ਉੱਤਰੀ ਭਾਰਤ ’ਚ ਚੱਲੀ ਸੀਤ ਲਹਿਰ ਨੇ ਜ਼ੋਰ ਫੜਿਆ

ਨਵੀਂ ਦਿੱਲੀ- ਉੱਤਰ ਭਾਰਤ ਦੇ ਵੱਡੇ ਹਿੱਸੇ ਵਿੱਚ ਐਤਵਾਰ ਨੂੰ ਪਹਿਲਾਂ ਨਾਲੋਂ ਵੱਧ ਠੰਢ ਮਹਿਸੂਸ ਕੀਤੀ ਗਈ। ਇਸ ਦੌਰਾਨ ਦਰਾਸ ਅਤੇ ਲੱਦਾਖ ’ਚ ਤਾਪਮਾਨ ਮਨਫ਼ੀ 26 ਡਿਗਰੀ ਦਰਜ ਕੀਤਾ ਗਿਆ। ਸ੍ਰੀਨਗਰ ’ਚ ਸ਼ਨਿਚਰਵਾਰ ਦੀ ਰਾਤ ਮੌਸਮ ਦੀ ਸਭ ਤੋਂ ਠੰਢੀ ਰਾਤ ਦਰਜ ਕੀਤੀ ਗਈ ਜਿਸ ਦੇ ਸਿੱਟੇ ਵਜੋਂ ਡੱਲ ਝੀਲ ਵੀ ਅੰਸ਼ਿਕ ਤੌਰ ’ਤੇ ਜੰਮ ਗਈ।
ਪੰਜਾਬ ਤੇ ਹਰਿਆਣਾ ’ਚ ਵੀ ਐਤਵਾਰ ਨੂੰ ਆਮ ਨਾਲੋਂ ਘੱਟ ਤਾਪਮਾਨ ਦਰਜ ਕੀਤਾ ਗਿਆ। ਪੰਜਾਬ ਵਿੱਚ ਆਦਮਪੁਰ 4 ਡਿਗਰੀ ਤਾਪਮਾਨ ਨਾਲ ਸਭ ਤੋਂ ਠੰਢਾ ਸਥਾਨ ਰਿਹਾ ਜਦਕਿ ਅੰਮ੍ਰਿਤਸਰ ’ਚ 5.7 ਡਿਗਰੀ ਤਾਪਮਾਨ ਦਰਜ ਕੀਤਾ ਗਿਆ।
ਬਠਿੰਡਾ, ਗੁਰਦਾਸਪੁਰ, ਹਲਵਾਰਾ, ਪਠਾਨਕੋਟ, ਲੁਧਿਆਣਾ ਅਤੇ ਪਟਿਆਲਾ ਦਾ ਤਾਪਮਾਨ ਕ੍ਰਮਵਾਰ 5.9, 8, 7.3, 6.5, 6.9 ਅਤੇ 7.8 ਡਿਗਰੀ ਦਰਜ ਕੀਤਾ ਗਿਆ। ਹਰਿਆਣਾ ਵਿੱਚ ਕਰਨਾਲ 6.2 ਡਿਗਰੀ ਨਾਲ ਸਭ ਤੋਂ ਠੰਢਾ ਸ਼ਹਿਰ ਰਿਹਾ। ਜਦਕਿ ਦੋਵਾਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਦਾ ਤਾਪਮਾਨ 8.4 ਡਿਗਰੀ ਰਿਹਾ।
ਕੌਮੀ ਰਾਜਧਾਨੀ ਦਿੱਲੀ ਵਾਸੀਆਂ ਦਾ ਸਵੇਰਸਾਰ ਸੰੰਘਣੀ ਧੁੰਦ ਨੇ ਸਵਾਗਤ ਕੀਤੇ ਜਿੱਥੇ ਲੋਕ ਘੱਟੋ-ਘੱਟ 8.7 ਡਿਗਰੀ ਸੈਲਸੀਅਸ ਤਾਪਮਾਨ ’ਚ ਠਰਦੇ ਨਜ਼ਰ ਆਏ। ਇਸੇ ਦੌਰਾਨ ਕੌਮੀ ਰਾਜਧਾਨੀ ਦੀ ਹਵਾ ਗੁਣਵੱਤਾ ਦਾ ਮਾੜਾ ਪੱਧਰ ਵੀ ਬਰਕਰਾਰ ਰਿਹਾ।
ਜੰਮੂ ਅਤੇ ਕਸ਼ਮੀਰ ’ਚ ਵਿਸ਼ਵ ਦੇ ਸਭ ਤੋਂ ਦੂਜੇ ਠੰਢੇ ਰਿਹਾਇਸ਼ੀ ਸਥਾਨ ਦਰਾਸ ’ਚ ਤਾਪਮਾਨ ਪਹਿਲਾਂ ਦੇ 25.4 ਡਿਗਰੀ ਦੇ ਮੁਕਾਬਲੇ 26 ਡਿਗਰੀ ਰਿਹਾ ਜਦਕਿ ਨੇੜਲੇ ਕਸਬੇ ਲੇਹ ਅਤੇ ਲੱਦਾਖ ’ਚ ਰਿਕਾਰਡ ਮਨਫ਼ੀ ਤਾਪਮਾਨ 16 ਡਿਗਰੀ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਬਰਫ ਦੀ ਮੋਟੀ ਚਾਦਰ ਨਾਲ ਢਕੇ ਸ੍ਰੀਨਗਰ ’ਚ ਮੌਸਮ ਦੀ ਸਭ ਤੋਂ ਸ਼ਨਿੱਚਰਵਾਰ ਦੀ ਰਾਤ ਸਭ ਤੋਂ ਠੰਢੀ ਰਹੀ ਹੈ ਐਤਵਾਰ ਨੂੰ ਤਾਪਮਾਨ 4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਪਾਣੀ ਸਪਲਾਈ ਵਾਲੀਆਂ ਪਾਈਪਾਂ ਵਿੱਚ ਵੀ ਪਾਣੀ ਜੰਮ ਗਿਆ। ਦੂਜੇ ਪਾਸੇ ਹਿਮਾਚਲ ਪ੍ਰਦੇਸ਼ ’ਚ ਸ਼ਿਮਲਾ (5.1), ਊਨਾ (5.2), ਕੁਫਰੀ (5.7) ਅਤੇ ਡਲਹੌਜ਼ੀ (7.5 ਡਿਗਰੀ) ਸਭ ਤੋਂ ਠੰਢੇ ਸ਼ਹਿਰ ਰਹੇ।

Previous articleਸਾਰਕ ਚਾਰਟਰ ਦਿਵਸ: ਇਮਰਾਨ ਖ਼ਾਨ ਵੱਲੋਂ ਮਿਲ ਕੇ ਕੰਮ ਕਰਨ ਦਾ ਸੱਦਾ
Next articleਸਮਾਜਵਾਦ ਦਾ ਰਾਹੀਂ, ਬੋਲੀਵੀਆ ! – ਸੀ.ਆਈ.ਏ. ਦਾ ਸ਼ਿਕਾਰ