ਉਨਾਓ ਪੀੜਤਾ ਦੇ ਪਿਤਾ ਦੀ ਮੌਤ ਦੇ ਮਾਮਲੇ ’ਚ ਸੇਂਗਰ ਨੂੰ 10 ਸਾਲ ਜੇਲ੍ਹ

ਨਵੀਂ ਦਿੱਲੀ- ਇਥੋਂ ਦੀ ਅਦਾਲਤ ਨੇ ਉਨਾਓ ਜਬਰ-ਜਨਾਹ ਪੀੜਤਾ ਦੇ ਪਿਤਾ ਦੀ ਹਿਰਾਸਤ ’ਚ ਮੌਤ ਦੇ ਮਾਮਲੇ ’ਚ ਉੱਤਰ ਪ੍ਰਦੇਸ਼ ਦੇ ਅਯੋਗ ਠਹਿਰਾਏ ਜਾ ਚੁੱਕੇ ਵਿਧਾਇਕ ਕੁਲਦੀਪ ਸਿੰਘ ਸੇਂਗਰ ਨੂੰ ਅੱਜ 10 ਸਾਲ ਸਖ਼ਤ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਉਸ ਨੂੰ 10 ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਹੈ। ਜ਼ਿਲ੍ਹਾ ਜੱਜ ਧਰਮੇਸ਼ ਸ਼ਰਮਾ ਨੇ ਕਿਹਾ ਕਿ ਪਰਿਵਾਰ ਦੇ ‘ਇਕੱਲੇ ਰੋਜ਼ੀ-ਰੋਟੀ ਕਮਾਉਣ’ ਵਾਲੇ ਵਿਅਕਤੀ ਦੀ ਹੱਤਿਆ ਲਈ ਕੋਈ ਨਰਮੀ ਨਹੀਂ ਦਿਖਾਈ ਜਾ ਸਕਦੀ ਹੈ। ਉਨਾਓ ਦੀ ਨਾਬਾਲਗ ਲੜਕੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਹੇਠ ਸੇਂਗਰ ਨੂੰ ਪਹਿਲਾਂ ਹੀ ਉਮਰ ਭਰ ਲਈ ਕੈਦ ਦੀ ਸਜ਼ਾ ਹੋ ਚੁੱਕੀ ਹੈ। ਉਸ ਦੀ ਵਿਧਾਇਕੀ ਵੀ 25 ਫਰਵਰੀ ਨੂੰ ਖੋਹ ਲਈ ਗਈ ਸੀ।
ਲੋਕਾਂ ਨਾਲ ਭਰੇ ਅਦਾਲਤ ਦੇ ਕਮਰੇ ’ਚ ਫ਼ੈਸਲਾ ਸੁਣਾਉਂਦਿਆਂ ਜ਼ਿਲ੍ਹਾ ਜੱਜ ਨੇ ਸੇਂਗਰ ਦੇ ਭਰਾ ਅਤੁਲ ਸਿੰਘ ਸੇਂਗਰ ਅਤੇ ਪੰਜ ਹੋਰਾਂ ਨੂੰ ਵੀ ਜਬਰ-ਜਨਾਹ ਪੀੜਤਾ ਦੇ ਪਿਤਾ ਦੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ 10-10 ਸਾਲ ਦੀ ਸਜ਼ਾ ਸੁਣਾਈ ਗਈ ਹੈ। ਅਦਾਲਤ ਨੇ ਉਨ੍ਹਾਂ ਨੂੰ ਹੱਤਿਆ ਦਾ ਦੋਸ਼ੀ ਠਹਿਰਾਉਂਦਿਆਂ ਧਾਰਾ 304 ਤਹਿਤ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜ਼ਾ ਸੁਣਾਈ ਹੈ। ਸੇਂਗਰ ਅਤੇ ਉਸ ਦੇ ਭਰਾ ਨੂੰ 10-10 ਲੱਖ ਰੁਪਏ ਮੁਆਵਜ਼ੇ ਵਜੋਂ ਤਿੰਨ ਮਹੀਨਿਆਂ ’ਚ ਮ੍ਰਿਤਕ ਵਿਅਕਤੀ ਦੇ ਵਾਰਸਾਂ ਨੂੰ ਦੇਣੇ ਪੈਣਗੇ। ਅਦਾਲਤ ਨੇ ਕਿਹਾ ਕਿ ਦੋ ਪੁਲੀਸ ਅਧਿਕਾਰੀਆਂ ਨੇ ਸਰਕਾਰੀ ਨੌਕਰ ਹੋਣ ਦੇ ਬਾਵਜੂਦ ਕਾਨੂੰਨ ਦੀ ਪਾਲਣਾ ਨਹੀਂ ਕੀਤੀ। ਉਨ੍ਹਾਂ ’ਚ ਮੱਖੀ ਪੁਲੀਸ ਸਟੇਸ਼ਨ ਦੇ ਤਤਕਾਲੀ ਇੰਚਾਰਜ ਅਸ਼ੋਕ ਸਿੰਘ ਭਦੌਰੀਆ, ਤਤਕਾਲੀ ਸਬ-ਇੰਸਪੈਕਟਰ ਕੇ ਪੀ ਸਿੰਘ, ਵਿਨੀਤ ਮਿਸ਼ਰਾ, ਬੀਰੇਂਦਰ ਸਿੰਘ ਅਤੇ ਸ਼ਸ਼ੀ ਪ੍ਰਤਾਪ ਸਿੰਘ ਸ਼ਾਮਲ ਹਨ। ਜ਼ਿਲ੍ਹਾ ਜੱਜ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ ਵੀ ਹਦਾਇਤ ਕੀਤੀ ਕਿ ਅਣਗਹਿਲੀ ਦਿਖਾਉਣ ਲਈ ਡਾਕਟਰਾਂ ਖਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਜਬਰ-ਜਨਾਹ ਪੀੜਤਾ ਦੇ ਪਿਤਾ ਦਾ ਇਲਾਜ ਕੀਤਾ ਸੀ। ਜ਼ਿਕਰਯੋਗ ਹੈ ਕਿ ਜਬਰ-ਜਨਾਹ ਪੀੜਤਾ ਦੇ ਪਿਤਾ ਨੂੰ ਸੇਂਗਰ ਦੀ ਸ਼ਹਿ ’ਤੇ ਅਸਲਾ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਦੀ ਹਿਰਾਸਤ ਦੌਰਾਨ ਕੁੱਟਮਾਰ ਕਰ ਕੇ 9 ਅਪਰੈਲ 2018 ਨੂੰ ਮੌਤ ਹੋ ਗਈ ਸੀ।

Previous articleਲੰਗਾਹ ਵਲੋਂ ਪੰਥ ਵਿਚ ਵਾਪਸੀ ਲਈ ਖਿਮਾ ਯਾਚਨਾ ਦੀ ਅਪੀਲ
Next articleਵਿਦੇਸ਼ ਤੋਂ ਪਰਤੇ ਲੁਧਿਆਣਾ ਜ਼ਿਲ੍ਹੇ ਦੇ 12 ਜਣੇ ਰੂਪੋਸ਼