ਇਕਾਂਤਵਾਸ ਕਰਨ ਦਾ ਫ਼ੈਸਲਾ ਵਾਪਸ

ਨਵੀਂ ਦਿੱਲੀ (ਸਮਾਜਵੀਕਲੀ) :  ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਨੇ ਕੌਮੀ ਰਾਜਧਾਨੀ ਦਿੱਲੀ ਵਿੱਚ ਕੋਵਿਡ-19 ਤੋਂ ਪੀੜਤ ਮਰੀਜ਼ਾਂ ਨੂੰ 5 ਦਿਨਾਂ ਲਈ ਸੰਸਥਾਗਤ ਇਕਾਂਤਵਾਸ ਵਿੱਚ ਲਾਜ਼ਮੀ ਰੱਖੇ ਜਾਣ ਦਾ ਵਿਵਾਦਮਈ ਫ਼ੈਸਲਾ ਵਾਪਸ ਲੈ ਲਿਆ ਗਿਆ। ਦਿੱਲੀ ਕੁਦਰਤੀ ਆਫ਼ਤ ਪ੍ਰਬੰਧ ਅਥਾਰਟੀ ਦੀ ਬੈਠਕ ਦੌਰਾਨ ਦਿੱਲੀ ਸਰਕਾਰ ਵੱਲੋਂ ਉਪਰਾਜਪਾਲ ਦੇ ਬੀਤੇ ਦਿਨੀਂ 5 ਦਿਨਾਂ ਲਾਜ਼ਮੀ ਇਕਾਂਤਵਾਸ ਦੇ ਫ਼ੈਸਲੇ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ ਜਿਸ ਮਗਰੋਂ ਸ੍ਰੀ ਬੈਜਲ ਝੁੱਕ ਗਏ।

ਉਪਰਾਜਪਾਲ ਨੇ ਕਿਹਾ ਕਿ ਸੰਸਥਾਗਤ ਇਕੱਲਤਾ ਦੇ ਮਾਮਲੇ ਵਿੱਚ ਉਨ੍ਹਾਂ ਕਰੋਨਾਵਾਇਰਸ ਦੇ ਪਾਜ਼ੇਟਿਵ ਮਰੀਜ਼ਾਂ ਨੂੰ ਇਕਾਂਤਵਾਸ ਕੇਂਦਰਾਂ ਵਿੱਚ ਭੇਜਿਆ ਜਾਵੇਗਾ ਜਿਨ੍ਹਾਂ ਨੂੰ ਡਾਕਟਰੀ ਸਹਾਇਤਾ ਲਈ ਹਸਪਤਾਲਾਂ ਵਿੱਚ ਭਰਤੀ ਹੋਣ ਦੀ ਲੋੜ ਨਹੀਂ ਹੋਵੇਗੀ ਤੇ ਜਿਨ੍ਹਾਂ ਕੋਲ ਘਰਾਂ ਵਿੱਚ ਇਕਾਂਤਵਾਸ ਦੀ ਢੁੱਕਵੀਂ ਸਹੂਲਤ ਨਹੀਂ ਹੋਵੇਗੀ। ਨਾਲ ਹੀ ਉਪਰਾਜਪਾਲ ਨੇ ਕਿਹਾ ਕਿ ਡੀਡੀਐਮਏ ਨੇ ਦਿੱਲੀ ਦੇ ਨਿਜੀ ਹਸਪਤਾਲਾਂ ਵਿੱਚ ਕੋਵਿਡ-19 ਦੇ ਇਲਾਜ ਲਈ ਸਬਸਿਡੀ ਦਰਾਂ ਤੈਅ ਕਰਨ ਲਈ ਮਾਹਡਰਾਂ ਦੀ ਉੱਚ ਪੱਧਰੀ ਕਮੇਟੀ ਦੀਆਂ ਸਿਫ਼ਾਰਸ਼ਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਤਰ੍ਹਾਂ ਨਿੱਜੀ ਹਸਪਤਾਲਾਂ ਵੱਲੋਂ ਅੰਨ੍ਹੀ ਲੁੱਟ ਬੰਦ ਹੋਣ ਦੇ ਆਸਾਰ ਬਣ ਗਏ ਹਨ। ਡੀਡੀਐਮਏ ਦੀ ਅੱਜ ਦਿਨ ਵੇਲੇ ਹੋਈ ਬੈਠਕ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਪਰਾਜਪਾਲ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਕਿ ਜੇਕਰ ਇਸ ਫ਼ੈਸਲੇ ਨੂੰ ਲਾਗੂ ਕੀਤਾ ਗਿਆ ਤਾਂ ਰਾਜਧਾਨੀ ਵਿੱਚ ਅਰਾਜਕਤਾ ਦੀ ਹਾਲਤ ਬਣ ਜਾਵੇਗੀ। ਉਨ੍ਹਾਂ ਤਰਕ ਦਿੱਤਾ ਕਿ ਕੇਂਦਰ ਵੱਲੋਂ ਜੋ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ ਉਸੇ ਅਨੁਸਾਰ ਘੱਟ ਲੱਛਣਾਂ ਵਾਲਿਆਂ ਨੂੰ ਘਰਾਂ ਵਿੱਚ ਇਕੱਲਤਾ ਹੇਠ ਰਹਿਣ ਦੀ ਸਲਾਹ ਦੇਸ਼ ਦੇ ਹੋਰ ਰਾਜਾਂ ਦੇ ਮਰੀਜ਼ਾਂ ਲਈ ਦਿੱਤੀ ਜਾਂਦੀ ਹੈ ਤਾਂ ਦਿੱਲੀ ਨਾਲ ਵੱਖਰੀਆਂ ਹਦਾਇਤਾਂ ਕਿਉਂ ਲਾਗੂ ਕੀਤੀਆਂ ਗਈਆਂ।

ਦੂਜੀ ਬੈਠਕ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਜੋ ਸਿਹਤ ਮੰਤਰੀ ਸਤਿੰਦਰ ਜੈਨ ਦੇ ਬਿਮਾਰ ਹੋਣ ਮਗਰੋਂ ਸਿਹਤ ਮੰਤਰੀ ਦੀ ਜ਼ਿੰਮੇਵਾਰੀ ਵੀ ਨਿਭਾਅ ਰਹੇ ਹਨ ਨੇ ਦੱਸਿਆ ਕਿ ਉਪਰਾਜਪਾਲ ਦੇ ਜੋ ਘਰਾਂ ਵਿੱਚ ਇਕੱਲਤਾ ਬਾਰੇ ਸ਼ੰਕੇ ਸਨ ਉਹ ਸੂਬਾਈ ਵਿਪਤਾ ਪ੍ਰਬੰਧ ਅਥਾਰਟੀ ਦੀ ਬੈਠਕ ਦੌਰਾਨ ਸੁਲਝਾ ਲਏ ਗਏ ਹਨ ਤੇ ਹੁਣ ਘਰਾਂ ਵਿੱਚ ਇਕਾਂਤਵਾਸ ਦੀ ਵਿਵਸਥਾ ਜਾਰੀ ਰੱਖੀ ਜਾਵੇਗੀ। ਉਨ੍ਹਾਂ ਇਹ ਵਿਵਸਥਾ ਬਣਾਈ ਰੱਖਣ ਲਈ ਉਪਰਾਜਪਾਲ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦਿੱਲੀ ਵਾਲਿਆਂ ਨੂੰ ਕੋਈ ਤਕਲੀਫ਼ ਨਹੀਂ ਹੋਣ ਦਿੱਤੀ ਜਾਵੇਗੀ।

ਇਸ ਤੋਂ ਪਹਿਲਾਂ ਦਿਨ ਵੇਲੇ ਹੋਈ ਬੈਠਕ ਦੌਰਾਨ ਦਿੱਲੀ ਸਰਕਾਰ ਨੇ ਨਿੱਜੀ ਹਸਪਤਾਲਾਂ ਵਿੱਚ 60 ਫ਼ੀਸਦ ਬਿਸਤਰੇ ਦਿੱਲੀ ਦੇ ਨਾਗਰਿਕਾਂ ਲਈ ਸਸਤੀ ਦਰ ਉਪਰ ਮੁਹੱਈਆ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਵੀ ਉਪਰਾਜਪਾਲ ਨਾਲ ਵਖਰੇਵੇਂ ਜ਼ਾਹਿਰ ਹੋਏ ਜਿਸ ਉਪਰ ਕੋਈ ਸਿਹਮਤੀ ਨਾ ਬਣਨ ਬਾਰੇ ਸ੍ਰੀ ਸਿਸੋਦੀਆ ਨੇ ਬਿਆਨ ਵੀ ਜਾਰੀ ਕੀਤਾ ਸੀ।

ਸ੍ਰੀ ਸਿਸੋਦੀਆ ਨੇ ਕਿਹਾ ਕਿ ਕੇਂਦਰ ਸਰਕਾਰ ਨਿੱਜੀ ਹਸਪਤਾਲਾਂ ਵਿੱਚ ਮਾਤਰ 24 ਫ਼ੀਸਦੀ ਬਿਸਤਰਿਆਂ ਦੀਆਂ ਦਰਾਂ ਸਸਤੀਆਂ ਕਰਨੀ ਚਾਹੁੰਦੀ ਹੈ ਪਰ ਦਿੱਲੀ ਸਰਕਾਰ 60 ਫ਼ੀਸਦ ਬਿਸਤਰੇ ਦਿੱਲੀ ਦੇ ਨਾਗਰਿਕਾਂ ਲਈ ਚਾਹੁੰਦੀ ਹੈ। ਸ੍ਰੀ ਸਿਸੋਦੀਆ ਨੇ ਕਿਹਾ ਕਿ ਰੋਜ਼ਾਨਾ ਕਰੀਬ 3 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ 30 ਜੂਨ ਤਕ ਕਰੀਬ 1 ਲੱਖ ਮਰੀਜ਼ ਹੋ ਸਕਦੇ ਹਨ ਤੇ ਅੱਗੇ ਚੱਲ ਕੇ ਇੱਕ ਲੱਖ ਬਿਸਤਰਿਆਂ ਦੀ ਲੋੜ ਹੋਵੇਗੀ।

Previous articleਪ੍ਰਧਾਨ ਮੰਤਰੀ ਨੇ ਭਾਰਤੀ ਖੇਤਰ ਚੀਨ ਦੀ ਝੋਲੀ ਪਾਇਆ: ਰਾਹੁਲ
Next articleTurkish prez says “loses position” in fight against COVID-19