ਆਸਟਰੇਲਿਆਈ ਨਾਗਰਿਕ ਵੱਲੋਂ ਸਰਕਾਰ ਦੇ ਦਾਖ਼ਲਾ ਨੇਮਾਂ ਨੂੰ ਚੁਣੌਤੀ

ਸਿਡਨੀ (ਸਮਾਜ ਵੀਕਲੀ) : ਭਾਰਤ ਦੇ ਬੰਗਲੌਰ ਸ਼ਹਿਰ ਵਿੱਚ ਫਸੇ 73 ਸਾਲਾ ਆਸਟਰੇਲਿਆਈ ਨਾਗਰਿਕ ਗੈਰੀ ਨਿਊਮਨ ਨੇ ਆਸਟਰੇਲੀਆ ਦੀ ਮੌਰੀਸਨ ਸਰਕਾਰ ਨੂੰ ਸਖ਼ਤ ਦਾਖ਼ਲਾ ਨੇਮਾਂ ਲਈ ਕਰਾਰੇ ਹੱਥੀਂ ਲਿਆ ਹੈ। ਕਰੋਨਾ ਦੇ ਫੈਲਾਅ ਦੇ ਖਦਸ਼ੇ ਕਾਰਨ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਅਗਵਾਈ ਵਾਲੀ ਸਰਕਾਰ ਨੇ ਭਾਰਤ ਤੋਂ ਆਉਣ ਵਾਲੇ ਆਪਣੇ ਨਾਗਰਿਕਾਂ ਦੇ ਦਾਖਲੇ ’ਤੇ ਰੋਕ ਲਾਈ ਹੋਈ ਹੈ।

ਨੇਮਾਂ ਦੀ ਉਲੰਘਣਾ ਜਾਂ ਜਬਰੀ ਮੁਲਕ ਵਿੱਚ ਦਾਖ਼ਲ ਹੋਣ ਵਾਲੇ ਨਾਗਰਿਕ ਨੂੰ ਪੰਜ ਸਾਲ ਦੀ ਕੈਦ, 60000 ਡਾਲਰ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦਾ ਸਾਹਮਣਾ ਕਰਨਾ ਪੲੇਗਾ। ਇਹ ਰੋਕ 15 ਮਈ ਤੱਕ ਹੈ। ਜਿਹੜੇ ਨਾਗਰਿਕ ਅਤੇ ਸਥਾਈ ਵਸਨੀਕ ਭਾਰਤ ’ਚ 14 ਦਿਨਾਂ ਤੋਂ ਵੱਧ ਸਮਾਂ ਰਹੇ ਹਨ, ਉਹ ਆਸਟਰੇਲੀਆ ਲਈ ਉਡਾਣ ਨਹੀਂ ਲੈ ਸਕਦੇ। ਭਾਰਤ ਵਿਚ ਆਸਟਰੇਲੀਆ ਦੇ 9,000 ਨਾਗਰਿਕ ਹਨ। ਚੇਤੇ ਰਹੇ ਕਿ ਆਸਟਰੇਲੀਆ ਦੇ ਕਈ ਕ੍ਰਿਕਟਰ ਤੇ ਸਾਬਕਾ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀਆਂ ਫਰੈਂਚਾਇਜ਼ੀ ਟੀਮਾਂ ਨਾਲ ਕਰਾਰ ਕਰਕੇ ਭਾਰਤ ਵਿੱਚ ਸਨ।

ਮੌਰੀਸਨ ਸਰਕਾਰ ਵੱਲੋਂ ਕੀਤੀ ਸਖ਼ਤੀ ਕਰਕੇ ਇਨ੍ਹਾਂ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਗੈਰੀ ਨਿਊਮਨ ਦੇ ਵਕੀਲਾਂ ਨੇ ਅੱਜ ਫੈਡਰਲ ਕੋਰਟ ਵਿਚ ਇਕ ਜ਼ਰੂਰੀ ਅਰਜ਼ੀ ਦਾਇਰ ਕੀਤੀ ਹੈ। ਅਰਜ਼ੀ ਵਿਚ ਸਿਹਤ ਮੰਤਰੀ ਗ੍ਰੈੱਗ ਹੰਟ ਵੱਲੋਂ 30 ਅਪਰੈਲ ਨੂੰ ਬਾਇਓਸਕਿਓਰਿਟੀ ਐਕਟ ਤਹਿਤ ਐਲਾਨੀ ਐਮਰਜੈਂਸੀ ਤੇ ਘਰ ਪਰਤਣ ਨੂੰ ਅਪਰਾਧ ਬਣਾਉਣ ਦੇ ਕਾਨੂੰਨ ਨੂੰ ਚੁਣੌਤੀ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਇਹ ਉਪਾਅ ਭਾਰਤ ਵਿੱਚ ਕੋਵਿਡ-19 ਮਾਮਲਿਆਂ ਵਿੱਚ ਹੋਏ ਵਾਧੇ ਪ੍ਰਤੀ ਅਨੁਪਾਤਕ ਪ੍ਰਤੀਕਿਰਿਆ ਹੈ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਕਸੀਜਨ ਦੀ ਕਿੱਲਤ ਕਰਕੇ ਮੌਤਾਂ ਲਈ ਜਵਾਬਦੇਹੀ ਨਿਰਧਾਰਿਤ ਹੋਵੇ: ਪ੍ਰਿਯੰਕਾ
Next articleਅਮਰੀਕਾ: ਦੋ ਏਸ਼ਿਆਈ-ਅਮਰੀਕੀ ਔਰਤਾਂ ’ਤੇ ਚਾਕੂ ਨਾਲ ਹਮਲਾ