ਆਸ਼ੂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਡੀਐੱਸਪੀ ਦੀ ਤਨਖ਼ਾਹ ‘ਰੋਕੀ’

ਲੁਧਿਆਣਾ– ਸਮਾਰਟ ਸਿਟੀ ਦੇ ਗ੍ਰੈਂਡ ਮੈਨਰ ਹੋਮਜ਼ ਦੇ ਸੀਐੱਲਯੂ ਮਾਮਲੇ ਵਿੱਚ ਮੰਤਰੀ ਭਾਰਤ ਭੂਸ਼ਨ ਆਸ਼ੂ ਖ਼ਿਲਾਫ਼ ਆਵਾਜ਼ ਚੁੱਕਣ ਵਾਲੇ ਡੀਐੱਸਪੀ ਬਲਵਿੰਦਰ ਸਿੰਘ ਸੇਖੋਂ ਦੀਆਂ ਮੁਸੀਬਤਾਂ ਵਧਦੀਆਂ ਹੀ ਜਾ ਰਹੀਆਂ ਹਨ। ਮੰਤਰੀ ਨਾਲ ਡੀਐੱਸਪੀ ਸੇਖੋਂ ਦੀ ਤਲਖ਼ੀ ਵਾਲੀ ਵੀਡੀਓ ਵਾਇਰਲ ਹੋ ਗਈ ਸੀ ਜਿਸ ਮਗਰੋਂ ਪਿਛਲੇ ਪੰਜ ਮਹੀਨੇ ਤੋਂ ਡੀਐੱਸਪੀ ਸੇਖੋਂ ਨੂੰ ਤਨਖ਼ਾਹ ਨਹੀਂ ਮਿਲੀ ਹੈ। ਇੰਨਾ ਹੀ ਨਹੀਂ ਡੀਐੱਸਪੀ ਕੋਲੋਂ ਸਰਕਾਰੀ ਵਾਹਨ ਤੇ ਹਥਿਆਰ ਵੀ ਵਾਪਸ ਲੈ ਲਿਆ ਗਿਆ। ਇਸ ਸਬੰਧੀ ਉਨ੍ਹਾਂ ਨੇ ਅੱਜ ਸੋਸ਼ਲ ਮੀਡੀਆ ’ਤੇ ਇਸ ਦੀ ਪੋਸਟ ਪਾ ਕੇ ਆਪਣੀ ਹੱਡਬੀਤੀ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜੋ ਸੋਸ਼ਲ ਮੀਡੀਆ ’ਤੇ ਸਾਰਾ ਦਿਨ ਲੋਕਾਂ ਵੱਲੋਂ ਸਾਂਝੀ ਕੀਤੀ ਜਾਂਦੀ ਰਹੀ।
ਦੱਸਣਯੋਗ ਹੈ ਕਿ ਸਨਅਤੀ ਸ਼ਹਿਰ ਦੇ ਗਿੱਲ ਰੋਡ ਸਥਿਤ ਸੂਆ ਰੋਡ ’ਤੇ ਆਰ.ਕੇ. ਬਿਲਡਰ ਵੱਲੋਂ ਪ੍ਰਾਜੈਕਟ ਗ੍ਰੈਂਡ ਮੈਨਰ ਹੋਮਜ਼ ਤਿਆਰ ਕੀਤਾ ਜਾ ਰਿਹਾ ਹੈ। ਆਰ.ਕੇ ਬਿਲਡਰ ਨੇ ਜਨਵਰੀ 2018 ’ਚ ਇਸ ਪ੍ਰਾਜੈਕਟ ਦੇ ਲਈ ਚੇਂਜ ਆਫ਼ ਲੈਂਡ ਯੂਜ਼ (ਸੀਐੱਲਯੂ) ਕਰਵਾਇਆ ਸੀ। ਨਗਰ ਨਿਗਮ ਦੇ ਕੁਝ ਅਫ਼ਸਰਾਂ ਦੀ ਮਿਲੀਭੁਗਤ ਕਰ ਆਰ.ਕੇ. ਬਿਲਡਰ ਤੋਂ ਸੀਐੱਲਯੂ ਦੀ ਫੀਸ ਘੱਟ ਲਈ ਗਈ ਸੀ। ਜਦੋਂ ਇਹ ਫਾਈਲ ਉਦੋਂ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਕੋਲ ਪੁੱਜੀ ਤਾਂ ਉਨ੍ਹਾਂ ਨੇ ਫਾਈਲ ’ਤੇ ਰੋਕ ਲਗਾ ਦਿੱਤੀ ਸੀ ਜਿਸ ਵਿੱਚ ਸੀਐੱਲਯੂ ਫ਼ੀਸ ਦੇ ਨਾਂ ’ਤੇ 42 ਲੱਖ ਤੋਂ ਵੱਧ ਦਾ ਚੂਨਾ ਲਾਉਣ ਦਾ ਖੁਲਾਸਾ ਹੋਇਆ ਸੀ। ਇਸ ਮਾਮਲੇ ’ਚ ਕੈਗ ਦੀ ਜਾਂਚ ਰਿਪੋਰਟ ਨੇ ਮੋਹਰ ਲਾ ਦਿੱਤੀ ਹੈ। ਇਸ ਮਾਮਲੇ ਦੀ ਜਾਂਚ ਉਸ ਵੇਲੇ ਨਗਰ ਨਿਗਮ ਵਿੱਚ ਤੈਨਾਤ ਡੀ.ਐੱਸ.ਪੀ. ਸੇਖੋਂ ਨੂੰ ਸੌਂਪੀ ਗਈ ਸੀ ਅਤੇ ਜਾਂਚ ਰਿਪੋਰਟ ’ਚ ਉਨ੍ਹਾਂ ਵੱਡੇ ਪੱਧਰ ’ਤੇ ਮਿਲੀਭੁਗਤ ਦਾ ਖੁਲਾਸਾ ਕੀਤਾ ਸੀ। ਇਸ ਮਗਰੋਂ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਾਲ ਉਨ੍ਹਾਂ ਦਾ ਵਿਵਾਦ ਸ਼ੁਰੂ ਹੋ ਗਿਆ ਤੇ ਦੋਵਾਂ ਦੀ ਤਲਖੀਕਲਾਮੀ ਦੀ ਆਡੀਓ ਵਾਇਰਲ ਹੋ ਗਈ ਸੀ ਜਿਸ ਮਗਰੋਂ ਡੀਐੱਸਪੀ ਦੀ ਬਦਲੀ ਕਰ ਦਿੱਤੀ ਗਈ ਸੀ। ਹੁਣ ਡੀਐੱਸਪੀ ਸੇਖੋਂ ਨੇ ਫੇਸਬੁੱਕ ’ਤੇ ਸਰਕਾਰੀ ਧੱਕੇ ਦੇ ਇਸ ਮਾਮਲੇ ਨੂੰ ਪੋਸਟ ਕਰ ਦਿੱਤਾ ਜਿਸ ਨਾਲ ਸੋਸ਼ਲ ਮੀਡੀਆ ’ਤੇ ਪੂਰਾ ਦਿਨ ਇਹ ਮੁੱਦਾ ਛਾਇਆ ਰਿਹਾ।

Previous articleਕਮਿਸ਼ਨਰ ਵਲੋਂ ਛੋਟੇ ਟੈਂਡਰ ਰੱਦ, ਇੱਕ ਹੀ ਵੱਡਾ ਲਾਉਣ ਦਾ ਫ਼ੈਸਲਾ
Next articleਕੁਲਗਾਮ ਹਮਲੇ ਦੇ ਮ੍ਰਿਤਕ ਮਜ਼ਦੂਰ ਸਪੁਰਦ-ਏ-ਖ਼ਾਕ