ਆਸਟਰੇਲੀਆ ਨੇ ਸ੍ਰੀਲੰਕਾ ਨੂੰ 50-36 ਨਾਲ ਹਰਾਇਆ

ਪਟਿਆਲਾ- ਰਾਜਾ ਭਲਿੰਦਰ ਸਿੰਘ ਖੇਡ ਕੰਪਲੈਕਸ ‘ਪੋਲੋ ਗਰਾਊਂਡ’ ਵਿੱਚ ਅੱਜ ਕੌਮਾਂਤਰੀ ਕਬੱਡੀ ਟੂਰਨਾਮੈਂਟ-2019 ਦੇ ਦੋ ਮੈਚ ਖੇਡੇ ਗਏ। ਪਹਿਲੇ ਮੁਕਾਬਲੇ ’ਚ ਆਸਟਰੇਲੀਆ ਦੀ ਟੀਮ ਨੇ ਸ੍ਰੀਲੰਕਾ ਨੂੰ ਹਰਾਇਆ ਜਦੋਂਕਿ ਦੂਜੇ ਮੁਕਾਬਲੇ ’ਚ ਨਿਊਜ਼ੀਲੈਂਡ ਨੇ ਕੀਨੀਆ ਨੂੰ ਚਿੱਤ ਕੀਤਾ। ਇਸ ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਸੰਸਦ ਮੈਂਬਰ ਪ੍ਰਨੀਤ ਕੌਰ ਦੀ ਆਮਦ ਸੰਭਵ ਨਾ ਹੋ ਸਕੀ। ਉੱਧਰ, ਟੂਰਨਾਮੈਂਟ ਪ੍ਰਤੀ ਦਰਸ਼ਕਾਂ ਦਾ ਹੁੰਗਾਰਾ ਵੀ ਮੱਠਾ ਹੀ ਰਿਹਾ।
ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੌਰਾਨ ਆਸਟਰੇਲੀਆ ਤੇ ਸ੍ਰੀਲੰਕਾ ਵਿਚਾਲੇ ਮੁਕਾਬਲਾ ਸਖ਼ਤ ਰਿਹਾ, ਜਿਸ ’ਚ ਆਸਟਰੇਲੀਆ ਨੇ 50-36 ਅੰਕਾਂ ਨਾਲ ਮੈਚ ’ਚ ਜਿੱਤ ਹਾਸਲ ਕੀਤੀ। ਦੂਜੇ ਮੈਚ ’ਚ ਕੀਨੀਆ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਨੂੰ ਪੂਰੀ ਟੱਕਰ ਦਿੱਤੀ ਪਰ ਅਖ਼ੀਰ ’ਚ ਨਿਊਜ਼ੀਲੈਂਡ ਦੀ ਟੀਮ ਨੇ 46-37 ਅੰਕਾਂ ਨਾਲ ਇਹ ਮੈਚ ਆਪਣੇ ਨਾਂ ਕਰ ਲਿਆ। ਇੱਕ ਵਾਰ ਤਾਂ ਕੀਨੀਆ ਦੇ ਖਿਡਾਰੀਆਂ ਨੇ ਨਿਊਜ਼ੀਲੈਂਡ ਨੂੰ ਭਾਜੜਾਂ ਪਾ ਦਿੱਤੀਆਂ, ਖਾਸ ਕਰ ਕੇ ਰੈਂਬੋ ਤੇ ਸਾਈਮਨ ਨਾਂ ਦੇ ਖਿਡਾਰੀਆਂ ਦੇ ਪ੍ਰਦਰਸ਼ਨ ਬਾਕਮਾਲ ਰਿਹਾ ਪਰ ਦੂਜੇ ਕੁਆਰਟਰ ਮਗਰੋਂ ਕੀਨੀਆ ਦੇ ਖਿਡਾਰੀ ਹੰਭਦੇ ਪ੍ਰਤੀਤ ਹੋਏ, ਜਿਸ ਕਰ ਕੇ ਨਿਊਜੀਲੈਂਡ ਦੀ ਟੀਮ ਪੜਾਅਵਾਰ ਸਕੋਰ ਦੇ ਅੰਤਰ ਵਿੱਚ ਵਾਧਾ ਕਰਦੀ ਰਹੀ ਤੇ ਅਖ਼ੀਰ ਕੀਨੀਆ ਨੂੰ 9 ਅੰਕਾਂ ਨਾਲ ਹਰਾਉਣ ਵਿੱਚ ਸਫਲ ਰਹੀ।
ਪ੍ਰਬੰਧਕਾਂ ਨੇ ਭਾਵੇਂ ਦਰਸ਼ਕਾਂ ਵਜੋਂ ਕੁਝ ਸਕੂਲੀ ਬੱਚਿਆਂ ਨੂੰ ਸੱਦਿਆ ਹੋਇਆ ਸੀ, ਪ੍ਰੰਤੂ ਸਕੂਲੀ ਬੱਚੇ ਪਹਿਲੇ ਮੈਚ ਮਗਰੋਂ ਹੀ ਪਰਤਣ ਨਾਲ ਇੱਕ ਵਾਰ ਤਾਂ ਪੰਡਾਲ ਦਰਸ਼ਕਾਂ ਤੋਂ ਵਾਂਝਾ ਪ੍ਰਤੀਤ ਹੋਣ ਲੱਗਿਆ ਪਰ ਦੂਜੇ ਮੈਚ ਦੇ ਦਿਲਚਸਪ ਮੁਕਾਬਲੇ ਕਰ ਕੇ ਕੁਝ ਦਰਸ਼ਕ ਜੁੜ ਗਏ। ਪ੍ਰਬੰਧਕਾਂ ਮੁਤਾਬਿਕ ਪਹਿਲਾਂ ਮੁੱਖ ਮਹਿਮਾਨ ਸੰਸਦ ਮੈਂਬਰ ਪ੍ਰਨੀਤ ਕੌਰ ਸਨ ਪਰ ਉਨ੍ਹਾਂ ਦੀ ਆਮਦ ਸੰਭਵ ਨਾ ਹੋ ਸਕਣ ਕਰ ਕੇ ਸਟੇਜ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮੁੱਖ ਮਹਿਮਾਨ ਐਲਾਨਿਆ ਗਿਆ। ਉਂਜ ਸ੍ਰੀ ਧਰਮਸੋਤ ਵੀ ਦੇਰੀ ਨਾਲ ਹੀ ਪੁੱਜੇ। ਉਨ੍ਹਾਂ ਮੈਚ ਦੇ ਅੱਧ ਸਮੇਂ ਦੌਰਾਨ ਤਕਰੀਰ ਕਰਦਿਆਂ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾ ਰਹੇ ਕੌਮਾਂਤਰੀ ਟੂਰਾਨਮੈਂਟ ਦੀ ਦਰਸ਼ਕਾਂ ਨੂੰ ਵਧਾਈ ਦਿੱਤੀ।
ਖਿਡਾਰੀਆਂ ਨਾਲ ਜਾਣ-ਪਛਾਣ ਦੌਰਾਨ ਸ੍ਰੀ ਧਰਮਸੋਤ ਦੇ ਨਾਲ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ, ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ, ਸਮਾਣਾ ਦੇ ਵਿਧਾਇਕ ਰਾਜਿੰਦਰ ਸਿੰਘ, ਟੂਰਨਾਮੈਂਟ ਦੇ ਡਾਇਰੈਕਟਰ ਤੇਜਿੰਦਰ ਸਿੰਘ ਮਿੱਡੂਖੇੜਾ, ਪੰਜਾਬੀ ਯੂਨੀਵਰਸਿਟੀ ਦੇ ਸਿੰਡੀਕੇਟ ਮੈਂਬਰ ਹਰਿੰਦਰਪਾਲ ਸਿੰਘ ਹੈਰੀਮਾਨ, ਪੀਆਰਟੀਸੀ ਦੇ ਚੇਅਰਮੈਨ ਕੇ.ਕੇ. ਸ਼ਰਮਾ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫਟੀਨੈਂਟ ਜਨਰਲ (ਰਿਟਾ.) ਜੇ.ਐੱਸ. ਚੀਮਾ, ਪੰਜਾਬ ਰਾਜ ਸਮਾਜ ਭਲਾਈ ਬੋਰਡ ਦੇ ਚੇਅਰਪਰਸਨ ਗੁਰਸ਼ਰਨ ਕੌਰ ਰੰਧਾਵਾ, ਜ਼ਿਲ੍ਹਾ ਖੇਡ ਅਫ਼ਸਰ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਯੋਗਿੰਦਰ ਸਿੰਘ ਯੋਗੀ ਮੌਜੂਦ ਸਨ। ਇਸ ਮੌਕੇ ਉੱਘੇ ਲੋਕ ਗਾਇਕ ਮੁਹੰਮਦ ਇਰਸ਼ਾਦ ਨੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ।

Previous articleਭਾਰਤ ਨੇ ਪਹਿਲਾ ਟੀ20 ਮੈਚ ਜਿੱਤਿਆ
Next articleਸੜਕ ਹਾਦਸਿਆਂ ਵਿੱਚ ਤਿੰਨ ਹਲਾਕ, ਤਿੰਨ ਜ਼ਖ਼ਮੀ