ਏਂਜਲਾ ਮਰਕਲ ਦਾ ਭਾਰਤ ਦੌਰਾ ਅੱਜ ਤੋਂ

ਜਰਮਨੀ ਦੀ ਚਾਂਸਲਰ ਏਂਜਲਾ ਮਰਕਲ ਆਪਣੇ ਦੋ ਦਿਨਾਂ ਭਾਰਤ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੇ ਮੁੱਦਿਆਂ ’ਤੇ ਚਰਚਾ ਕਰਨਗੇ। ਉਨ੍ਹਾਂ ਦਾ ਦੌਰਾ ਵੀਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ ਦੋਵਾਂ ਮੁਲਕਾਂ ਵਿਚਾਲੇ 20 ਸਮਝੌਤੇ ਸਹੀਬੰਦ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਵਪਾਰਕ ਵਫ਼ਦ ਤੋਂ ਇਲਾਵਾ ਮਰਕਲ ਭਾਰਤੀ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ। ਇਸੇ ਦੌਰਾਨ ਭਾਰਤ ਵਿਚਲੇ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਇਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਸ੍ਰੀ ਮੋਦੀ ਅਤੇ ਮਰਕਲ ਵਿਚਾਲੇ ‘‘ ਚੰਗੇ ਸਬੰਧ ਹਨ ਅਤੇ ਉਹ ਕਿਸੇ ਵੀ ਮੁੱਦੇ ’ਤੇ ਗੱਲਬਾਤ ਕਰ ਸਕਦੇ ਹਨ। ਮੈਂ ਪਹਿਲਾਂ ਇਹ ਨਹੀਂ ਦੱਸਣਾ ਚਾਹੁੰਦਾ ਕਿ ਦੋਵੇਂ ਆਗੂ ਕਿਸ ਵਿਸ਼ੇ ’ਤੇ ਗੱਲਬਾਤ ਕਰਨਗੇ।’’ ਲਿੰਡਨਰ ਨੇ ਕਿਹਾ ਕਿ ਕਸ਼ਮੀਰ ਬਾਰੇ ਜਰਮਨੀ ਦੀ ਸਥਿਤੀ ਯੂਰਪੀ ਯੂਨੀਅਨ ਨਾਲ ਮੇਲ ਖਾਂਦੀ ਹੈ, ਜਿਸ ਨੇ ਭਾਰਤ ਅਤੇ ਪਾਕਿਸਤਾਨ ਨੂੰ ਗੱਲਬਾਤ ਰਾਹੀਂ ਕਸ਼ਮੀਰ ਮਸਲੇ ਨੂੰ ਹੱਲ ਕਰਨ ਲਈ ਕਿਹਾ ਹੈ। ਸੂਤਰਾਂ ਨੇ ਦੱਸਿਆ ਕਿ ਮਰਕਲ ਮੋਦੀ ਨਾਲ ਦੁਵੱਲੇ ਮੁੱਦਿਆਂ ‘ਤੇ ਗੱਲਬਾਤ ਕਰਨਗੇ ਅਤੇ ਦੋਵਾਂ ਦੇਸ਼ਾਂ ਵਿਚਾਲੇ ਲਗਪਗ 20 ਸਮਝੌਤਿਆਂ ’ਤੇ ਦਸਤਖਤ ਹੋਣ ਦੀ ਸੰਭਾਵਨਾ ਹੈ। ਯੂਰਪੀ ਯੂਨੀਅਨ ਦੇ ਸੰਸਦ ਮੈਂਬਰਾਂ ਦੀ ਕਸ਼ਮੀਰ ਫੇਰੀ ਬਾਰੇ, ਲਿੰਡਨਰ ਨੇ ਕਿਹਾ, “ਯੂਰਪੀ ਯੂਨੀਅਨ ਪਹਿਲਾਂ ਹੀ ਕਹਿ ਚੁੱਕਾ ਹੈ ਕਿ ਇਹ ਉਸ ਦਾ ਨਿੱਜੀ ਦੌਰਾ ਹੈ ਅਤੇ ਇਹੀ ਸਾਡਾ ਸਟੈਂਡ ਵੀ ਹੈ। ਸਾਨੂੰ ਇਸ ਗੱਲ ਦਾ ਕੋਈ ਅੰਦਾਜ਼ਾ ਨਹੀਂ ਸੀ ਕਿ ਉਹ ਭਾਰਤ ਆ ਰਹੇ ਹਨ ਅਤੇ ਮੈਨੂੰ ਸਿਰਫ਼ ਓਨਾ ਹੀ ਪਤਾ ਹੈ ਜਿੰਨਾ ਤੁਹਾਨੂੰ।’’

Previous articleਅਮਰੀਕਾ ਗਏ ਪੰਜਾਬ ਦੇ ਛੇ ਨੌਜਵਾਨ ਢਾਈ ਸਾਲ ਤੋਂ ਲਾਪਤਾ
Next articleਕੌਂਸਲਰ ਦੀ ਟਿੱਪਣੀ ਤੋਂ ਖ਼ਫਾ ਹੋਏ ਕਮਿਸ਼ਨਰ ਵੱਲੋਂ ਨਿਗਮ ਮੀਟਿੰਗ ਦਾ ਬਾਈਕਾਟ