਰਨ ਉਪਰੰਤ ਏ. ਐੱਸ. ਆਈ. ਨੇ ਜਿੰਨੇ ਪੈਸੇ ਰਿਸ਼ਵਤ ਲਈ ਮੰਗੇ, ਉਨ੍ਹਾਂ ਨੂੰ ਗਿਣ ਕੇ ਦੇ ਦਿੱਤੇ। ਰਿਸ਼ਵਤ ਦੇ ਪੈਸੇ ਲੈਂਦਿਆਂ ਇਹ ਸਾਰੀ ਹਰਕਤ ਉੱਥੇ ਲੱਗੇ ਸੀ. ਸੀ. ਟੀ. ਵੀ. ਕੈਮਰੇ ‘ਚ ਕੈਦ ਹੋ ਗਈ। ਨਹਿਰਾ ਕੰਪਨੀ ਦੇ ਮਾਲਕ ਨਰੇਸ਼ ਨਹਿਰਾਂ ਨੇ ਜਿੱਥੇ ਗੁਲਜ਼ਾਰ ਦੀ ਸ਼ਿਕਾਇਤ ਕੀਤੀ ਉੱਥੇ ਹੀ ਉਨ੍ਹਾਂ ਨੇ ਆਰੋਪੀ ਪੁਲਸ ਏ. ਐੱਸ. ਆਈ. ਖਿਲਾਫ ਬਣਦੀ ਕਾਰਵਾਈ ਦੀ ਮੰਗ ਕੀਤੀ ਹੈ।

ਪੁਲਸ ਚੌਕੀ ਪੁਰਹੀਰਾਂ ਦੇ ਇੰਚਾਰਜ ਸੁਖਦੇਵ ਸਿੰਘ ਨੇ ਦੱਸਿਆ ਕਿ ਨਰੇਸ਼ ਫਰੂਟ ਕੰਪਨੀ ਦੇ ਵੱਲੋਂ ਉਨ੍ਹਾਂ ਕੋਲ ਇਕ ਸ਼ਿਕਾਇਤ ਆਈ ਹੈ। ਭੰਗੀ ਚੋਅ ਦੇ ਪਾਰ ਨਾਕਾ ਲਗਾ ਕੇ ਬੈਠੇ ਗੁਲਜ਼ਾਰ ਸਿੰਘ ਏ. ਐੱਸ. ਆਈ. ਨੇ ਕਰਫਿਊ ਪਾਸ ਨੂੰ ਲੈ ਕੇ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਹੈ ਅਤੇ ਏ. ਐੱਸ. ਆਈ. ਗੁਲਜ਼ਾਰ ਸਿੰਘ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਜੋ ਕਿ ਸੀ. ਸੀ. ਟੀ. ਵੀ. ਕੈਮਰੇ ‘ਚ ਰਿਕਾਰਡ ਹੈ।ਨਹਿਰਾ ਫਰੂਟ ਕੰਪਨੀ ਵੱਲੋਂ ਇਕ ਰਿਕਾਰਡਿੰਗ ਵੀ ਉਨ੍ਹਾਂ ਨੂੰ ਦਿੱਤੀ ਗਈ ਹੈ। ਉਸ ਦੇ ਆਧਾਰ ‘ਤੇ ਸ਼ਿਕਾਇਤ ਕੀਤੀ ਗਈ ਹੈ ਅਤੇ ਏ. ਐੱਸ. ਆਈ. ਗੁਲਜ਼ਾਰ ਸਿੰਘ ਦੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਵੱਲੋਂ ਪੜਤਾਲ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।

ਹਰਜਿੰਦਰ ਛਾਬੜਾ-ਪਤਰਕਾਰ 9592282333

Previous articleTrump to sign executive order temporarily suspending immigration
Next articleਸੱਪ ਤੋਂ ਨਹੀਂ ਡਰਦੀ ਸਿੰਹ ਤੋਂ ਨਹੀਂ ਡਰਦੀ ਆਹ ਕਰੋਨਾ ਨੇ ਮਾਰੀ