ਇੰਜੀਨੀਅਰ ਤੇ ਗਾਇਕੀ ਦਾ ਸੁਮੇਲ ਪਰਮਿੰਦਰ ਅਲਬੇਲਾ

(ਸਮਾਜ ਵੀਕਲੀ)

ਜਦੋਂ ਤੋਂ ਮੈਂ ਹੋਸ਼ ਸੰਭਾਲੀ ਹੈ ਮੈਨੂੰ ਚੰਗੀ ਪੰਜਾਬੀ ਗਾਇਕੀ ਨਾਲ ਲੋਹੜੇ ਦਾ ਪਿਆਰ ਹੈ ਪ੍ਰਾਇਮਰੀ ਸਕੂਲ ਵਿੱਚ ਪੜ੍ਹਦੇ ਸਮੇਂ ਮੇਰੇ ਅਧਿਆਪਕ ਗੀਤਕਾਰ ਹਰਨੇਕ ਸਿੰਘ ਸੋਹੀ ਪੜ੍ਹਾਈ ਦੇ ਨਾਲ ਪੰਜਾਬੀ ਗਾਇਕੀ ਦੀਆਂ ਗੱਲਾਂ ਸਾਡੇ ਨਾਲ ਅਕਸਰ ਕਰਿਆ ਕਰਦੇ ਸਨ ਪੰਜਾਬੀ ਦੇ ਉੱਚ ਪੱਧਰ ਦੇ ਗਾਇਕ ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ ਜੀ ਦਾ ਉਨ੍ਹਾਂ ਕੋਲ ਅਕਸਰ ਆਉਣਾ ਜਾਣਾ ਰਹਿੰਦਾ ਸੀ ਸਾਡੇ ਲਈ ਉਨ੍ਹਾਂ ਤੋਂ ਇੱਕ ਦੋ ਗੀਤ ਵੀ ਮਨੋਰੰਜਨ ਤੇ ਜਾਣਕਾਰੀ ਲਈ ਪੇਸ਼ ਕਰਵਾ ਦਿੰਦੇ ਸਨ।

ਉਸ ਸਮੇਂ ਦੀ ਗਾਇਕੀ ਜੋ ਪੰਜਾਬੀ ਮਾਂ ਬੋਲੀ ਦਾ ਆਧਾਰ ਸੀ ਉਸ ਨਾਲ ਮੈਂ ਅਜਿਹਾ ਜੁੜ ਗਿਆ ਆਪਣੇ ਪਿੰਡ ਦੇ ਨੇੜੇ ਤੇੜੇ ਕਿਸੇ ਵੀ ਗਾਇਕ ਦਾ ਅਖਾੜਾ ਲੱਗਣਾ ਮੈਂ ਵੇਖਣਾ ਨਾ ਭੁੱਲਦਾ ਉਸ ਤੋਂ ਬਾਅਦ ਤਵਿਆਂ ਤੇ ਅੱਗੇ ਵੱਧਦਾ ਸੀਡੀ ਤੱਕ ਆ ਪਹੁੰਚਿਆ ਮੈਂ ਆਪਣੀ ਪਸੰਦ ਅਨੁਸਾਰ ਤਵੇ ਤੇ ਸੀਡੀ ਖਰੀਦਣਾ ਕਦੇ ਨਹੀਂ ਸੀ ਭੁੱਲਦਾ ਗਾਇਕੀ ਨਾਲ ਮੇਰਾ ਗੂੜ੍ਹਾ ਪ੍ਰੇਮ ਹੋ ਚੁੱਕਿਆ ਸੀ ਗਾਇਕੀ ਦੀ ਰਿਕਾਰਡਿੰਗ ਦੀ ਤਕਨੀਕ ਵੀ ਬਦਲਦੀ ਗਈ ਯੂ ਟਿਊਬ ਫੇਸਬੁੱਕ ਤੇ ਗਾਇਕ ਆ ਗਏ ਮੈਂ ਕੁਝ ਖਾਸ ਵਿਸ਼ਿਆਂ ਤੇ ਅਕਸਰ ਲੇਖ ਲਿਖ ਕੇ ਅਖ਼ਬਾਰਾਂ ਵਿੱਚ ਛੁਪਾਉਂਦਾ ਰਹਿੰਦਾ ਹਾਂ।

ਜਦੋਂ ਵੀ ਮੈਂ ਕਿਸੇ ਨੌਜਵਾਨ ਮੁੰਡੇ ਜਾਂ ਕੁੜੀ ਦੇ ਹੱਥ ਸਮਾਰਟਫੋਨ ਵੇਖਦਾ ਹਾਂ ਉਨ੍ਹਾਂ ਦੀ ਨਿਗ੍ਹਾ ਹਮੇਸ਼ਾਂ ਗੱਲਾਂ ਕਰਦੇ ਹੋਏ ਹੀ ਫੋਨ ਤੇ ਲੱਗੀ ਰਹਿੰਦੀ ਹੈ ਜਾਣਕਾਰੀ ਲੈਣ ਤੇ ਪਤਾ ਲੱਗਿਆ ਕਿ ਫੇਸਬੁੱਕ ਨੂੰ ਵੇਖਣਾ ਸਾਡੀ ਨੌਜਵਾਨ ਪੀੜ੍ਹੀ ਪਹਿਲ ਦਿੰਦੀ ਹੈ ਇਸ ਵਿਸ਼ੇ ਨੂੰ ਮੁੱਖ ਰੱਖ ਕੇ ਮੈਂ ਫੇਸਬੁੱਕ ਤੇ ਆਪਣੀ ਖੋਜ ਕਰਨੀ ਚਾਲੂ ਕਰ ਦਿੱਤੀ ਤਾਂ ਅਚਾਨਕ ਇੱਕ ਦਿਨ ਮੈਨੂੰ ਫੇਸਬੁੱਕ ਵਿੱਚ ਪਰਮਿੰਦਰ ਅਲਬੇਲਾ ਜੀ ਦਾ ਇੱਕ ਗੀਤ ਸੁਣਨ ਨੂੰ ਮਿਲਿਆ ਜੋ ਕਿ ਮੈਨੂੰ ਬੇਹੱਦ ਪਸੰਦ ਆਇਆ।

ਫੇਸਬੁੱਕ ਵਿੱਚੋਂ ਮੈਂ ਉਸ ਦਾ ਫੋਨ ਨੰਬਰ ਲੈ ਕੇ ਉਸ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਮੈਂ ਉਸ ਨੂੰ ਇੱਕ ਖਾਸ ਪ੍ਰੋਗਰਾਮ ਵਿੱਚ ਮਿਲਿਆ ਜਿਸ ਵਿੱਚ ਉਸ ਦੀ ਜ਼ਾਤੀ ਜ਼ਿੰਦਗੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਉਸ ਦੇ ਪਿਤਾ ਜੀ ਦਾ ਨਾਮ ਰਾਮ ਸਿੰਘ ਹੈ ਪਿੰਡ ਨਰੈਣਗੜ੍ਹ ਜੋ ਅਮਲੋਹ ਸ਼ਹਿਰ ਦੇ ਨੇੜੇ ਹੈ ਤੇ ਜ਼ਿਲ੍ਹਾ ਫ਼ਤਿਹਗੜ੍ਹ ਹੈ ਪਰਮਿੰਦਰ ਸਿੰਘ ਦਾ ਜਨਮ ਜਨਵਰੀ 1984 ਵਿੱਚ ਇੱਕ ਸੰਗੀਤਕ ਪਰਿਵਾਰ ਦੇ ਘਰ ਹੋਇਆ ਉਸ ਦੇ ਪਿਤਾ ਜੀ ਤੇ ਤਾਇਆ ਜੀ ਸਥਾਪਤ ਗਾਇਕ ਹਨ।

ਉਸ ਨੇ ਦੱਸਿਆ ਬਚਪਨ ਤੋਂ ਹੀ ਮੈਨੂੰ ਗਾਉਣ ਦਾ ਸ਼ੌਕ ਸੀ ਸਕੂਲ ਵਿੱਚ ਮੈਂ ਦੂਸਰੀ ਤੀਸਰੀ ਕਲਾਸ ਤੋਂ ਹੀ ਗਾਉਣ ਲੱਗ ਗਿਆ ਸੀ ਕਿਉਂਕਿ ਘਰ ਵਿੱਚੋਂ ਮਿਲੀ ਹੋਈ ਗੁੜ੍ਹਤੀ ਉਸ ਨੂੰ ਗਾਇਕੀ ਦੀ ਮੁਫਤ ਸਿੱਖਿਆ ਮਿਲਦੀ ਸੀ ਜਦੋਂ ਵੀ ਸਕੂਲ ਚ ਕੋਈ ਪ੍ਰੋਗਰਾਮ ਹੋਣਾ ਹਰ ਪ੍ਰੋਗਰਾਮ ਵਿੱਚ ਪਰਮਿੰਦਰ ਸਿੰਘ ਹਿੱਸਾ ਲੈਂਦਾ ਸੀ ਮੁਕਾਬਲੇ ਵਿੱਚ ਹਿੱਸਾ ਲੈਣ ਤੇ ਪਹਿਲਾਂ ਨੰਬਰ ਪ੍ਰਾਪਤ ਕਰਦਾ ਸੀ ਆਪਣੇ ਪਿਤਾ ਜੀ ਤੇ ਤਾਇਆ ਜੀ ਨਾਲ ਪ੍ਰੋਗਰਾਮਾਂ ਵਿੱਚ ਵੀ ਤੇਰਾਂ ਚੌਦਾਂ ਸਾਲ ਜਾਂਦਾ ਰਿਹਾ।

ਸਕੂਲੀ ਪੜ੍ਹਾਈ ਤੋਂ ਬਾਅਦ ਪਰਮਿੰਦਰ ਸਿੰਘ ਨੇ ਆਈਟੀਆਈ ਦੀ ਸਿੱਖਿਆ ਪ੍ਰਾਪਤ ਕਰਨੀ ਚਾਲੂ ਕੀਤੀ ਕਿਉਂਕਿ ਅੱਜ ਕੱਲ੍ਹ ਜ਼ਰੂਰੀ ਨਹੀਂ ਕਿ ਗਾਇਕੀ ਵਿੱਚ ਏਨੀ ਕਮਾਈ ਹੋ ਜਾਵੇ ਕਿ ਕਾਰੋਬਾਰ ਘਰ ਦਾ ਸਾਰਾ ਖਰਚਾ ਤੋਰਿਆ ਜਾ ਸਕੇ ਮਕੈਨੀਕਲ ਫਿਟਰ ਦਾ ਡਿਪਲੋਮਾ ਕਰਨ ਤੋਂ ਬਾਅਦ ਰੇਲਵੇ ਵਿਭਾਗ ਦਾ ਲੁਧਿਆਣਾ ਸ਼ਹਿਰ ਵਿੱਚ ਸਥਾਪਤ ਕਾਰਖਾਨੇ ਵਿੱਚ ਨੌਕਰੀ ਮਿਲ ਕਈ ਜਿੱਥੋਂ ਤੋਰੀ ਫੁਲਕਾ ਆਰਾਮ ਨਾਲ ਮਿਲਣ ਲੱਗਿਆ ਪਰ ਗਾਇਕੀ ਦਾ ਸ਼ੌਕ ਨਾਲੋਂ ਨਾਲ ਪਾਲਦਾ ਰਿਹਾ।

ਰੇਲਵੇ ਦੇ ਕਾਰਖਾਨੇ ਵਿੱਚ ਕੋਈ ਵੀ ਪ੍ਰੋਗਰਾਮ ਹੋਣਾ ਜਿਸ ਵਿੱਚ ਪਰਮਿੰਦਰ ਵਧ ਚੜ੍ਹ ਕੇ ਹਿੱਸਾ ਲੈਂਦਾ ਸੀ ਆਪਣਾ ਬਸੇਰਾ ਨੌਕਰੀ ਮਿਲਣ ਕਾਰਨ ਲੁਧਿਆਣਾ ਵਿਖੇ ਹੀ ਪੱਕੇ ਤੌਰ ਤੇ ਹੀ ਸਥਾਪਤ ਕਰ ਲਿਆ ਲੁਧਿਆਣਾ ਗਾਇਕਾਂ ਦੀ ਮਹਾਨ ਮੰਡੀ ਹੈ ਦੇ ਨਾਮ ਨਾਲ ਅਲਬੇਲਾ ਲਗਾਉਣ ਸਬੰਧੀ ਮੈਂ ਪੁੱਛਿਆ ਉਸ ਨੇ ਦੱਸਿਆ ਕਿ ਮੈਂ ਆਪਣੀ ਗਾਇਕੀ ਤੇ ਲਿਖਣ ਦੀ ਸਿੱਖਿਆ ਆਪਣੇ ਪਿਤਾ ਜੀ ਤੇ ਤਾਇਆ ਜੀ ਤੋਂ ਲਈ ਹੈ।

ਤਾਇਆ ਜੀ ਗਾਇਕ ਹੋਣ ਕਾਰਨ ਪਰਮਿੰਦਰ ਸਿੰਘ ਦੇ ਤਾਇਆ ਜੀ ਦਾ ਨਾਮ ਗਿਆਨੀ ਕਰਮ ਸਿੰਘ ਅਲਬੇਲਾ ਸੀ ਤਾਇਆ ਜੀ ਤੋਂ ਹੀ ਜ਼ਿਆਦਾ ਲਿਖਣਾ ਅਤੇ ਗਾਉਣਾ ਸਿੱਖਿਆ ਤੇ ਉਨ੍ਹਾਂ ਵਾਲਾ ਤਖੱਲਸ ਹੀ ਆਪਣੇ ਨਾਮ ਨਾਲ ਜੋੜ ਕੇ ਪਰਮਿੰਦਰ ਅਲਬੇਲਾ ਬਣ ਗਏ ਇਹ ਸਾਰੀ ਜਾਣਕਾਰੀ ਮੈਂ ਉਸ ਦੇ ਅਨੇਕਾਂ ਵੱਖ ਵੱਖ ਥਾਵਾਂ ਤੇ ਪ੍ਰੋਗਰਮ ਵੇਖੇ ਤੇ ਸੁਣੇ ਮੈਨੂੰ ਉਸ ਦਾ ਗਾਇਕੀ ਵਿੱਚ ਆਧਾਰ ਬਹੁਤ ਮਜ਼ਬੂਤ ਲੱਗਿਆ ਮੈਂ ਉਸ ਦੀ ਗਾਇਕੀ ਤੋਂ ਏਨਾ ਕਾਇਲ ਹੋ ।

ਗਿਆ ਅੱਜ ਕੱਲ੍ਹ ਗਾਇਕੀ ਵਿੱਚ ਜੋ ਵਿਗਾੜ ਆ ਰਿਹਾ ਹੈ ਸਾਰੀ ਦੁਨੀਆ ਜਾਣਦੀ ਹੈ ਪਰ ਇਸ ਨੌਜਵਾਨ ਗਾਇਕ ਵੱਲੋ ਗਾਏ ਜਾਂਦੇ ਸਾਰੇ ਗੀਤ ਸਾਡੀ ਮਾਂ ਬੋਲੀ ਪੰਜਾਬੀ ਦੀ ਹਾਮੀ ਭਰਦੇ ਹਨ ਇਸ ਦੇ ਗੀਤ ਸਾਡੀ ਮਾਂ ਬੋਲੀ ਪੰਜਾਬੀ ਦਾ ਥੰਮ ਸੀ ਮੇਰਾ ਆਕਾਸ਼ਵਾਣੀ ਤੇ ਦੂਰਦਰਸ਼ਨ ਜਲੰਧਰ ਨਾਲ ਲੰਮੇ ਸਮੇਂ ਤੋਂ ਬਹੁਤ ਗਹਿਰਾ ਨਾਤਾ ਹੈ ਪ੍ਰੋਗਰਾਮਾਂ ਵਿੱਚ ਸੁਧਾਰ ਲਈ ਮੇਰਾ ਉਪਰਾਲਾ ਚੱਲਦਾ ਹੀ ਰਹਿੰਦਾ ਹੈ ਜਿਸ ਕਾਰਨ ਮੇਰਾ ਚੱਕਰ ਜਲੰਧਰ ਆਮ ਲੱਗਦਾ ਹੀ ਰਹਿੰਦਾ ਹੈ।

ਪਟਿਆਲੇ ਤੋਂ ਮੈਂ ਜਲੰਧਰ ਜਾਣਾ ਸੀ ਰਸਤੇ ਵਿੱਚ ਲੁਧਿਆਣਾ ਹੈ ਮੈਂ ਪਰਮਿੰਦਰ ਅਲਬੇਲਾ ਦੇ ਭਵਿੱਖ ਬਾਰੇ ਸੋਚਦੇ ਹੋਏ ਉਸ ਨੂੰ ਫ਼ੋਨ ਰਾਹੀਂ ਸੱਦਾ ਦਿੱਤਾ ਕਿ ਤੁਸੀਂ ਏਨੇ ਵਜੇ ਬੱਸ ਅੱਡੇ ਤੇ ਆ ਜਾਵੋ ਆਪਾਂ ਨੇ ਆਕਾਸ਼ਵਾਣੀ ਜਲੰਧਰ ਕਿਸੇ ਕੰਮ ਲਈ ਜਾਣਾ ਹੈ ਉੱਥੇ ਪਹੁੰਚਣ ਤੇ ਮੈਂ ਉੱਚ ਅਧਿਕਾਰੀਆਂ ਨੂੰ ਦੱਸਿਆ ਕਿ ਇਹ ਲੜਕਾ ਬਹੁਤ ਸੋਹਣੇ ਗੀਤ ਗਾਉਂਦਾ ਹੈ ਉਨ੍ਹਾਂ ਨੇ ਯੂ ਟਿਊਬ ਵਿੱਚ ਰਿਕਾਰਡ ਉਸ ਦੇ ਕੁਝ ਗੀਤ ਸੁਣੇ ਜੋ ਸਾਰੇ ਉਨ੍ਹਾਨੂੰ ਬਹੁਤ ਚੰਗੇ ਲੱਗੇ ਉਨ੍ਹਾਂ ਨੇ ਕਿਹਾ ਤੁਸੀਂ ਫਾਰਮ ਭਰੋ ਅਸੀਂ ਤੁਹਾਨੂੰ ਆਕਾਸ਼ਵਾਣੀ ਦਾ ਪ੍ਰਵਾਨਿਤ ਕਲਾਕਾਰ ਬਣਾਵਾਂਗੇ ਤੇ ਤੁਹਾਡਾ ਭਵਿੱਖ ਉਜਵੱਲ ਹੋ ਜਾਵੇਗਾ।

ਕਰੋਨਾ ਮਹਾਂਮਾਰੀ ਕਾਰਨ ਉਸ ਦਾ ਨਤੀਜਾ ਹਾਲਾਂ ਰੁਕਿਆ ਹੋਇਆ ਹੈ ਪਰ ਉਸ ਦੀ ਗਾਇਕੀ ਸਾਫ਼ ਜਿੱਤ ਸਾਹਮਣੇ ਕੰਧ ਤੇ ਲਿਖੀ ਹੋਈ ਵਿਖਾ ਰਹੀ ਹੈ ਦੂਰਦਰਸ਼ਨ ਜਲੰਧਰ ਤੇ ਵੀ ਗਾਇਕੀ ਦੇ ਪ੍ਰੋਗਰਾਮਾਂ ਵਿੱਚ ਅਕਸਰ ਹਿੱਸਾ ਲੈਂਦਾ ਰਹਿੰਦਾ ਹੈ ਉਸ ਦੇ ਇਲਾਕੇ ਵਿੱਚ ਜਿੰਨੇ ਵੀ ਸਮਾਜਿਕ ਤੇ ਖੇਡਾਂ ਦੇ ਪ੍ਰੋਗਰਾਮ ਹੁੰਦੇ ਹਨ ਸਾਰੇ ਪ੍ਰੋਗਰਾਮਾਂ ਵਿੱਚ ਪ੍ਰਬੰਧਕ ਉਸ ਨੂੰ ਜ਼ਰੂਰ ਲੈ ਕੇ ਜਾਂਦੇ ਹਨ ਕਿਉਂਕਿ ਉਸ ਦੀ ਗਾਇਕੀ ਤੋਂ ਬਿਨਾਂ ਪ੍ਰੋਗਰਾਮ ਅਧੂਰੇ ਲੱਗਦੇ ਹਨ ਪਰਮਿੰਦਰ ਅਲਬੇਲਾ ਜੀ ਖੁਦ ਗੀਤਕਾਰ ਹਨ।

ਪਰ ਫਿਰ ਵੀ ਉਨ੍ਹਾਂ ਨੂੰ ਕੋਈ ਯੋਗ ਗੀਤਕਾਰ ਦੀ ਰਚਨਾ ਮਿਲ ਜਾਵੇ ਉਸ ਨੂੰ ਵੀ ਪਹਿਲ ਦਿੰਦੇ ਹਨ ਉਨ੍ਹਾਂ ਨੇ ਲੜੀਵਾਰ ਗੀਤਕਾਰ ਪਰਗਟ ਟਿਵਾਣਾ ਚਮਕੌਰ ਟਹਿਣਾ ਬਲਜੀਤ ਗਿੱਲ ਗੁਰਵਿੰਦਰ ਗੋਸਲ ਤੇ ਕੁਲਵੰਤ ਖਨੌਰੀ ਜੀ ਦੇ ਗੀਤ ਰਿਕਾਰਡ ਕਰਵਾਏ ਹਨ ਜਿਨ੍ਹਾਂ ਨੂੰ ਯੂ ਟਿਊਬ ਤੇ ਆਮ ਸਟੇਜਾਂ ਤੇ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਅੱਜਕਲ੍ਹ ਗਾਇਕ ਗੀਤਕਾਰਾਂ ਤੋਂ ਮੁਫ਼ਤ ਵਿੱਚ ਹੀ ਸੇਵਾ ਲੈਂਦੇ ਹਨ ਉਨ੍ਹਾਂ ਦੇ ਲਿਖੇ ਗੀਤ ਗਾ ਕੇ ਖੁਦ ਗੱਡੀਆਂ ਖਰੀਦ ਲੈਂਦੇ ਹਨ ਤੇ ਮਹਿਲ ਵਰਗੀਆਂ ਕੋਠੀਆਂ ਖੜ੍ਹੀਆਂ ਕਰ ਲੈਂਦੇ ਹਨ।

ਪਰ ਗੀਤਕਾਰ ਰੋਟੀ ਨੂੰ ਵੀ ਤਰਸਦੇ ਹਨ ਪਰਮਿੰਦਰ ਅਲਬੇਲਾ ਜੀ ਦਾ ਮੈਨੂੰ ਜਵਾਬ ਬਹੁਤ ਸੋਹਣਾ ਲੱਗਿਆ ਕਿ ਸਭ ਤੋਂ ਪਹਿਲਾਂ ਤਾਂ ਸਰੋਤੇ ਮੇਰਾ ਰੱਬ ਹਨ ਤੇ ਗੀਤਕਾਰ ਮੇਰੀ ਜੜ੍ਹ ਹਨ ਦੋਨਾਂ ਦਾ ਜੇ ਸਾਥ ਛੁੱਟ ਜਾਵੇ ਤਾਂ ਮੇਰੀ ਗਾਇਕੀ ਖਤਮ ਹੋ ਜਾਵੇਗੀ ਮੈਂ ਹਰ ਗੀਤਕਾਰ ਨੂੰ ਬਣਦੀ ਸੇਵਾ ਦਾ ਹਿੱਸਾ ਜ਼ਰੂਰ ਦਿੰਦਾ ਹਾਂ ਅਲਬੇਲਾ ਸਾਹਿਬ ਦੀ ਇੱਕ ਮੈਂ ਹੋਰ ਖਾਸੀਅਤ ਵੇਖੀ ਇਹ ਪ੍ਰੋਗਰਾਮ ਕਰਨ ਲਈ ਇਨ੍ਹਾਂ ਦੀ ਕੋਈ ਸੀਮਤ ਕੀਮਤ ਨਹੀਂ ਹੈ ਖੁਸ਼ੀ ਖੁਸ਼ੀ ਜੋ ਦੇ ਦਿੰਦੇ ਹਨ ਪ੍ਰਵਾਨ ਹੈ ਪਰ ਹਰ ਪ੍ਰੋਗਰਾਮ ਵਿੱਚ ਹਿੱਸਾ ਲੈ ਕੇ ਖੁੱਲ੍ਹਾ ਸਮਾਂ ਸਰੋਤਿਆਂ ਦਾ ਮਨੋਰੰਜਨ ਕਰਦੇ ਹਨ।

ਮੈਂ ਪੁੱਛਿਆ ਅੱਜ ਕੱਲ੍ਹ ਗਾਇਕ ਅਸ਼ਲੀਲ ਗੀਤ ਗਾ ਕੇ ਨੌਜਵਾਨ ਵਰਗ ਵਿੱਚ ਥੋੜ੍ਹੇ ਮਸ਼ਹੂਰ ਹੋ ਕੇ ਫ਼ਿਲਮਾਂ ਵੱਲ ਮੂੰਹ ਕਰ ਲੈਂਦੇ ਹਨ ਤੁਹਾਡਾ ਕੀ ਖਿਆਲ ਹੈ ਜਵਾਬ ਇਹ ਸੀ ਕਿ ਗਾਇਕੀ ਗਾਉਣ ਵਾਲੇ ਤੇ ਤੇ ਸੁਣਨ ਵਾਲੇ ਦੀ ਰੂਹ ਦੀ ਖ਼ੁਰਾਕ ਹੈ ਸਰੋਤਿਆਂ ਦੇ ਸਾਹਮਣੇ ਗਾ ਕੇ ਜੋ ਆਨੰਦ ਆਉਂਦਾ ਹੈ ਉਹ ਤਾਂ ਕਿਤੇ ਵੀ ਨਹੀਂ ਮਿਲ ਸਕਦਾ ਯੂ ਟਿਊਬ ਤੇ ਗੀਤ ਅਸੀਂ ਇਸ ਲਈ ਪਾਉਂਦੇ ਹਾਂ ਤਾਂ ਜੋ ਵੱਧ ਤੋਂ ਵੱਧ ਸਰੋਤੇ ਨਾਲ ਜੁੜਿਆ ਜਾ ਸਕੇ।

ਫ਼ਿਲਮਾਂ ਵਿੱਚ ਜਾ ਕੇ ਗੀਤ ਗਾ ਲਏ ਤਾਂ ਅਸੀਂ ਸਰੋਤਿਆਂ ਨਾਲੋਂ ਪੂਰਨ ਰੂਪ ਵਿੱਚ ਟੁੱਟ ਜਾਵਾਂਗੇ ਸਾਡੀ ਗਾਇਕੀ ਦਾ ਅੰਤ ਹੋ ਜਾਵੇਗਾ ਅਲਬੇਲਾ ਜੀ ਨੂੰ ਪੁੱਛਿਆ ਕਿ ਤੁਹਾਨੂੰ ਕਿਹੜੇ ਗਾਇਕਾਂ ਦੀ ਗਾਇਕੀ ਚੰਗੀ ਲੱਗਦੀ ਹੈ ਉਨ੍ਹਾਂ ਨੇ ਕਿਹਾ ਲਾਲ ਚੰਦ ਯਮਲਾ ਜੱਟ ਸੁਰਿੰਦਰ ਕੌਰ ਨੁਸਰਤ ਅਲੀ ਮੇਰੇ ਪਸੰਦ ਦੇ ਖਾਸ ਗਾਇਕ ਕੀ ਮੇਰੇ ਗੁਰੂ ਹਨ ਗੀਤਕਾਰਾਂ ਵਿੱਚ ਬਾਬੂ ਸਿੰਘ ਮਾਨ ਦੀਦਾਰ ਸੰਧੂ ਗੁਰਦੇਵ ਸਿੰਘ ਮਾਨ ਤੇ ਕੁਲਵੰਤ ਖਨੌਰੀ ਜੀ ਦੇ ਗੀਤ ਮੈਨੂੰ ਬੇਹੱਦ ਪਸੰਦ ਹਨ।

ਇੱਕ ਉਨ੍ਹਾਂ ਨੇ ਖਾਸ ਗੱਲ ਦੱਸੀ ਕਿ ਫੇਸਬੁੱਕ ਤੇ ਕੁਲਵੰਤ ਖਨੌਰੀ ਜੀ ਦਾ ਮਾਂ ਬੋਲੀ ਦੀਆਂ ਗੱਲਾਂ ਕਰਦਾ ਇੱਕ ਗੀਤ ਸੁਣਿਆ ਜੋ ਉਨ੍ਹਾਂ ਨੇ ਖ਼ੁਦ ਗਾਇਆ ਹੋਇਆ ਸੀ ਮੈਨੂੰ ਇੰਨਾ ਚੰਗਾ ਲੱਗਿਆ ਕਿ ਮੈਂ ਤੁਰੰਤ ਉਸ ਦੀ ਤਰਜ਼ ਬਣਾ ਕੇ ਤੇ ਹਰਮੋਨੀਅਮ ਲੈ ਕੇ ਰਿਕਾਰਡ ਕਰਵਾ ਦਿੱਤਾ ਤੇ ਰਿਕਾਰਡਿੰਗ ਉਨ੍ਹਾਂ ਨੂੰ ਭੇਜ ਦਿੱਤੀ ਕਹਿੰਦੇ ਮੈਨੂੰ ਬਹੁਤ ਖੁਸ਼ੀ ਹੋਈ ਇੱਕ ਗੀਤਕਾਰ ਦਾ ਬਿਨਾਂ ਪੁੱਛੇ ਗੀਤ ਰਿਕਾਰਡ ਕਰਵਾਉਣਾ ਬਹੁਤ ਬੁਰੀ ਗੱਲ ਹੈ।

ਪਰ ਕੁਲਵੰਤ ਖਨੌਰੀ ਜੀ ਨੇ ਬੇਹੱਦ ਖੁਸ਼ੀ ਮਹਿਸੂਸ ਕੀਤੀ ਮੁੱਕਦੀ ਗੱਲ ਮੈਂ ਉਨ੍ਹਾਂ ਤੋਂ ਇੱਕ ਖ਼ਾਸ ਸੁਆਲ ਪੁੱਛਿਆ ਅਜੋਕੀ ਗਾਇਕੀ ਅੱਜ ਕੱਲ੍ਹ ਕਿੱਧਰ ਨੂੰ ਜਾ ਰਹੀ ਹੈ ਜੋ ਗਾਇਕ ਤੇ ਗੀਤਕਾਰ ਆਪਣੀ ਮਾਂ ਬੋਲੀ ਤੇ ਵਿਰਸੇ ਤੋਂ ਕੋਹਾਂ ਦੂਰ ਦੇ ਗੀਤ ਲਿਖ ਕੇ ਗਾ ਰਹੇ ਹਨ ਉਹ ਗਾਇਕ ਕਹਾਉਣ ਦੇ ਕਾਬਲ ਹੀ ਨਹੀਂ ਮੇਰੀ ਦੇਖੀ ਮਾਂ ਬੋਲੀ ਪੰਜਾਬੀ ਦੀ ਸੇਵਾ ਹੀ ਹੈ ਜਦੋਂ ਤੱਕ ਮੇਰਾ ਸਾਹ ਚੱਲੇਗਾ ਇਹ ਸੇਵਾ ਜਾਰੀ ਰਹੇਗੀ ਇਸ ਮਹਾਨ ਗਾਇਕ ਤੇ ਗੀਤਕਾਰ ਅਲਬੇਲਾ ਜੀ ਲਈ ਅਸੀਂ ਦੁਆਵਾਂ ਕਰਦੇ ਹਾਂ ਕਿ ਇਨ੍ਹਾਂ ਦੀ ਗਾਇਕੀ ਪੂਰੀ ਦੁਨੀਆਂ ਵਿੱਚ ਧੁੰਮਾਂ ਪਾਉਂਦੀ ਰਹੇ। ਆਮੀਨ!

 

 

 

 

 

 

ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ – 9914880392

Previous articleਸਾਡਾ ਧਰਮ ਕੀ ਹੋਵੇਗਾ; ਆਦਿ ਧਰਮ, ਬੁੱਧ ਜਾਂ ਰਵਿਦਾਸੀਆ ?
Next articleਅਮਰੀਕਾ 33593 ਭਾਰਤੀਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਵਿਚ ਲੱਗਾ-ਸਤਨਾਮ ਸਿੰਘ ਚਾਹਲ