ਉਦਯੋਗਾਂ ਨੂੰ 1.20 ਲੱਖ ਕਰੋੜ ਦੇ ਕਰਜ਼ੇ ਮਨਜ਼ੂਰ

ਨਵੀਂ ਦਿੱਲੀ (ਸਮਾਜਵੀਕਲੀ) :   ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਕਰੋਨਾਵਾਇਰਸ ਦੇ ਮੱਦੇਨਜ਼ਰ ਕੀਤੇ ਗਏ ਲੌਕਡਾਊਨ ਕਾਰਨ ਆਰਥਿਕ ਗਤੀਵਿਧੀਆਂ ਵਿੱਚ ਆਈ ਖੜ੍ਹੋਤ ਕਾਰਨ ਡਾਵਾਂਡੋਲ ਹੋਈ ਸੂਖਮ, ਲਘੂ ਤੇ ਦਰਮਿਆਨੀ ਸਨਅਤ ਨੂੰ ਰਾਹਤ ਦੇਣ ਲਈ ਬੈਂਕਾਂ ਵੱਲੋਂ ਕਰੀਬ 1,20,099 ਕਰੋੜ ਰੁਪਏ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ।

ਇਹ ਕਰਜ਼ੇ ਤਿੰਨ ਲੱਖ ਕਰੋੜ ਰੁਪਏ ਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਅਧੀਨ ਮਨਜ਼ੂਰ ਕੀਤੇ ਗਏ ਹਨ। ਹਾਲਾਂਕਿ, ਮਨਜ਼ੂਰ ਕੀਤੀ ਗਈ ਕਰਜ਼ਾ ਰਾਸ਼ੀ 1,20,099 ਕਰੋੜ ਰੁਪਏ ਵਿੱਚੋਂ ਸੂਖਮ, ਲਘੂ ਤੇ ਦਰਮਿਆਨੀ ਸਨਅਤ ਲਈ 100 ਫ਼ੀਸਦ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ (ਈਸੀਐੱਲਜੀਐੱਸ) ਤਹਿਤ 9 ਜੁਲਾਈ ਤੱਕ 61,987.90 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

ਇਹ ਯੋਜਨਾ ਮਈ ਵਿੱਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਐਲਾਨੇ ਗਏ 20 ਲੱਖ ਕਰੋੜ ਰੁਪਏ ਦੇ ਆਤਮਨਿਰਭਰ ਭਾਰਤ ਅਭਿਆਨ ਪੈਕੇਜ ਦਾ ਸਭ ਤੋਂ ਵੱਡਾ ਵਿੱਤੀ ਹਿੱਸਾ ਹੈ। ਵਿੱਤ ਮੰਤਰੀ ਨੇ ਟਵੀਟ ਕਰ ਕੇ ਕਿਹਾ, ‘‘9 ਜੁਲਾਈ 2020 ਤੱਕ 100 ਫ਼ੀਸਦੀ ਐਮਰਜੈਂਸੀ ਕ੍ਰੈਡਿਟ ਲਾਈਨ ਗਾਰੰਟੀ ਸਕੀਮ ਅਧੀਨ ਜਨਤਕ ਖੇਤਰ ਤੇ ਨਿੱਜੀ ਖੇਤਰਾਂ ਦੇ ਬੈਂਕਾਂ ਵੱਲੋਂ 1,20,099.37 ਕਰੋੜ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 61,987.90 ਕਰੋੜ ਰੁਪਏ ਜਾਰੀ ਕੀਤੇ ਜਾ ਚੁੱਕੇ ਹਨ।’’

Previous articleNo Covid-19 vaccine before 2021’s first quarter, Parl panel told
Next articleUN chief wants TN custodial deaths probed