ਈਡੀ ਵੱਲੋਂ ਜੈੱਟ ਏਅਰਵੇਜ਼ ਦੇ ਬਾਨੀ ਖ਼ਿਲਾਫ਼ ਕੇਸ ਦਰਜ

ਮੁੰਬਈ- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਦੇ ਇਕ ਕੇਸ ਵਿੱਚ ਜੈੱਟ ਏਅਰਵੇਜ਼ ਦੇ ਬਾਨੀ ਨਰੇਸ਼ ਗੋਇਲ ਤੇ ਕੁਝ ਹੋਰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੌਰਾਨ ਈਡੀ ਵੱਲੋਂ ਗੋਇਲ ਦੇ ਵੱਖ ਵੱਖ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਹੈ। ਅਧਿਕਾਰੀਆਂ ਨੇ ਕਿਹਾ ਕਿ ਮੁੰਬਈ ਪੁਲੀਸ ਵੱਲੋਂ ਗੋਇਲ ਖ਼ਿਲਾਫ਼ ਦਾਇਰ ਸੱਜਰੀ ਐੱਫਆਈਆਰ ਦਾ ਨੋਟਿਸ ਲੈਂਦਿਆਂ ਏਅਰਲਾਈਨ ਦੇ ਸਾਬਕਾ ਚੇਅਰਮੈਨ ਖ਼ਿਲਾਫ਼ ਪੀਐੱਮਐੱਲ ਐਕਟ ਤਹਿਤ ਅਪਰਾਧਿਕ ਕੇਸ ਦਰਜ ਕੀਤਾ ਗਿਆ ਹੈ।
ਅਧਿਕਾਰੀਆਂ ਨੇ ਕਿਹਾ ਕਿ ਕੇਸ ਦਰਜ ਕਰਨ ਮਗਰੋਂ ਈਡੀ ਨੇ ਲੰਘੇ ਦਿਨ ਗੋਇਲ ਦੇ ਮੁੰਬਈ ਸਥਿਤ ਟਿਕਾਣਿਆਂ ’ਤੇ ਛਾਪੇ ਮਾਰੇ ਤੇ ਉਸ ਕੋਲੋਂ ਪੁੱਛਪੜਤਾਲ ਵੀ ਕੀਤੀ। ਕੇਂਦਰੀ ਜਾਂਚ ਏਜੰਸੀ ਨੇ ਗੋਇਲ ਨੂੰ ਪਿਛਲੇ ਸਾਲ ਸਤੰਬਰ ਵਿੱਚ ਫੌਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਤਹਿਤ ਘੇਰੇ ਵਿੱਚ ਲੈ ਕੇ ਤਫ਼ਤੀਸ਼ ਕੀਤੀ ਸੀ। ਈਡੀ ਨੇ ਬੀਤੇ ਵਿੱਚ ਦਾਅਵਾ ਕੀਤਾ ਸੀ ਕਿ ਗੋਇਲ ਦੇ ਕਾਰੋਬਾਰੀ ਐਂਪਾਇਰ ਵਿੱਚ 19 ਨਿੱਜੀ ਕੰਪਨੀਆਂ ਹਨ, ਜਿਨ੍ਹਾਂ ਵਿੱਚੋਂ ਪੰਜ ਵਿਦੇਸ਼ ਵਿੱਚ ਰਜਿਸਟਰਡ ਹਨ। ਗੋਇਲ ਨੇ ਪਿਛਲੇ ਸਾਲ ਅਪਰੈਲ ਵਿੱਚ ਜੈੱਟ ਏਅਰਵੇਜ਼ ਦੇ ਅਪਰੇਸ਼ਨਾਂ ਨੂੰ ਠੱਪ ਕਰਨ ਤੋਂ ਇਕ ਮਹੀਨਾ ਪਹਿਲਾਂ ਚੇਅਰਮੈਨੀ ਤੋਂ ਅਸਤੀਫ਼ਾ ਦੇ ਦਿੱਤਾ ਸੀ।

Previous articleਖਾਲਸਾਈ ਜਾਹੋ-ਜਲਾਲ ਨਾਲ ਛੇ ਰੋਜ਼ਾ ਹੋਲਾ ਮਹੱਲਾ ਸ਼ੁਰੂ
Next articleਘਰੇਲੂ ਹਿੰਸਾ: ਡੀਐੱਸਪੀ ਸੋਨੀ ਪ੍ਰੋਡਕਸ਼ਨ ਵਾਰੰਟ ’ਤੇ ਗ੍ਰਿਫ਼ਤਾਰ