ਇਜ਼ਰਾਇਲ ਤੇ ‘ਹਮਾਸ’ ਵੱਲੋਂ ਇਕ-ਦੂਜੇ ’ਤੇ ਹਮਲੇ ਜਾਰੀ

ਗਾਜ਼ਾ/ਯੋਰੋਸ਼ਲਮ (ਸਮਾਜ ਵੀਕਲੀ) : ਇਜ਼ਰਾਇਲ ਨੇ ਅੱਜ ਗਾਜ਼ਾ ਪੱਟੀ ਵਿਚ ਫ਼ਲਸਤੀਨੀ ਦਹਿਸ਼ਤਗਰਦਾਂ ਉਤੇ ਹੋਰ ਹਵਾਈ ਹਮਲੇ ਕੀਤੇ। ਇਜ਼ਰਾਇਲ ਦੇ ਵਪਾਰਕ ਕੇਂਦਰਾਂ ਉਤੇ ਵੀ ਗਾਜ਼ਾ ਵਿਚੋਂ ਲਗਾਤਾਰ ਰਾਕੇਟ ਦਾਗੇ ਜਾ ਰਹੇ ਹਨ। ਦੋਵਾਂ ਧਿਰਾਂ ਵਿਚ ਟਕਰਾਅ ਪੰਜਵੇਂ ਦਿਨ ਵਿਚ ਦਾਖਲ ਹੋ ਗਿਆ ਹੈ ਤੇ ਇਸ ਦੇ ਠੰਢਾ ਪੈਣ ਦੇ ਆਸਾਰ ਨਜ਼ਰ ਨਹੀਂ ਆ ਰਹੇ। ਗਾਜ਼ਾ ਵਿਚ ਕਰੀਬ 109 ਲੋਕ ਮਾਰੇ ਗਏ ਹਨ ਜਿਨ੍ਹਾਂ ਵਿਚ 29 ਬੱਚੇ ਸ਼ਾਮਲ ਹਨ। ਇਜ਼ਰਾਇਲ ਵਿਚ ਸੱਤ ਮੌਤਾਂ ਹੋਈਆਂ ਹਨ।

ਇਜ਼ਰਾਇਲ ਦੀ ਫ਼ੌਜ ਨੇ ਕਿਹਾ ਕਿ ਉਹ ਹਮਾਸ ਦੇ ਕਬਜ਼ੇ ਵਾਲੇ ਇਕ ਖੇਤਰ ਨੂੰ ਨਿਸ਼ਾਨਾ ਬਣਾ ਰਿਹਾ ਹੈ। ਇਜ਼ਰਾਇਲ ਦਾ ਕਹਿਣਾ ਹੈ ਕਿ ਸਰਹੱਦ ਪਾਰ ਦੇ ਕਿਸੇ ਇਲਾਕੇ ਉਤੇ ਕਬਜ਼ਾ ਨਹੀਂ ਕੀਤਾ ਗਿਆ ਹੈ। ਇਜ਼ਰਾਇਲ ਆਪਣੇ ਖੇਤਰ ਵਿਚੋਂ ਹੀ ਕਾਰਵਾਈ ਕਰ ਰਿਹਾ ਹੈ। ਉੱਤਰੀ ਗਾਜ਼ਾ ਦੇ ਵਾਸੀਆਂ ਨੇ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਇਲੀ ਫ਼ੌਜਾਂ ਉਨ੍ਹਾਂ ਦੇ ਇਲਾਕੇ ਵਿਚ ਦਾਖਲ ਨਹੀਂ ਹੋਈਆਂ। ਇਜ਼ਰਾਇਲੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗਾਜ਼ਾ ਦੇ ਸਭ ਤੋਂ ਤਕੜੇ ਅਤਿਵਾਦੀ ਸੰਗਠਨ ‘ਹਮਾਸ’ ਨੂੰ ਗੋਲੀਬੰਦੀ ਤੋਂ ਪਹਿਲਾਂ ਸਖ਼ਤੀ ਨਾਲ ਜਵਾਬ ਦਿੱਤਾ ਜਾਵੇਗਾ ਤੇ ਇਹ ਮੁਹਿੰਮ ਅਜੇ ‘ਹੋਰ ਸਮਾਂ ਚੱਲੇਗੀ।’

ਇਜ਼ਰਾਇਲ ਤੇ ਗਾਜ਼ਾ ਦੀ ਸਰਹੱਦ ਉਤੇ ਰਹਿ ਰਹੇ ਕਈ ਪਰਿਵਾਰਾਂ ਨੇ ਆਪਣੇ ਘਰ ਛੱਡ ਦਿੱਤੇ ਹਨ ਤੇ ਹੋਰ ਥਾਵਾਂ ਉਤੇ ਚਲੇ ਗਏ ਹਨ। ਕਈ ਸੰਯੁਕਤ ਰਾਸ਼ਟਰ ਦੇ ਸਕੂਲਾਂ ਵਿਚ ਸ਼ਰਨ ਲੈ ਰਹੇ ਹਨ। ਹਿੰਸਾ ਹੁਣ ਇਜ਼ਰਾਇਲ ਵਿਚ ਰਲੇ-ਮਿਲੇ ਯਹੂਦੀਆਂ ਤੇ ਅਰਬ ਭਾਈਚਾਰਿਆਂ ਵਿਚ ਵੀ ਫੈਲ ਗਈ ਹੈ। ਕੁਝ ਸ਼ਹਿਰਾਂ ਵਿਚ ਖਾਨਾਜੰਗੀ ਵਰਗੇ ਹਾਲਾਤ ਬਣ ਰਹੇ ਹਨ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੀਬੀਐੱਸਈ ਵੱਲੋਂ 12ਵੀਂ ਦੀ ਪ੍ਰੀਖਿਆ ਬਾਰੇ ਅਜੇ ਕੋਈ ਫ਼ੈਸਲਾ ਨਹੀਂ
Next articleਪ੍ਰਧਾਨ ਮੰਤਰੀ ਯੋਜਨਾ ਤਹਿਤ ਕਿਸਾਨਾਂ ਨੂੰ ਪੂਰੀ ਰਾਸ਼ੀ ਨਹੀਂ ਮਿਲੀ: ਮਮਤਾ