ਏਸ਼ੀਆ ਕੱਪ: ਭਾਰਤ ਤੇ ਬੰਗਲਾਦੇਸ਼ ਵਿਚਾਲੇ ਸੁਪਰ-4 ਦਾ ਪਹਿਲਾ ਮੈਚ ਅੱਜ

ਪਾਕਿਸਤਾਨ ਨੂੰ ਹਰਾਉਣ ਤੋਂ ਬਾਅਦ ਭਾਰਤ ਸ਼ੁੱਕਰਵਾਰ ਨੂੰ ਸੁਪਰ ਚਾਰ ਦੇ ਆਪਣੇ ਪਹਿਲੇ ਮੈਚ ਵਿੱਚ ਬੰਗਲਾਦੇਸ਼ ਨਾਲ ਭਿੜੇਗਾ ਜੋ ਕਿਸੇ ਵੀ ਵੱਡੀ ਟੀਮ ਨੂੰ ਆਪਣੇ ਦਿਨ ਹਰਾਉਣ ਦੀ ਸਮਰੱਥਾ ਰੱਖਦਾ ਹੈ।ਭਾਰਤ ਲਈ ਸਭ ਤੋਂ ਵੱਡੀ ਚਿੰਤਾ ਟੀਮ ਕੋਆਰਡੀਨੇਸ਼ਨ ਹੋਵੇਗੀ ਕਿਉਂਕਿ ਹਾਰਦਿਕ ਪੰਡਿਆ ਲੱਕ ਵਿੱਚ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਿਆ ਹੈ ਜਦੋਂਕਿ ਹਾਂਗਕਾਂਗ ਤੇ ਪਾਕਿਸਤਾਨ ਖ਼ਿਲਾਫ਼ ਲਗਾਤਾਰ ਦੋ ਦਿਨ ਖੇਡਣ ਤੋਂ ਬਾਅਦ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿੱਤਾ ਜਾ ਸਕਦਾ ਹੈ। ਅਕਸ਼ਰ ਪਟੇਲ ਤੇ ਸ਼ਰਦੁਲ ਠਾਕੁਰ ਦੇ ਵੀ ਸੱਟਾਂ ਕਾਰਨ ਬਾਹਰ ਹੋਣ ਤੋਂ ਭਾਰਤ ਦੀ ਪ੍ਰੇਸ਼ਾਨੀ ਵੱਧ ਗਈ ਹੈ। ਖੱਬੇ ਹੱਥ ਦੇ ਸਪਿੰਨਰ ਖਲੀਲ ਅਹਿਮਦ ਨੂੰ ਭੁਵਨੇਸ਼ਵਰ ਦੀ ਜਗ੍ਹਾ ’ਤੇ ਆਖ਼ਰੀ ਗਿਆਰਾਂ ਵਿੱਚ ਮੌਕਾ ਦਿੱਤਾ ਜਾ ਸਕਦਾ ਹੈ ਪਰ ਹੁਣੇ ਇਹ ਸਪੱਸ਼ਟ ਨਹੀਂ ਹੈ ਕਿ ਪੰਡਿਆ ਦਾ ਬਦਲ ਕੌਣ ਹੋਵੇਗਾ। ਅਕਸ਼ਰ ਦੀ ਜਗ੍ਹਾ ਰਵਿੰਦਰ ਜਡੇਜਾ ਜਦੋਂਕਿ ਸ਼ਾਰਦੁੱਲ ਦੀ ਜਗ੍ਹਾ ਸਿਧਾਰਥ ਕੌਲ ਨੂੰ ਵੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜਿਸ ਦੀ ਪੁਸ਼ਟੀ ਭਾਰਤੀ ਕ੍ਰਿਕਟ ਬੋਰਡ ਨੇ ਵੀਰਵਾਰ ਨੂੰ ਕੀਤੀ। ਪੰਡਿਆ ਦੇ ਬਦਲ ਵਜੋਂ ਦੀਪਕ ਚਾਹਰ ਟੀਮ ਨਾਲ ਜੁੜ ਰਿਹਾ ਹੈ ਪਰ ਇਸ ਦੀ ਸੰਭਾਵਨਾ ਨਹੀਂ ਹੈ ਕਿ ਉਸ ਦੀ ਇਹ ਸੰਭਾਵਨਾ ਨਹੀਂ ਹੈ ਕਿ ਉਸ ਨੂੰ ਸਿੱਧੇ ਆਖ਼ਰੀ ਗਿਆਰਾਂ ਵਿੱਚ ਜਗ੍ਹਾ ਮਿਲ ਜਾਵੇਗੀ। ਮਨੀਸ਼ ਪਾਂਡੇ ਬੱਲੇਬਾਜ਼ੀ ਵਿੱਚ ਡੂੰਘਾਈ ਪੈਦਾ ਕਰ ਸਕਦਾ ਹੈ ਅਤੇ ਮੱਧਕ੍ਰਮ ’ਚ ਉਸ ਨੂੰ ਮੌਕਾ ਦਿੱਤੇ ਜਾਣ ਦੀ ਸੰਭਾਵਨਾ ਹੈ। ਕੇਦਾਰ ਜਾਧਵ ਦੀ ਆਫ਼ ਸਪਿੰਨ ਪ੍ਰਭਾਵੀ ਹੈ ਅਤੇ ਉਹ ਪੰਡਿਆ ਦੇ ਹਿੱਸੇ ਦੇ ਓਵਰ ਕਰ ਸਕਦਾ ਹੈ। ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਤੇ ਸ਼ਿਖਰ ਧਵਨ ਪਹਿਲੇ ਦੋ ਮੈਚਾਂ ਵਿੱਚ ਦੌੜਾਂ ਬਣਾਉਣ ਵਿੱਚ ਸਫ਼ਲ ਰਹ ਜਦੋਂਕਿ ਅੰਬਾਤੀ ਰਾਇਡੂ ਅਤੇ ਦਿਨੇਸ਼ ਕਾਰਤਿਕ ਨੇ ਪਾਕਿਸਤਾਨ ਖ਼ਿਲਾਫ਼ ਠੋਸ ਬੱਲੇਬਾਜ਼ੀ ਕੀਤੀ। ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਫਾਰਮ ਟੀਮ ਪ੍ਰਬੰਧਨ ਲਈ ਚਿੰਤਾ ਦਾ ਵਿਸ਼ਾ ਹੋ ਸਕਦੀ ਹੈ ਅਤੇ ਇਹ ਦੇਖਣਾ ਰੋਚਕ ਹੋਵੇਗਾ ਕਿ ਕਪਤਾਨ ਰੋਹਿਤ ਉਸ ਨੂੰ ਉੱਪਰਲੇ ਕ੍ਰਮ ’ਚ ਬੱਲੇਬਾਜ਼ੀ ਲਈ ਸੱਦ ਕੇ ਕਰੀਜ਼ ’ਤੇ ਜ਼ਿਆਦਾ ਸਮਾਂ ਬਿਤਾਉਣ ਦਾ ਮੌਕਾ ਦਿੰਦਾ ਹੈ ਜਾਂ ਨਹੀਂ। ਭਾਰਤ ਤੇ ਪਾਕਿਸਤਾਨ ਵਿਚਾਲੇ ਇਕ-ਦੂਜੇ ਦੇ ਰਵਾਇਤੀ ਵਿਰੋਧੀ ਹਨ ਜਦੋਂਕਿ ਮੈਲਬਰਨ ’ਚ 2015 ਦੇ ਵਿਸ਼ਵ ਕੱਪ ਕੁਆਰਟਰ ਫਾਈਨਲ ਦੇ ਬਾਅਦ ਤੋਂ ਬੰਗਲਾਦੇਸ਼ ਖ਼ਿਲਾਫ਼ ਵਿਰੋਧਤਾ ਕੜਵਾਹਟ ਭਰੀ ਰਹੀ ਹੈ। ਕੋਈ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਬੰਗਲਾਦੇਸ਼ ਦੀ ਟੀਮ 50 ਓਵਰਾਂ ਵਾਲੇ ਕ੍ਰਿਕਟ ਦੇ ਰੂਪ ਵਿੱਚ ਮਜ਼ਬੂਤ ਹੈ ਅਤੇ 2012 ’ਚ ਏਸ਼ੀਆ ਕੱਪ ਦੇ ਫਾਈਨਲ ਵਿੱਚ ਵੀ ਜਗ੍ਹਾ ਬਣਾ ਚੁੱਕੀ ਹੈ। ਪ੍ਰੇਰਣਾਦਾਇਕ ਕਪਤਾਨ ਮਸ਼ਰੇਫ ਮੁਰਤਜਾ ਦੇ ਮਾਰਗਦਰਸ਼ਨ ’ਚ ਮੁਸ਼ਫਿਕੁਰ ਰਹੀਮ, ਸਾਕਿਬ ਅਲ ਹਸਨ, ਮਹਿਮੂਦੁੱਲਾ ਰਿਆਧ ਟੀਮ ਨੂੰ ਮਜ਼ਬੂਤੀ ਦਿੰਦਾ ਹੈ। ਟੀਮ ਕੋਲ ਮੁਸਤਫਿਜੁਰ ਰਹਿਮਾਨ ਤੇ ਰੂਬੇਲ ਹੁਸੈਨ ਵਰਗੇ ਦੋ ਤੇਜ਼ ਗੇਂਦਬਾਜ਼ਾਂ ਤੋਂ ਇਲਾਵਾ ਮੁਰਤਜਾ ਤੇ ਸਾਕਿਬ ਵਰਗੇ ਤਜ਼ਰਬੇਕਾਰ ਗੇਂਦਬਾਜ਼ ਵੀ ਹਨ ਜਿਸ ਕਰ ਕੇ ਭਾਰਤ ਨੂੰ ਵਿਚਕਾਰਲੇ ਓਵਰਾਂ ਵਿੱਚ ਦੌੜਾਂ ਬਣਾਉਣ ’ਚ ਪ੍ਰੇਸ਼ਾਨੀ ਹੋ ਸਕਦੀ ਹੈ। ਬੰਗਲਾਦੇਸ਼ ਨੂੰ ਅਬੂ ਧਾਬੀ (ਵੀਰਵਾਰ ਨੂੰ ਅਫ਼ਗਾਨਿਸਤਾਨ ਖ਼ਿਲਾਫ਼) ਅਤੇ ਦੁਬਈ (ਭਾਰਤ ਖ਼ਿਲਾਫ਼ ਸ਼ੁੱਕਰਵਾਰ ਨੂੰ) ਵਿੱਚ ਲਗਾਤਾਰ ਦੋ ਦਿਨ ਖੇਡਣਾ ਹੈ ਜੋ ਅਤਿ ਦੀ ਗਰਮੀ ਵਿੱਚ ਆਸਾਨ ਨਹੀਂ ਹੋਵੇਗਾ। ਇਹ ਸ਼ੁਰੂਆਤੀ ਪ੍ਰੋਗਰਾਮ ਨਹੀਂ ਸੀ ਪਰ ਭਾਰਤ ਕ੍ਰਿਕਟ ਬੋਰਡ, ਏਸ਼ਿਆਈ ਕ੍ਰਿਕਟ ਕੌਂਸਲ ਤੋਂ ਇਸ ਪ੍ਰੋਗਰਾਮ ਨੂੰ ਬਦਲਵਾਉਣ ਵਿੱਚ ਸਫ਼ਲ ਰਿਹਾ ਜਿਸ ਤੋਂ ਕਾਫੀ ਲੋਕ ਨਾਰਾਜ਼ ਵੀ ਹਨ। ਕੁੱਲ ਮਿਲਾ ਕੇ ਇਸ ਮੈਚ ਦੇ ਰੋਮਾਂਚਕ ਹੋਣ ਦੀ ਪੂਰੀ ਆਸ ਹੈ।

Previous articleਸਿੱਖਾਂ ਦੇ ਧਾਰਮਿਕ ਅਤੇ ਸੰਜੀਦਾ ਮੁੱਦਿਆਂ ’ਤੇ ਰਾਜਨੀਤੀ ਮੰਦਭਾਗੀ: ਸਰਨਾ
Next articleRestrictions to prevent Muharram procession in Srinagar