ਉੱਤਰ ਕਾਪੀਆਂ ਰੱਦੀ ’ਚ ਵੇਚ ਕੇ ਮੈਡੀਕਲ ਵਰਸਿਟੀ ਨੇ ਕਮਾਏ 19 ਲੱਖ

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਫਰੀਦਕੋਟ ਨੇ ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਦੀਆਂ ਉੱਤਰ ਕਾਪੀਆਂ ਰੱਦੀ ਵਿੱਚ ਵੇਚ ਕੇ 19 ਲੱਖ ਰੁਪਏ ਕਮਾਏ ਹਨ। ਯੂਨੀਵਰਸਿਟੀ ਨੇ ਅਜੇ ਤੱਕ ਆਪਣੇ ਕੋਈ ਨਿਯਮ ਨਹੀਂ ਬਣਾਏ ਅਤੇ ਉਹ ਪੰਜਾਬ ਸਰਕਾਰ ਦੇ ਨਿਯਮਾਂ ਮੁਤਾਬਿਕ ਹੀ ਕੰਮ ਕਰ ਰਹੀ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਕਿਸੇ ਵੀ ਸਰਕਾਰੀ ਰਿਕਾਰਡ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਉਸ ਨੂੰ ਰੱਦੀ ਵਿੱਚ ਨਹੀਂ ਵੇਚਿਆ ਜਾ ਸਕਦਾ ਬਲਕਿ ਸਮਰੱਥ ਅਧਿਕਾਰੀ ਨਿਗਰਾਨੀ ‘ਚ ਸਰਕਾਰੀ ਰਿਕਾਰਡ ਸਾੜਿਆ ਜਾਣਾ ਲਾਜ਼ਮੀ ਹੈ ਤਾਂ ਜੋ ਸਰਕਾਰੀ ਰਿਕਾਰਡ ਦੀ ਦੁਰਵਰਤੋਂ ਨਾ ਹੋ ਸਕੇ। ਪੰਜਾਬ ਦੀ ਕਿਸੇ ਵੀ ਸਰਕਾਰੀ ਯੂਨੀਵਰਸਿਟੀ ਨੇ ਹੁਣ ਤੱਕ ਮਿਆਦ ਪੁੱਗ ਚੁੱਕੀ ਆਂ ਉੱਤਰ ਕਾਪੀਆਂ ਨਹੀਂ ਵੇਚੀਆਂ। ਮਿਲੀ ਜਾਣਕਾਰੀ ਅਨੁਸਾਰ ਬਾਬਾ ਫਰੀਦ ਯੂਨੀਵਰਸਿਟੀ ਨੇ 1996 ਵਿੱਚ ਇਮਤਿਹਾਨ ਲੈਣੇ ਸ਼ੁਰੂ ਕੀਤੇ ਸਨ ਅਤੇ ਮੌਜੂਦਾ ਸਮੇਂ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਅਧੀਨ ਕੁੱਲ ਮਿਲਾ ਕੇ 123 ਦੇ ਕਰੀਬ ਕਾਲਜ ਹਨ। ਯੂਨੀਵਰਸਿਟੀ ਨੇ 1996 ਤੋਂ ਲੈ ਕੇ 2012 ਤੱਕ ਦੀਆਂ ਉੱਤਰ ਕਾਪੀਆਂ ਨੂੰ ਰੱਦੀ ਵਿੱਚ ਵੇਚਿਆ ਹੈ ਜਿਸ ਬਦਲੇ ਯੂਨੀਵਰਸਿਟੀ ਨੂੰ 19 ਲੱਖ ਰੁਪਏ ਦੀ ਕਮਾਈ ਹੋਈ ਹੈ। ਯੂਨੀਵਰਸਿਟੀ ਲੰਬਾ ਸਮਾਂ ਆਰਥਿਕ ਸੰਕਟ ਵਿੱਚ ਘਿਰੀ ਰਹੀ ਹੈ ਅਤੇ ਆਰਥਿਕ ਤੰਗੀ ਦਾ ਬਹਾਨਾ ਬਣਾ ਕੇ ਉਸ ਨੇ ਆਪਣੇ ਮੁਲਾਜ਼ਮਾਂ ਨੂੰ ਅਜੇ ਤੱਕ ਪੱਕਾ ਨਹੀਂ ਕੀਤਾ। ਸੂਤਰਾਂ ਮੁਤਾਬਿਕ ਬਾਬਾ ਫਰੀਦ ਯੂਨੀਵਰਸਿਟੀ ਹਰ ਮਹੀਨੇ ਤਨਖਾਹਾਂ ਲਈ 7 ਕਰੋੜ ਰੁਪਏ ਦਾ ਬਜਟ ਜਾਰੀ ਕਰਦੀ ਹੈ। ਇਸ ਤੋਂ ਇਲਾਵਾ ਇੱਕ ਕਰੋੜ ਬਿਜਲੀ ਦਾ ਬਿੱਲ ਅਤੇ ਦੋ ਕਰੋੜ ਰੁਪਏ ਫੁੱਟਕਲ ਖਰਚਿਆਂ ਲਈ ਵਰਤੇ ਜਾਂਦੇ ਹਨ। ਯੂਨੀਵਰਸਿਟੀ ਨੂੰ ਤਨਖਾਹਾਂ ਅਤੇ ਫੁੱਟਕਲ ਅਦਾਇਗੀਆਂ ਲਈ ਹਰ ਸਾਲ 150 ਕਰੋੜ ਰੁਪਏ ਖਰਚਣੇ ਪੈਂਦੇ ਹਨ। 22 ਸਾਲ ਪੁਰਾਣੀ ਯੂਨੀਵਰਸਿਟੀ ਖੋਜ ਕਾਰਜਾਂ ਦੀ ਥਾਂ ‘ਤੇ ਇਮਤਿਹਾਨ ਕੇਂਦਰ ਵਜੋਂ ਕੰਮ ਕਰ ਰਹੀ ਹੈ। ਯੂਨੀਵਰਸਿਟੀ ਵੱਲੋਂ ਰੱਦੀ ‘ਚ ਵੇਚੀਆਂ ਗਈਆਂ ਉੱਤਰ ਕਾਪੀਆਂ ਮੈਡੀਕਲ ਦੇ ਵਿਦਿਆਰਥੀਆਂ ਲਈ ਸੰਕਟ ਖੜਾ ਕਰ ਸਕਦੀਆਂ ਹਨ। ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਰਜਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਦੀਆਂ ਉਤਰ ਕਾਪੀਆਂ ਨੂੰ ਹਮੇਸ਼ਾ ਗੁਪਤ ਰੱਖਿਆ ਜਾਂਦਾ ਹੈ ਅਤੇ ਇਸ ਨੂੰ ਕੋਈ ਵੀ ਦੂਸਰਾ ਵਿਅਕਤੀ ਦੇਖ ਤੱਕ ਨਹੀਂ ਸਕਦਾ। ਯੂਨੀਵਰਸਿਟੀ ਨੇ ਇਨ੍ਹਾਂ ਉੱਤਰ ਕਾਪੀਆਂ ਨੂੰ ਰੱਦੀ ਵਿੱਚ ਵੇਚ ਕੇ ਵਿਦਿਆਰਥੀਆਂ ਦੇ ਅਧਿਕਾਰਾਂ ਅਤੇ ਆਪਣੇ ਨਿਯਮਾਂ ਦੀ ਉਲੰਘਣਾ ਕੀਤੀ ਹੈ।

Previous articleਅਪਰੇਸ਼ਨਜ਼ ਕਮਾਂਡਰ ਤੋਂ ਬਿਨਾਂ ਕੰਮ ਕਰ ਰਹੀ ਹੈ ਐਨਐਸਜੀ
Next articleਅਸਤੀਫ਼ਾ ਦੇਣ ਵਾਲੇ ਕਿਸੇ ਤੋਂ ਪੁੱਛਦੇ ਨਹੀਂ: ਨਵਜੋਤ ਸਿੱਧੂ