ਏਕੀਕ੍ਰਿਤ ਜੰਗੀ ਸਮੂਹਾਂ ਦੀ ਲਾਂਚ ਕਰੋਨਾ ਕਾਰਨ ਅੱਗੇ ਪਈ: ਜਨਰਲ ਨਰਵਾਣੇ

(ਸਮਾਜਵੀਕਲੀ): ਫ਼ੌਜ ਮੁਖੀ ਜਨਰਲ ਐਮ.ਐਮ ਨਰਵਾਣੇ ਨੇ ਅੱਜ ਕਿਹਾ ਕਿ ਏਕੀਕ੍ਰਿਤ ਜੰਗੀ ਸਮੂਹਾਂ (ਆਈਬੀਜੀ) ਦੀ ਵਿਆਪਕ ਪੱਧਰ ’ਤੇ ‘ਜਾਂਚ-ਪਰਖ਼’ ਹੋ ਚੁੱਕੀ ਹੈ ਪਰ ਕਰੋਨਾਵਾਇਰਸ ਮਹਾਮਾਰੀ ਕਾਰਨ ਇਨ੍ਹਾਂ ਨੂੰ ਲਾਂਚ ਕਰਨਾ ਅੱਗੇ ਪਾਇਆ ਗਿਆ ਹੈ। ਚੀਨ ਤੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਭਾਰਤੀ ਫ਼ੌਜ ਨੇ ਆਪਣੀ ਜੰਗੀ ਸਮਰੱਥਾ ਵਿਚ ਵਾਧਾ ਕਰਨ ਲਈ ਇਨਫੈਂਟਰੀ, ਆਰਟਿਲਰੀ, ਹਵਾਈ ਸੁਰੱਖਿਆ, ਟੈਂਕਾਂ ਤੇ ਲੌਜਿਸਟਿਕ ਯੂਨਿਟਾਂ ਨੂੰ ਇਕੱਠਿਆਂ ਕਰਨ ਦਾ ਫ਼ੈਸਲਾ ਕੀਤਾ ਸੀ।
ਫ਼ੌਜ ਮੁਖੀ ਨੇ ਕਿਹਾ ਕਿ ਕੋਵਿਡ ਸੰਕਟ ਕਾਰਨ ਬਹੁਤ ਸਾਰੇ ਸਰੋਤਾਂ ਨੂੰ ਹੋਰ ਪਾਸੇ ਲਾਉਣਾ ਪਿਆ ਹੈ। ਨਰਵਾਣੇ ਨੇ ਕਿਹਾ ਕਿ ਆਈਬੀਜੀ ਲਈ ਸਾਰੀ ਤਿਆਰੀ ਤੇ ਪ੍ਰੀਖਣ ਲੌਕਡਾਊਨ ਤੋਂ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ। ਰੱਖਿਆ ਉਤਪਾਦਨ ਤੇ ਖ਼ਰੀਦ ਵਿਚ ਵਾਇਰਸ ਕਾਰਨ ਕੁਝ ਵਿਘਨ ਪੈਣ ਦੀ ਸੰਭਾਵਨਾ ਹੈ, ਪਰ ਫਿਰ ਵੀ ਬਹੁਤਾ ਸਮਾਂ ਨਹੀਂ ਲੱਗੇਗਾ। ਏਕੀਕ੍ਰਿਤ ਜੰਗੀ ਸਮੂਹਾਂ ਨੂੰ ਅਮਲੀ ਰੂਪ ਦੇਣ ਲਈ ਕਈ ਸਾਲ ਲੱਗ ਗਏ ਹਨ।
ਜੰਗ ਦੀ ਸਥਿਤੀ ਵਿਚ ਇਹ ਇਕਦਮ ਸਰਗਰਮ ਹੋ ਸਕਦੇ ਹਨ ਤੇ ਹਰੇਕ ਗਰੁੱਪ ਦੀ ਅਗਵਾਈ ਮੇਜਰ ਜਨਰਲ ਰੈਂਕ ਦਾ ਅਧਿਕਾਰੀ ਕਰੇਗਾ। ਇਸ ਦੀ ਸਮਰੱਥਾ 5000 ਫ਼ੌਜੀਆਂ ਦੀ ਹੋਵੇਗੀ। ਭਾਰਤੀ ਫ਼ੌਜ ਪਿਛਲੇ ਸਾਲ ਅਕਤੂਬਰ ਵਿਚ ਅਰੁਣਾਚਲ ਪ੍ਰਦੇਸ਼ ’ਚ ਇਸ ਮੰਤਵ ਦੀ ਪੂਰਤੀ ਲਈ ‘ਹਿਮ ਵਿਜੈ’ ਅਭਿਆਸ ਕਰ ਚੁੱਕੀ ਹੈ।
ਆਈਬੀਜੀ ਇਲਾਕੇ ਦੀ ਸਥਿਤੀ ਤੇ ਖ਼ਤਰੇ ਦੇ ਪੱਧਰ ਮੁਤਾਬਕ ਕਾਰਜਸ਼ੀਲ ਹੋਵੇਗਾ। ਫ਼ੌਜੀ ਜਨਰਲ ਨੇ ਮੰਨਿਆ ਕਿ ਮਹਾਮਾਰੀ ਕਾਰਨ ਪਿਆ ਵਿੱਤੀ ਘਾਟਾ ਥੋੜ੍ਹੇ ਸਮੇਂ ਲਈ ਫ਼ੌਜ ਦੀ ਖ਼ਰੀਦ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜ਼ਿਆਦਾਤਰ ਖ਼ਰੀਦ ਭਾਰਤੀ ਕੰਪਨੀਆਂ ਕੋਲੋਂ ਕੀਤੀ ਜਾ ਰਹੀ ਹੈ। ਕੰਟਰੈਕਟ ਤੇ ਖ਼ਰੀਦ ਨੂੰ ਨਵਿਆਉਣ ਦੀ ਪ੍ਰਕਿਰਿਆ ਵੀ ਜਾਰੀ ਹੈ।
Previous articleਭਾਰਤੀ ਤੇ ਚੀਨੀ ਫ਼ੌਜੀਆਂ ਵਿਚਾਲੇ ਕੰਟਰੋਲ ਰੇਖਾ ’ਤੇ ਝੜਪ
Next articleਪੰਜਾਬ ਦਾ ਸਿਹਤ ਵਿਭਾਗ ਭੰਬਲਭੂਸੇ ’ਚ