ਇਸ ਸਾਲ ਹੇਮਕੁੰਟ ਯਾਤਰਾ ਸ਼ੁਰੂ ਹੋਣ ਦੇ ਆਸਾਰ ਮੱਧਮ

ਅੰਮ੍ਰਿਤਸਰ (ਸਮਾਜਵੀਕਲੀ): ਕਰੋਨਾਵਾਇਰਸ ਕਾਰਨ ਉਤਰਾਖੰਡ ਸਥਿਤ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਫਿਲਹਾਲ ਕੋਈ ਫੈਸਲਾ ਨਹੀਂ ਹੋਇਆ। ਮੌਜੂਦਾ ਹਾਲਾਤ ਮੁਤਾਬਕ ਇਹ ਸਾਲਾਨਾ ਯਾਤਰਾ ਇਸ ਵਰ੍ਹੇ ਸ਼ੁਰੂ ਹੋਣ ਦੀ ਸੰਭਾਵਨਾ ਘੱਟ ਹੈ। ਕੇਂਦਰ ਸਰਕਾਰ ਦੇ ਦਿਸ਼ਾ ਨਿਰਦੇਸ਼ ’ਤੇ ਵੱਖ ਵੱਖ ਸੂਬਿਆਂ ਵਿਚ ਧਰਮ ਸਥਾਨ ਸ਼ਰਧਾਲੂਆਂ ਵਾਸਤੇ ਖੋਲ ਦਿੱਤੇ ਗਏ ਹਨ ਪਰ ਉਤਰਾਖੰਡ ਸਥਿਤ ਗੁਰਦੁਆਰਾ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਸਰਕਾਰ ਵਲੋਂ ਫਿਲਹਾਲ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ ਹੈ।

ਗੁਰਦੁਆਰਾ ਗੋਬਿੰਦ ਘਾਟ ਦੇ ਮੈਨੇਜਰ ਸੇਵਾ ਸਿੰਘ ਨੇ ਦੱਸਿਆ ਕਿ ਹੁਣ ਤਕ ਸੂਬੇ ਦੀ ਸਰਕਾਰ ਵਲੋਂ ਇਸ ਸਾਲਾਨਾ ਯਾਤਰਾ ਨੂੰ ਸ਼ੁਰੂ ਕਰਨ ਬਾਰੇ ਕੋਈ ਹੁੰਗਾਰਾ ਨਹੀਂ ਮਿਲਿਆ ਹੈ ਅਤੇ ਨਾ ਹੀ ਕੋਈ ਦਿਸ਼ਾ ਨਿਰਦੇਸ਼ ਦਿਤੇ ਗਏ ਹਨ। ਯਾਤਰਾ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇਕ ਮਹੀਨੇ ਤੋਂ ਵੱਧ ਸਮਾਂ ਪ੍ਰਬੰਧਾਂ ਲਈ ਚਾਹੀਦਾ ਹੈ।

ਕਰੋਨਾ ਮਹਾਮਾਰੀ ਤੋਂ ਡਰਦਿਆਂ ਉਤਰਾਖੰਡ ਵਾਸੀ ਵੀ ਇਸ ਵਾਰ ਯਾਤਰਾ ਸ਼ੁਰੂ ਕਰਨ ਦੇ ਹੱਕ ਵਿਚ ਨਹੀਂ ਹਨ। ਉਤਰਾਖੰਡ ਸਥਿਤ ਚਾਰ ਧਾਮ ਗੰਗੋਤਰੀ, ਯਮੁਨਤਰੀ, ਕੇਦਾਰਨਾਥ ਅਤੇ ਬਦਰੀਨਾਥ ਵਿਖੇ ਵੀ ਹੁਣ ਤਕ ਹੋਰ ਸੂਬਿਆਂ ਦੇ ਯਾਤਰੂਆਂ ਦੀ ਆਮਦ ਨੂੰ ਹਰੀ ਝੰਡੀ ਨਹੀਂ ਦਿੱਤੀ ਗਈ ਹੈ। ਸਿਰਫ ਉਤਰਾਖੰਡ ਦੇ ਵਾਸੀਆਂ ਨੂੰ ਹੀ ਫਿਲਹਾਲ ਇਨਾਂ ਚਾਰ ਧਾਮਾਂ ’ਤੇ ਜਾਣ ਦੀ ਆਗਿਆ ਹੈ। ਇਨ੍ਹਾਂ ਚਾਰ ਧਾਮਾਂ ਦੀ ਯਾਤਰਾ ਵੀ ਮਈ ਦੇ ਮੱਧ ਵਿਚ ਸ਼ੁਰੂ ਹੋ ਜਾਂਦੀ ਹੈ।

Previous articleਵੀਸੀ ਦੇ ਘਰ ਅੱਗੇ ਧਰਨਾ ਦੇਣ ਮਗਰੋਂ ਪੰਜਾਬੀ ’ਵਰਸਿਟੀ ਕੈਂਪਸ ’ਚ ਪੂਟਾ ਵੱਲੋਂ ਮਾਰਚ
Next articleਵਾਦੀ ’ਚ ਨਸ਼ਾ ਤਸਕਰੀ ਤੇ ਅਤਿਵਾਦ ਗਠਜੋੜ ਦਾ ਪਰਦਾਫਾਸ਼: ਸੌ ਕਰੋੜ ਦੀ ਹੈਰੋਇਨ ਤੇ 1.34 ਕਰੋੜ ਬਰਾਮਦ