ਉਡੀਕ

ਦੀਪ ਚੌਹਾਨ

(ਸਮਾਜ ਵੀਕਲੀ)

ਚਿਰਾਗ ਪਿਛਲੇ ਦੋ ਸਾਲਾਂ ਤੋਂ ਦਿੱਲੀ ਵਿੱਚ ਰਹਿ ਕੇ ਆਪਣੀ ਗ੍ਰੈਜੂਏਸ਼ਨ ਦੀ ਪੜ੍ਹਾਈ ਕਰ ਰਿਹਾ ਸੀ । ਉਹ ਬਹੁਤ ਘੱਟ ਕਦੇ ਕਦਾਈਂ  ਛੇ ਮਹੀਨੇ ਵਿੱਚ ਇੱਕ ਵਾਰ ਘਰੇ ਗੇੜਾ ਮਾਰਦਾ ਸੀ ।  ਇਸ ਤੋਂ ਪਹਿਲਾਂ ਵੀ ਬਾਰਵੀਂ ਜਮਾਤ ਤੱਕ ਦੀ ਪੜ੍ਹਾਈ ਉਸ ਨੇ ਘਰੋਂ ਬਾਹਰ ਰਹਿ ਕੇ ਹੀ ਕੀਤੀ ਸੀ ।  ਚਿਰਾਗ ਦੀ ਮਾਂ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਰਹਿ ਰਹੀ ਸੀ ।

ਆਪਣੀ ਮਾਂ ਦੀ ਬਿਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਚਿਰਾਗ ਤਾਂ ਬਾਹਰ ਜਾ ਕੇ ਪੜ੍ਹਨਾ ਹੀ ਨਹੀਂ ਚਾਹੁੰਦਾ ਸੀ ਪ੍ਰੰਤੂ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਕਹਿਣ ਤੇ ਉਹ ਗ੍ਰੈਜੁਏਸ਼ਨ ਦੀ ਪੜ੍ਹਾਈ ਕਰਨ ਲਈ ਦਿੱਲੀ ਚਲਾ ਗਿਆ ਸੀ । ਮਾਂ ਚਿਰਾਗ  ਨੂੰ ਕਈ ਵਾਰ ਕਹਿੰਦੀ ਕਿ ਕੁਝ ਸਮਾਂ ਘਰ ਵਿੱਚ ਉਸ ਨਾਲ ਬਿਤਾਏ ਪਰ ਚਿਰਾਗ ਦੀ ਪੜ੍ਹਾਈ ਦਾ ਰੁਝਾਨ  ਅਤੇ ਦਿੱਲੀ ਦੀ  ਮੌਜ ਮਸਤੀ ਉਸ ਨੂੰ ਘਰ ਬੈਠਣ ਨਹੀਂ ਸੀ ਦਿੰਦੀ ।

ਮਾਂ ਹਮੇਸ਼ਾਂ ਉਸ ਦੀ ਉਡੀਕ ਕਰਦੀ ਰਹਿੰਦੀ ਪਰ ਚਿਰਾਗ  ਪੰਜ – ਛੇ ਮਹੀਨੇ ਬਾਅਦ ਆਉਂਦਾ।  ਜਦੋ ਵੀ ਘਰ ਆਉਂਦਾ ਤਾਂ ਆਪਣੇ ਦੋਸਤਾਂ ਨਾਲ ਹੀ ਘੁੰਮਦਾ ਰਹਿੰਦਾ ਤੇ ਘਰ ਬਹੁਤ ਹੀ ਘੱਟ ਸਮਾਂ ਬਤੀਤ ਕਰਦਾ  । ਉਹ ਜਦ ਦਿੱਲੀ ਹੁੰਦਾ ਤਾਂ  ਆਪਣੀ ਮਾਂ ਤੋਂ ਵਾਰ ਵਾਰ ਨੂੰ ਫੋਨ ਕਰਕੇ ਦਵਾਈਆਂ ਦਾ ਅਤੇ ਤਬੀਅਤ ਦਾ ਪੁੱਛਦਾ ਰਹਿੰਦਾ ਪਰ ਜਦ ਉਸ ਦੀ ਮਾਂ ਉਸ ਨੂੰ ਘਰ ਆਉਣ ਨੂੰ ਕਹਿੰਦੀ  ਤਾਂ ਕੋਈ ਨਾ ਕੋਈ ਬਹਾਨਾ ਲਾ ਕੇ ਟਾਲ ਦਿੰਦਾ । ਚਿਰਾਗ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਮਾਂ ਦੀ ਬਿਮਾਰੀ ਦਾ ਸਭ ਤੋਂ ਵਧੀਆ ਇਲਾਜ ਉਸ ਵੱਲੋਂ ਆਪਣੀ ਮਾਂ ਨਾਲ ਗੁਜ਼ਰਿਆ ਸਮਾਂ ਹੈ।

ਤਾਲਾ ਬੰਦੀ ਦੌਰਾਨ ਬੱਸਾਂ, ਰੇਲ ਗੱਡੀਆਂ ਸਭ ਬੰਦ ਹੋ ਚੁੱਕੀਆਂ ਸਨ। ਹਰ ਤਰਫ ਕਰਫਿਊ ਦਾ ਮਾਹੌਲ ਸੀ । ਕੁਝ ਦਿਨ ਦਿੱਲੀ ਵਿੱਚ ਹੀ ਬਤੀਤ ਕਰਕੇ ਚਿਰਾਗ  ਕਿਸੇ ਤਰ੍ਹਾਂ  ਆਪਣੇ ਘਰ ਪਹੁੰਚ ਗਿਆ।

ਚਿਰਾਗ ਦੀ ਮਾਂ ਉਸ ਨੂੰ ਆਪਣੇ ਕੋਲ ਪਾ ਕੇ ਪਹਿਲਾਂ ਨਾਲੋਂ ਦੂਣੀ ਹੋ ਗਈ। ਤਾਲਾ ਬੰਦੀ ਤੇ ਕਰਫਿਊ ਕਾਰਨ ਕਿਤੇ ਵੀ ਬਾਹਰ ਆਉਣਾ ਜਾਣਾ ਬੰਦ ਸੀ। ਚਿਰਾਗ ਸਾਰਾ ਦਿਨ ਘਰ ਆਪਣੀ ਮਾਂ ਨਾਲ ਹੀ ਸਮਾਂ ਬਤੀਤ ਕਰਦਾ । ਉਸ ਨਾਲ ਖੇਡਦਾ , ਗੱਲਾਂ ਕਰਦਾ,  ਗਾਣੇ ਗਾਉਂਦਾ , ਵੀਡੀਓ ਬਣਾਉਂਦਾ ਅਤੇ ਉਸ ਦਾ ਧਿਆਨ ਰੱਖਦਾ । ਚਿਰਾਗ ਦੀ ਮਾਂ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਹੋਣ ਕਾਰਨ ਅੰਦਰੋਂ ਹੀ ਅੰਦਰੋਂ ਕਾਫ਼ੀ ਕਮਜ਼ੋਰ ਹੋ ਚੁੱਕੀ ਸੀ ਪਰ ਉਸ ਨੇ ਇਸ ਗੱਲ ਦਾ ਜ਼ਿਕਰ ਕਦੇ ਵੀ ਚਿਰਾਗ ਅੱਗੇ ਨਹੀਂ  ਕੀਤਾ ਸੀ ।

ਇੱਕ ਦਿਨ ਸਵੇਰੇ ਚਿਰਾਗ ਦੀ ਮਾਂ ਦੀ ਅਚਾਨਕ ਤਬੀਅਤ ਖਰਾਬ ਹੋ ਜਾਣ ਕਾਰਨ ਉਸ ਨੂੰ ਹਸਪਤਾਲ ਲੈ ਕੇ ਜਾਣਾ ਪਿਆ ।ਕਾਫੀ ਦਿਨ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਮਿਲਣ ਤੇ ਚਿਰਾਗ ਦੀ ਮਾਂ ਅੱਜ ਘਰ ਆਈ ਸੀ ।ਮਾਂ  ਹੁਣ ਮਹਿਸੂਸ ਹੋਣ ਲੱਗ ਪਿਆ ਸੀ ਕਿ ਉਸ ਦੇ ਕੋਲ ਬਹੁਤ ਘੱਟ ਸਮਾਂ ਬਾਕੀ ਹੈ। ਆਪਣੀ ਮਾਂ ਦੀ ਬਿਮਾਰੀ ਦੀ ਗੰਭੀਰਤਾ ਨੂੰ ਵੇਖਦੇ ਹੋਏ ਚਿਰਾਗ ਨੂੰ ਵੀ ਕਿਤੇ ਨਾ ਕਿਤੇ ਇਹ ਗੱਲ ਮਹਿਸੂਸ ਹੋ ਰਹੀ ਸੀ ।

ਇੱਕ ਸ਼ਾਮ ਨੂੰ ਚਿਰਾਗ ਦੀ ਮਾਂ ਉਸ  ਨੂੰ ਕਹਿਣ ਲੱਗੀ  ” ਮੈਨੂੰ ਹਮੇਸ਼ਾ ਉਡੀਕ ਰਹਿੰਦੀ ਸੀ ਕਿ ਤੂੰ ਕੁਝ ਸਮਾਂ ਮੇਰੇ ਨਾਲ ਬਿਤਾਵਾਂ ਪਰ  ਤੇਰੀ ਪੜ੍ਹਾਈ ਅਤੇ ਹੋਰ ਰੁਝੇਵਿਆਂ ਕਾਰਨ  ਇਹ ਕਦੇ ਵੀ ਸੰਭਵ ਨਹੀਂ  ਹੋ ਸਕਿਆ ਭਾਵੇਂ ਇਹ ਕਰੋਨਾ ਬਿਮਾਰੀ ਲੱਖਾਂ ਹੀ ਲੋਕਾਂ ਲਈ ਸ਼ਰਾਪ ਬਣ ਕੇ ਆਈ ਹੈ ਪਰ ਮੇਰੇ ਲਈ ਇਹ ਇੱਕ ਸੌਗਾਤ ਬਣ ਕੇ ਆਈ ਹੈ।  ਮੈਂ ਬਹੁਤ ਖੁਸ਼ ਹਾਂ ਕਿ ਮੈਨੂੰ ਇੰਨਾ ਸਮਾਂ ਤੇਰੇ ਨਾਲ ਬਿਤਾਉਣ ਦਾ ਮੌਕਾ ਮਿਲਿਆ ਹੈ।ਜੇ ਹੁਣ  ਮੈਨੂੰ ਮੌਤ ਆ ਵੀ ਜਾਵੇ ਤਾਂ ਮੈਨੂੰ ਕੋਈ ਗ਼ਮ ਨਹੀਂ।”

ਚਿਰਾਗ ਦੀਆਂ ਅੱਖਾਂ ਭਰ ਆਈਆਂ। ਉਹ ਮਾਂ ਦੇ ਗੱਲ ਲੱਗ ਕੇ ਰੋਣ ਲੱਗ ਪਿਆ । ਦੋਨੋਂ ਕਾਫ਼ੀ ਸਮਾਂ ਇਸੇ ਤਰ੍ਹਾਂ ਗੱਲਾਂ ਕਰਦੇ ਰਹੇ ।

ਕੁਝ ਦਿਨਾਂ ਬਾਅਦ ਫਿਰ ਚਿਰਾਗ਼ ਦੀ ਮਾਂ ਦੀ ਅਚਾਨਕ ਸਿਹਤ  ਖ਼ਰਾਬ ਹੋਈ ਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸ ਨੇ ਦਮ ਤੋੜ ਦਿੱਤਾ । ਸਾਰਾ ਪਰਿਵਾਰ ਸ਼ੋਕ ਦੇ ਗ਼ਮ ਵਿੱਚ ਡੁੱਬ ਗਿਆ ਸੀ ।  ਕੁਝ ਦਿਨਾਂ ਬਾਅਦ ਜਦੋਂ ਮੈਂ ਚਿਰਾਗ ਨੂੰ ਮਿਲਿਆ ਤਾਂ ਚਿਰਾਗ ਦੇ ਮੂੰਹ ਤੇ ਸਿਰਫ ਪਿਛਲੇ ਇੱਕ ਮਹੀਨੇ ਵਿੱਚ ਬਿਤਾਏ ਸਮੇਂ ਦੀਆਂ ਗੱਲਾਂ ਸਨ ਜੋ ਉਸ ਨੇ  ਆਪਣੀ ਮਾਂ ਨਾਲ ਕੀਤੀਆਂ ਸੀ।

ਮੈਂ ਜਦ ਉਸ ਦੀਆਂ ਸਭ ਗੱਲਾਂ ਸੁਣ ਕੇ ਵਾਪਸ ਘਰ ਨੂੰ ਜਾ ਰਿਹਾ ਸੀ ਤਾਂ ਮੇਰੇ ਦਿਮਾਗ ਵਿੱਚ ਬੱਸ ਇੱਕੋ ਹੀ ਗੱਲ ਘੁੰਮ ਰਹੀ ਸੀ ਕੇ  ਅਗਰ ਕਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ   ਨਾ ਹੁੰਦੀ ਤਾਂ ਚਿਰਾਗ ਦੀ  ਮਾਂ ਉਸ  ਸਮੇਂ  ਦੀ ਉਡੀਕ ਕਰਦੀ ਹੋਈ ਹੀ ਇਸ  ਦੁਨੀਆਂ ਤੋਂ ਚੱਲੀ ਜਾਂਦੀ ਜੋ ਉਸ ਨੇ ਇਸ ਤਾਲਾ ਬੰਦੀ ਦੇ ਦੌਰਾਨ ਆਪਣੇ ਬੇਟੇ ਨਾਲ ਬਿਤਾਇਆ ਸੀ।

ਅਸੀਂ ਆਪਣੇ ਮਾਂ ਬਾਪ ਨੂੰ ਹਰ ਖੁਸ਼ੀ ਦੇਣਾ ਚਾਹੁੰਦੇ ਹਾਂ ਬੱਸ ਕਈ ਵਾਰ ਉਨ੍ਹਾਂ ਦੀ ਇਹੀ ਉਡੀਕ ਪੂਰੀ ਨਹੀਂ ਕਰ ਪਾਉਂਦੇ  ਜੋ ਉਹ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣ ਦੀ ਹਮੇਸ਼ਾ ਬਣਾਈ ਰੱਖਦੇ ਹਨ । ਆਪਣੀ ਜ਼ਿੰਦਗੀ ਵਿੱਚ ਇੰਨਾ ਵੀ ਮਸਤ ਨਾ ਹੋਈਏ ਕਿ  ਜਿੰਨਾ ਨੇ ਤੁਹਾਨੂੰ ਜ਼ਿੰਦਗੀ ਦਿੱਤੀ ਹੈ ਉਨ੍ਹਾਂ ਨੂੰ ਹੀ ਸਮਾਂ ਦੇਣਾ ਭੁੱਲ ਜਾਈਏ।

                                            ਦੀਪ ਚੌਹਾਨ
                                         9464212566

Previous articleਬੰਦਾ ਬਹਾਦਰ ਵਾਲ਼ੇ ਰਾਹ
Next articleਜ਼ਿੰਦਗੀ ਕਿਵੇਂ ਜੀਵੀਏ ?