ਏਅਰਗੰਨ ਦੀ ਗੋਲ਼ੀ ਨਾਲ ਬੱਚੇ ਦੀ ਮੌਤ ਦੇ ਮਾਮਲੇ ‘ਚ ਨਵਾਂ ਮੋੜ, ਪਰਿਵਾਰ ਨਹੀਂ ਚਾਹੁੰਦਾ ਸਕੂਲ ਖ਼ਿਲਾਫ਼ ਕਾਰਵਾਈ

ਬਰਨਾਲਾ : ਲਾਲਾ ਲਾਜਪਤ ਰਾਏ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ ਭਦੌੜ ‘ਚ 4 ਦਸੰਬਰ ਨੂੰ ਪਿਕਨਿਕ ਦੇ ਪ੍ਰੋਗਰਾਮ ਦੌਰਾਨ ਏਅਰਗੰਨ ਦੀ ਗੋਲ਼ੀ ਲੱਗਣ ਕਾਰਨ ਦੂਸਰੀ ਜਮਾਤ ਦੇ 7 ਸਾਲਾ ਬੱਚੇ ਜਸਵੀਰ ਸਿੰਘ ਦੀ ਮੌਤ ਹੋ ਗਈ ਸੀ।

ਇਸ ਮਾਮਲੇ ‘ਚ ਮਿ੍ਤਕ ਜਸਵੀਰ ਸਿੰਘ ਦੇ ਪਿਤਾ ਬਲਕਰਨ ਸਿੰਘ ਨੇ ਭਦੌੜ ਪੁਲਿਸ ਨੂੰ ਐਫੀਡੇਵਿਟ ਦੇ ਕੇ ਕਿਹਾ ਹੈ ਕਿ ਉਹ ਸਕੂਲ ਪ੍ਰਬੰਧਕਾਂ ‘ਤੇ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਕਿਉਂਕਿ ਇਹ ਹਾਦਸਾ ਸੀ, ਜਿਸ ‘ਤੇ ਥਾਣਾ ਭਦੌੜ ਦੇ ਮੁਖੀ ਇੰਸਪੈਕਟਰ ਹਰਮਨਜੀਤ ਸਿੰਘ ਨੇ ਮਿ੍ਤਕ ਜਸਵੀਰ ਸਿੰਘ ਦੇ ਪਿਤਾ ਬਲਕਰਨ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਧਾਰਾ 174 ਦੀ ਕਾਰਵਾਈ ਕਰਦੇ ਹੋਏ ਕੇਸ ਬੰਦ ਕਰ ਦਿੱਤਾ ਹੈ।

ਡੀਏ ਲੀਗਲ ਦੀ ਸਲਾਹ ‘ਤੇ ਹੋਵੇਗੀ ਕਾਰਵਾਈ : ਐੱਸਐੱਸਪੀ ਹਰਜੀਤ ਸਿੰਘ

ਐੱਸਐੱਸਪੀ ਹਰਜੀਤ ਸਿੰਘ ਨੇ ਕਿਹਾ ਕਿ ਮਿ੍ਤਕ ਦੇ ਪਿਤਾ ਤਾਂ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ ਪਰ ਇਸ ਹਾਦਸੇ ‘ਚ ਇਕ ਬੱਚੇ ਦੀ ਜਾਨ ਗਈ ਹੈ ਤੇ ਪੁਲਿਸ ਕਾਨੂੰਨ ਅਨੁਸਾਰ ਆਪਣੀ ਕਾਰਵਾਈ ਕਰੇਗੀ।

ਪੁਲਿਸ ਨੇ ਬਲਕਰਨ ਸਿੰਘ ਦਾ ਐਫੀਡੇਵਿਟ ਤੇ ਫਾਈਲ ਡੀਏ ਲੀਗਲ ਆਸੀਮ ਗੋਇਲ ਕੋਲ ਕਾਨੂੰਨੀ ਕਾਰਵਾਈ ਲਈ ਭੇਜ ਦਿੱਤੀ ਹੈ। ਸੋਮਵਾਰ ਤਕ ਜਿਵੇਂ ਉਨ੍ਹਾਂ ਦੀ ਸਲਾਹ ਹੋਵੇਗੀ, ਤੁਰੰਤ ਉਸ ‘ਤੇ ਕਾਰਵਾਈ ਕਰ ਦਿੱਤੀ ਜਾਵੇਗੀ।

ਡੀਈਓ ਨੇ ਦਿੱਤੀ ਡੀਸੀ ਨੂੰ ਰਿਪੋਰਟ, ਕਿਹਾ, ਸਕੂਲ ਦੀ ਹੈ ਲਾਪ੍ਰਵਾਹੀ

ਡੀਈਓ ਸੈਕੰਡਰੀ ਸਰਬਜੀਤ ਸਿੰਘ ਤੂਰ ਨੇ ਕਿਹਾ ਹੈ ਕਿ ਸਕੂਲ ਪ੍ਰਿੰਸੀਪਲ ਸਨੇਹ ਪ੍ਰਭਾ ਵੱਲੋਂ ਲਿਖੀ ਗਈ ਰਿਪੋਰਟ ‘ਚ ਸਿਰਫ਼ ਇਸ ਨੂੰ ਹਾਦਸਾ ਦੱਸਿਆ ਗਿਆ ਹੈ ਤੇ ਇਸ ਨੂੰ ਖ਼ੁਦ ਤੇ ਸਟਾਫ ਨੂੰ ਬਚਾਉਣ ਲਈ ਲਿਖਿਆ ਗਿਆ ਹੈ। ਤੂਰ ਨੇ ਕਿਹਾ ਕਿ ਉਨ੍ਹਾਂ ਨੇ ਸਕੂਲ ਤੇ ਆਪਣੀ ਰਿਪੋਰਟ ਡੀਸੀ ਬਰਨਾਲਾ ਨੂੰ ਭੇਜ ਦਿੱਤੀ ਹੈ, ਜਿਸ ‘ਚ ਉਨ੍ਹਾਂ ਨੇ ਲਿਖਿਆ ਹੈ ਕਿ ਇਹ ਲਾਪ੍ਰਵਾਹੀ ਸਕੂਲ ਪ੍ਰਬੰਧਕਾਂ ਤੇ ਸਟਾਫ ਦੀ ਹੈ, ਜਿਨ੍ਹਾਂ ‘ਤੇ ਕਾਰਵਾਈ ਹੋਣੀ ਚਾਹੀਦੀ ਹੈ, ਕਿਉਂਕਿ ਏਅਰਗੰਨ ਨਾਲ ਗੁਬਾਰੇ ਫੋੜਨ ਦੀ ਖੇਡ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ‘ਚ ਨਹੀਂ ਹੈ।

ਦੂਜੇ ਪਾਸੇ ਹਾਦਸੇ ਤੋਂ ਬਾਅਦ ਜਦੋਂ ਬੱਚੇ ਦੀ ਮੌਤ ਹੋ ਗਈ ਤਾਂ ਉਸ ਦੇ 24 ਘੰਟੇ ਬੀਤਣ ਤੋਂ ਬਾਅਧ ਵੀ ਸਕੂਲ ਪ੍ਰਬੰਧਕਾਂ ਨੇ ਡੀਈਓ ਦਫ਼ਤਰ ਨੂੰ ਇਸ ਸਬੰਧੀ ਕੋਈ ਸੂਚਨਾ ਨਹੀਂ ਦਿੱਤੀ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਸਕੂਲ ਸਮੇਂ ਦੌਰਾਨ ਜਾ ਕੇ ਉਨ੍ਹਾਂ ਦੀ ਜਾਂਚ ਕਮੇਟੀ ਦੀ ਟੀਮ ਮੁੜ ਸਟਾਫ ਤੇ ਬੱਚਿਆਂ ਕੋਲੋਂ ਪੁੱਛ ਪੜਤਾਲ ਕਰੇਗੀ ਤੇ ਰਿਪੋਰਟ ਡੀਸੀ ਤੇ ਸਿੱਖਿਆ ਸਕੱਤਰ ਨੂੰ ਭੇਜੀ ਜਾਵੇਗੀ।

ਸਿੱਖਿਆ ਸਕੱਤਰ ਨੂੰ ਕਾਰਵਾਈ ਲਈ ਭੇਜੀ ਜਾਵੇਗੀ ਰਿਪੋਰਟ : ਡੀਸੀ

ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਡੀਈਓ ਤੂਰ ਦੀ ਰਿਪੋਰਟ ਤੇ ਮਿ੍ਤਕ ਬੱਚੇ ਦੇ ਪਿਤਾ ਦਾ ਐਫੀਡੇਵਿਟ ਮਿਲਿਆ ਹੈ। ਸੋਮਵਾਰ ਨੂੰ ਡੀਏ ਲੀਗਲ ਦੀ ਰਿਪੋਰਟ ਆਵੇਗੀ ਤਾਂ ਇਸ ਪੂਰੇ ਮਾਮਲੇ ਦੀ ਇਕ ਰਿਪੋਰਟ ਤਿਆਰ ਕਰ ਕੇ ਕਾਰਵਾਈ ਲਈ ਸਿੱਖਿਆ ਸਕੱਤਰ ਨੂੰ ਭੇਜੀ ਜਾਵੇਗੀ।

ਡੀਸੀ ਦੀ ਰਿਪੋਰਟ ‘ਤੇ ਹੋਵੇਗੀ ਕਾਰਵਾਈ : ਸਿੱਖਿਆ ਮੰਤਰੀ

ਸਿੱਖਿਆ ਮੰਤਰੀ ਵਿਜੇਇੰਦਰ ਸਿੰਘ ਸਿੰਗਲਾ ਨੇ ਦੱਸਿਆ ਕਿ ਸਕੂਲ ‘ਚ ਪ੍ਰੋਗਰਾਮ ਦੌਰਾਨ ਬੱਚੇ ਦੀ ਹੋਈ ਮੌਤ ਦੁਖਦਾਈ ਹੈ। ਮਾਮਲੇ ‘ਚ ਡੀਈਓ, ਐੱਸਐੱਸਪੀ ਤੇ ਡੀਸੀ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਰਿਪੋਰਟ ਦੇ ਆਧਾਰ ‘ਤੇ ਜੇ ਕਿਤੇ ਕਿਸੇ ਦੀ ਲਾਪ੍ਰਵਾਹੀ ਸਾਹਮਣੇ ਆਈ ਤਾਂ ਜ਼ਿੰਮੇਦਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

Previous articleHamas warns Israel about violations at Al-Aqsa Mosque
Next articleSaudi Arabia hails US, Sudan’s decision to exchange envoys