ਇਸਰੋ ਵੱਲੋਂ ਸੰਚਾਰ ਉਪਗ੍ਰਹਿ ਜੀਸੈਟ-30 ਲਾਂਚ

ਭਾਰਤ ਨੇ ਲੰਘੀ ਦੇਰ ਰਾਤ ਫਰੈਂਚ ਗੁਆਨਾ ਤੋਂ ਆਪਣਾ ਉੱਚ ਸਮਰੱਥਾ ਵਾਲਾ ਸੰਚਾਰ ਉੱਪਗ੍ਰਹਿ ਜੀਸੈਟ 30 ਸਫ਼ਲਤਾ ਨਾਲ ਲਾਂਚ ਕੀਤਾ। ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਨੇ ਅੱਜ ਇਹ ਜਾਣਕਾਰੀ ਦਿੱਤੀ। ਏਰੀਅਨ-5 ਰਾਕੇਟ ਰਾਹੀਂ ਭੇਜਿਆ ਗਿਆ ਇਹ ਉੱਪਗ੍ਰਹਿ ਉੱਚ ਸਮਰੱਥਾ ਵਾਲੀ ਟੈਲੀਵਿਜ਼ਨ, ਦੂਰਸੰਚਾਰ ਅਤੇ ਪ੍ਰਸਾਰਨ ਸੇਵਾਵਾਂ ਮੁਹੱਈਆ ਕਰੇਗਾ। ਇਸਰੋ ਨੇ ਇੱਥੇ ਦੱਸਿਆ ਕਿ ਜੀਸੈਟ-30 ਉੱਪ ਗ੍ਰਹਿ ਨੇ ਭਾਰਤੀ ਸਮੇਂ ਅਨੁਸਾਰ ਦੇਰ ਰਾਤ 2.35 ਵਜੇ ਦੱਖਣੀ ਅਮਰੀਕਾ ਦੇ ਉੱਤਰ-ਪੂਰਬੀ ਤੱਟ ’ਤੇ ਫਰਾਂਸੀਸੀ ਖੇਤਰ ਕੌਰੂ ਦੇ ਏਰੀਅਰ ਰਾਕੇਟ ਕੰਪਲੈਕਸ ਤੋਂ ਉਡਾਣ ਭਰੀ। ਯੋਰਪੀ ਲਾਂਚਿੰਗ ਸੇਵਾ ਦੇਣ ਵਾਲੇ ਏਰੀਅਨ ਸਪੇਸ ਦੇ ਏਰੀਅਨ-5 ਰਾਕੇਟ ਨੇ ਕਰੀਬ 38 ਮਿੰਟ ਦੀ ਉਡਾਣ ਤੋਂ ਬਾਅਦ ਉਪਗ੍ਰਹਿ ਨੂੰ ਉਸ ਦੀ ਧੁਰੀ ’ਚ ਸਥਾਪਤ ਕਰ ਦਿੱਤਾ। ਇਸਰੋ ਨੇ ਟਵੀਟ ਕੀਤਾ, ‘ਏਰੀਅਨ-5 ਵੀਏ251 ਰਾਹੀਂ ਭਾਰਤ ਦੇ ਸੰਚਾਰ ਉੱਪਗ੍ਰਹਿ ਜੀਸੈਟ 30 ਨੂੰ ਉਸ ਦੀ ਧੁਰੀ ’ਚ ਕਾਮਯਾਬੀ ਨਾਲ ਸਥਾਪਤ ਕੀਤਾ ਗਿਆ। ਹਮਾਇਤ ਲਈ ਸ਼ੁਕਰੀਆ।’ ਇਸਰੋ ਦੇ ਯੂਆਰ ਰਾਓ ਉਪਗ੍ਰਹਿ ਕੇਂਦਰ ਦੇ ਡਾਇਰੈਕਟਰ ਪੀ ਕੁਨ੍ਹੀਕ੍ਰਿਸ਼ਣਨ ਨੇ ਇਸ ਕਾਮਯਾਬੀ ਲਈ ਇਸਰੋ ਦੀ ਟੀਮ ਨੂੰ ਵਧਾਈ ਦਿੱਤੀ।

Previous articleAs good as dead, says Rahul on Davinder Singh case
Next articleOver 600 school kids to take part in Delhi’s R-Day parade