ਏਸ਼ਿਆਈ ਖੇਡਾਂ: ਨੀਰਜ ਚੋਪੜਾ ਦੀ ਅਗਵਾਈ ਵਿੱਚ ਉਤਰਿਆ ਭਾਰਤ

ਜੂਨੀਅਰ ਵਿਸ਼ਵ ਚੈਂਪੀਅਨ ਅਤੇ ਰਾਸ਼ਟਰਮੰਡਲ ਖੇਡਾਂ ਦੇ ਸੋਨ ਤਗ਼ਮਾ ਜੇਤੂ ਜੈਵਲਿਨ ਥਰੋਅ ਅਥਲੀਟ ਨੀਰਜ ਚੋਪੜਾ ਦੀ ਅਗਵਾਈ ਵਿੱਚ ਭਾਰਤ ਦਾ ਮਜ਼ਬੂਤ ਦਲ ਅੱਜ 18ਵੀਆਂ ਏਸ਼ਿਆਈ ਖੇਡਾਂ ਦੇ ਗੇਲੋਰਾ ਬੁੰਗ ਕਾਰਨੋ ਸਟੇਡੀਅਮ ਵਿੱਚ ਉਦਘਾਟਨ ਸਮਾਰੋਹ ਵਿੱਚ ਉਤਰਿਆ। ਹਰਿਆਣਾ ਦਾ 20 ਸਾਲਾ ਅਥਲੀਟ ਨੀਰਜ ਚੋਪੜਾ ਤਿਰੰਗਾ ਫੜ ਕੇ ਸਭ ਤੋਂ ਅੱਗੇ ਚੱਲ ਰਿਹਾ ਸੀ। ਉਸ ਦੇ ਪਿੱਛੇ ਭਾਰਤੀ ਖਿਡਾਰੀਆਂ ਦੇ ਹੱਥਾਂ ਵਿੱਚ ਵੀ ਤਿਰੰਗੇ ਫੜੇ ਹੋਏ ਸਨ। ਜਦੋਂ ਭਾਰਤੀ ਦਲ ਨਿਕਲਿਆ ਉਸ ਸਮੇਂ ਭਾਰਤ ਦਾ ਰਾਸ਼ਟਰੀ ਗੀਤ ‘ਜਨ ਗਨ ਮਨ’ ਸਟੇਡੀਅਮ ਵਿੱਚ ਗੂੰਜ ਰਿਹਾ ਸੀ। ਭਾਰਤੀ ਖਿਡਾਰੀਆਂ ਨੇ ਦਰਸ਼ਕਾਂ ਵੱਲ ਹੱਥ ਹਿਲਾਉਂਦਿਆਂ ਉਨ੍ਹਾਂ ਦੀਆਂ ਸ਼ੁੱਭ ਇਛਾਵਾਂ ਕਬੂਲੀਆਂ। ਜਦੋਂ ਭਾਰਤੀ ਦਲ ਲੰਘਿਆ ਉਸ ਸਮੇਂ ਸਾਬਕਾ ਆਈਓਏ ਪ੍ਰਸ਼ਾਸਕ ਰਣਧੀਰ ਸਿੰਘ ਨੇ ਤਾੜੀਆਂ ਨਾਲ ਖਿਡਾਰੀਆਂ ਦਾ ਹੌਸਲਾ ਵਧਾਇਆ। ਭਾਰਤੀ ਮਹਿਲਾ ਖਿਡਾਰਨਾਂ ਬਲੈਜ਼ਰ ਅਤੇ ਟ੍ਰਾਊਜ਼ਰ ਵਿੱਚ ਉਦਘਾਟਨ ਸਮਾਰੋਹ ਵਿੱਚ ਸ਼ਾਮਲ ਹੋਈਆਂ। ਇਸ ਦਲ ਵਿੱਚ 79 ਸਾਲ ਦੀ ਰੀਟਾ ਚੋਕਸੀ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਸ਼ਾਮਲ ਕੀਤੇ ਗਏ ਬ੍ਰਿਜ ਖੇਡ ਵਿੱਚ ਦੇਸ਼ ਦੀ ਸਭ ਤੋਂ ਉਮਰਦਰਾਜ ਤਗ਼ਮੇ ਦੀ ਦਾਅਵੇਦਾਰ ਵਜੋਂ ਉਤਰ ਰਹੀ ਹੈ। ਭਾਰਤ ਨੇ ਇਨ੍ਹਾਂ ਖੇਡਾਂ ਵਿੱਚ 572 ਅਥਲੀਟਾਂ ਸਣੇ ਕੁੱਲ 804 ਮੈਂਬਰੀ ਦਲ ਉਤਾਰਿਆ ਹੈ, ਜੋ 36 ਖੇਡਾਂ ਵਿੱਚ ਹਿੱਸਾ ਲਵੇਗਾ। ਏਸ਼ਿਆਈ ਖੇਡਾਂ ਵਿੱਚ ਦੁਨੀਆ ਦੇ 45 ਮੁਲਕਾਂ ਤੋਂ 11 ਹਜ਼ਾਰ ਅਥਲੀਟ ਹਿੱਸਾ ਲੈ ਰਹੇ ਹਨ, ਜੋ ਕੁੱਲ 58 ਖੇਡਾਂ ਵਿੱਚ ਚੁਣੌਤੀ ਪੇਸ਼ ਕਰਨਗੇ। -ਆਈਏਐਨਐਸ

Previous articleਕੇਰਲਾ ’ਚ ਹੜ੍ਹਾਂ ਦਾ ਤਾਂਡਵ ਜਾਰੀ; ਮੌਤਾਂ ਦੀ ਗਿਣਤੀ 357 ’ਤੇ ਪੁੱਜੀ
Next articleFormer UN Secretary-General Kofi Annan dies at 80