ਈਡੀ ਨੂੰ ਚਿਦੰਬਰਮ ਤੋਂ ਪੁੱਛ-ਪੜਤਾਲ ਲਈ ਹਰੀ ਝੰਡੀ

* ਏਜੰਸੀ ਨੂੰ ਤਿਹਾੜ ਜੇਲ੍ਹ ’ਚ ਪੁੱਛਗਿੱਛ ਦੀ ਮਿਲੀ ਇਜਾਜ਼ਤ, ਲੋੜ ਪੈਣ ’ਤੇ ਗ੍ਰਿਫ਼ਤਾਰ ਕਰਨ ਦੀ ਵੀ ਦਿੱਤੀ ਖੁੱਲ੍ਹ
* ਨਿਯਮਤ ਜ਼ਮਾਨਤ ਲਈ ਸੁਪਰੀਮ ਕੋਰਟ ਪੁੱਜੇ ਸਾਬਕਾ ਵਿੱਤ ਮੰਤਰੀ

ਦਿੱਲੀ ਦੀ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੂੰ ਆਈਐੱਨਐਕਸ ਮੀਡੀਆ ਮਨੀ ਲਾਂਡਰਿੰਗ ਕੇਸ ਵਿੱਚ ਸਾਬਕਾ ਵਿੱਤ ਮੰਤਰੀ ਪੀ.ਚਿਦੰਬਰਮ ਤੋਂ ਤਿਹਾੜ ਜੇਲ੍ਹ ਵਿੱਚ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਜਾਂਚ ਏਜੰਸੀ ਨੇ ਸਾਬਕਾ ਵਿੱਤ ਮੰਤਰੀ ਦਾ ਰਿਮਾਂਡ ਮੰਗਿਆ ਸੀ, ਪਰ ਜੱਜ ਨੇ ਇਸ ਨੂੰ ਸਮੇਂ ਤੋਂ ਪਹਿਲਾਂ ਦੀ ਕਾਰਵਾਈ ਦੱਸ ਦੇ ਕੇ ਟਾਲ ਦਿੱਤਾ। ਉਂਜ, ਜੱਜ ਨੇ ਸਾਫ਼ ਕਰ ਦਿੱਤਾ ਕਿ ਏਜੰਸੀ ਲੋੜ ਪੈਣ ’ਤੇ ਚਿਦੰਬਰਮ ਨੂੰ ਗ੍ਰਿਫ਼ਤਾਰ ਕਰ ਸਕਦੀ ਹੈ। ਇਸ ਦੌਰਾਨ ਚਿਦੰਬਰਮ ਆਈਐੱਨਐਕਸ ਮੀਡੀਆ ਭ੍ਰਿਸ਼ਟਾਚਾਰ ਕੇਸ ਵਿੱਚ ਨਿਯਮਤ ਜ਼ਮਾਨਤ ਲਈ ਅੱਜ ਸੁਪਰੀਮ ਕੋਰਟ ਪੁੱਜ ਗਏ। ਸਾਬਕਾ ਵਿੱਤ ਮੰਤਰੀ ਨੇ ਦਾਅਵਾ ਕੀਤਾ ਕਿ ਸੀਬੀਆਈ ਉਸ ਨੂੰ ਜੁਡੀਸ਼ੀਅਲ ਹਿਰਾਸਤ ਵਿੱਚ ਰੱਖ ਕੇ ਜ਼ਲੀਲ ਕਰਨਾ ਚਾਹੁੰਦੀ ਹੈ। ਇਸ ਤੋਂ ਪਹਿਲਾਂ ਦਿੱਲੀ ਅਦਾਲਤ ਦੇ ਵਿਸ਼ੇਸ਼ ਜੱਜ ਅਜੈ ਕੁਮਾਰ ਕੁਹਰ ਨੇ ਈਡੀ ਨੂੰ ਸਾਬਕਾ ਵਿੱਤ ਮੰਤਰੀ ਤੋਂ ਪੁੱਛ-ਪੜਤਾਲ ਦੀ ਖੁੱਲ੍ਹ ਦਿੰਦਿਆਂ ਕਿਹਾ ਕਿ ਏਜੰਸੀ ਬੁੱਧਵਾਰ ਨੂੰ ਚਿਦੰਬਰਮ ਤੋਂ ਤਿਹਾੜ ਜੇਲ੍ਹ ਵਿੱਚ ਪੁੱਛਗਿੱਛ ਕਰ ਸਕਦੀ ਹੈ। ਜੱਜ ਨੇ ਕਿਹਾ ਕਿ ਏਜੰਸੀ ਲੋੜ ਪੈਣ ’ਤੇ ਸਾਬਕਾ ਵਿੱਤ ਮੰਤਰੀ ਨੂੰ ਗ੍ਰਿਫ਼ਤਾਰ ਵੀ ਕਰ ਸਕਦੀ ਹੈ। ਉਧਰ ਸੁਪਰੀਮ ਕੋਰਟ ਵਿੱਚ ਸੀਨੀਅਰ ਵਕੀਲ ਕਪਿਲ ਸਿੱਬਲ ਤੇ ਅਭਿਸ਼ੇਕ ਮਨੂ ਸਿੰਘਵੀ ਨੇ ਚਿਦੰਬਰਮ ਵੱਲੋਂ ਪੇਸ਼ ਹੁੰਦਿਆਂ ਆਪਣੇ ਮੁਵੱਕਿਲ ਲਈ ਨਿਯਮਤ ਜ਼ਮਾਨਤ ਦੀ ਮੰਗ ਕੀਤੀ ਹੈ।

Previous articleਧਾਰਾ 370 ਖ਼ਤਮ ਕਰ ਕੇ ਸਰਕਾਰ ਨੇ ਅਤਿਵਾਦ ਖ਼ਿਲਾਫ਼ ‘ਫ਼ੈਸਲਾਕੁਨ ਲੜਾਈ’ ਆਰੰਭੀ: ਸ਼ਾਹ
Next articleਰੱਖਿਆ ਸਾਜ਼ੋ-ਸਾਮਾਨ ਦੇਸ਼ ਵਿੱਚ ਹੀ ਵਿਕਸਤ ਹੋਵੇ: ਰਾਜਨਾਥ