ਇਨਸਾਫ਼ ਟੀਮ ਪੰਜਾਬ ਵੱਲੋਂ ਖ਼ਸਖ਼ਸ ਦੀ ਖੇਤੀ ਲਈ ਮਾਰਚ

ਸ੍ਰੀ ਮੁਕਤਸਰ ਸਾਹਿਬ– ਨੌਜਵਾਨੀ, ਕਿਸਾਨੀ ਅਤੇ ਪਾਣੀਆਂ ਨੂੰ ਬਚਾਉਣ ਹਿੱਤ ਖ਼ਸ-ਖ਼ਸ ਦੀ ਖੇਤੀ ਨੂੰ ਮਾਨਤਾ ਦਿਵਾਉਣ ਲਈ ਮੇਲਾ ਮਾਘੀ ਮੌਕੇ ਇਨਸਾਫ ਟੀਮ ਪੰਜਾਬ ਵੱਲੋਂ ਬਠਿੰਡਾ ਰੋਡ ’ਤੇ ਇਕ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਵੀ ਕੀਤਾ। ਇਸ ਮੌਕੇ ਆਪਣੇ ਸੰਬੋਧਨ ਦੌਰਾਨ ਟੀਮ ਦੇ ਪ੍ਰਧਾਨ ਜਗਮੀਤ ਸਿੰਘ ਜੱਗਾ, ਯੂਐੱਸਕੇ ਦੇ ਪ੍ਰਧਾਨ ਹਰਭੇਜ ਸਿੰਘ ਸੇਖੋਂ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਜਗਸੀਰ ਸਿੰਘ ਸ਼ੀਨੀਵਾਲ, ਜਗਜੀਤ ਸਿੰਘ ਕਬਰਵਾਲਾ, ਪੰਜਾਬ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ, ਯੂਥ ਵਿੰਗ ਦੇ ਪ੍ਰਧਾਨ ਬਿੱਟੂ ਘੁੰਮਣ, ਓਨਕਾਰ ਸਿੰਘ ਭਦੌੜ, ਕਿਸਾਨ ਖੁਸ਼ਹਾਲ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਰਣਜੀਤ ਸਿੰਘ, ਖੰਨਾ ਦੋਰਾਹਾ ਗਰੁੱਪ ਦੇ ਪ੍ਰਧਾਨ ਰਣਜੀਤ ਸਿੰਘ ਰਾਜਗੜ੍ਹ, ਮਨੀ ਬੈਂਸ ਹੋਰਾਂ ਨੇ ਸਰਕਾਰਾਂ ’ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਪੰਜਾਬ ਵਿੱਚ ਸਿੰਥੈਟਿਕ ਨਸ਼ਿਆਂ ਨਾਲ ਜਵਾਨੀ ਮਰ ਰਹੀ ਹੈ ਪਰ ਸਰਕਾਰ ਇਸ ਮਸਲੇ ’ਤੇ ਗੰਭੀਰਤਾ ਨਾਲ ਵਿਚਾਰ ਨਹੀਂ ਕਰ ਰਹੀ ਹੈ ਕਿਉਂਕਿ ਸਿੰਥੈਟਿਕ ਅਤੇ ਮੈਡੀਕਲ ਦੇ ਮਾਰੂ ਨਸ਼ੇ ਕਥਿਤ ਤੌਰ ’ਤੇ ਸਰਕਾਰ ਦੇ ਦਲਾਲਾਂ ਦੁਆਰਾ ਵੇਚੇ ਜਾਦੇ ਹਨ ਅਤੇ ਡਰੱਗ ਮਾਫੀਆ ਸਿਆਸੀ ਲੀਡਰਾਂ ਨੂੰ ਵੱਡੇ ਪੱਧਰ ’ਤੇ ਇਲੈਕਸ਼ਨ ਫੰਡ ਦਿੰਦਾ ਹੈ। ਦੂਜੇ ਪਾਸੇ ਖ਼ਸਖ਼ਸ ਦੀ ਖੇਤੀ ਨਾਲ ਕਿਸਾਨ ਖੁਸ਼ਹਾਲ ਹੋ ਸਕਦੇ ਹਨ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਖ਼ਸਖ਼ਸ ਦੀ ਖੇਤੀ ਨਾ ਲਾਗੂ ਕੀਤੀ ਤਾਂ ਜਥੇਬੰਦੀਆਂ ਸਰਕਾਰ ਖ਼ਿਲਾਫ਼ ਵੱਡੇ ਪੱਧਰ ’ਤੇ ਸੰਘਰਸ਼ ਵਿੱਢਣਗੀਆਂ। ਇਸ ਮੌਕੇ ਮਹਿਲਾ ਆਗੂ ਸੁਰਜੀਤ ਕੌਰ ਭਿੰਡਰ, ਜੈ ਚੰਦ ਭੰਡਾਰੀ ਤੇ ਗੁਰਦੇਵ ਸਿੰਘ ਗੁਰੂਸਰ ਨੇ ਵੀ ਸੰਬੋਧਨ ਕੀਤਾ।

Previous articleਟਰੱਕ ਅਪਰੇਟਰਾਂ ਨੇ ਕਾਂਗਰਸੀ ਪ੍ਰਧਾਨ ਖਿ਼ਲਾਫ਼ ਜਾਮ ਲਾਇਆ
Next articleChina informs UNSC members it will raise Indo-Pak issue