ਆਲਮੀ ਸ਼ਾਂਤੀ ਲਈ ਭਾਰਤ ਦਾ ਸ਼ਕਤੀਸ਼ਾਲੀ ਹੋਣਾ ਜ਼ਰੂਰੀ: ਮੋਦੀ

ਭਾਰਤ ਵੱਲੋਂ ਐਂਟੀ ਸੈਟੇਲਾਈਟ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘’ਮਿਸ਼ਨ ਸ਼ਕਤੀ’ ਨਾਲ ਜੁੜੇ ਵਿਗਿਆਨੀਆਂ ਨਾਲ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਕਰਦਿਆਂ ਕਿਹਾ ਕਿ ਅਮਨ ਤੇ ਸਦਭਾਵਨਾ ਲਈ ਕੰਮ ਕਰ ਰਹੀਆਂ ਤਾਕਤਾਂ ਦਾ ਸ਼ਕਤੀਸ਼ਾਲੀ ਬਣਿਆ ਰਹਿਣਾ ਜ਼ਰੂਰੀ ਹੈ ਅਤੇ ਆਲਮੀ ਤੇ ਖੇਤਰੀ ਸ਼ਾਂਤੀ ਲਈ ਭਾਰਤ ਦੇ ਤਾਕਤਵਰ ਹੋਣ ਦੀ ਲੋੜ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੁਲਕ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਕਿ ਭਾਰਤ ਨੇ ਮਿਜ਼ਾਈਲ ਨਾਲ ਪੁਲਾੜ ਵਿਚਲੇ ਇੱਕ ਸੈਟੇਲਾਈਟ ਨੂੰ ਨਿਸ਼ਾਨਾ ਬਣਾਇਆ ਹੈ ਤੇ ਅਮਰੀਕਾ, ਰੂਸ ਤੇ ਚੀਨ ਤੋਂ ਬਾਅਦ ਭਾਰਤ ਦੁਨੀਆਂ ਦਾ ਚੌਥਾ ਮੁਲਕ ਬਣ ਗਿਆ ਹੈ, ਜਿਸ ਕੋਲ ਇਹ ਤਾਕਤ ਹੈ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਜਾਰੀ ਬਿਆਨ ਅਨੁਸਾਰ ਉਨ੍ਹਾਂ ਵਿਗਿਆਨੀਆਂ ਨੂੰ ਕਿਹਾ ਕਿ ਐਂਟੀ-ਸੈਟੇਲਾਈਟ ਮਿਜ਼ਾਈਲ ਦੀ ਸਫਲ ਅਜ਼ਮਾਇਸ਼ ਸਰਕਾਰ ਦੀ ਮੇਕ ਇਨ ਇੰਡੀਆ ਮੁਹਿੰਮ ਤਹਿਤ ਕੀਤੀ ਗਈ ਪਹਿਲਕਦਮੀ ਹੈ ਅਤੇ ਇਸ ਪ੍ਰਾਜੈਕਟ ’ਚ ਸ਼ਾਮਲ ਵਿਗਿਆਨੀਆਂ ਨੇ ਸਾਬਤ ਕਰ ਦਿੱਤਾ ਹੈ ਕਿ ਭਾਰਤ ਕੋਈ ਵੀ ਪ੍ਰਾਪਤੀ ਕਰ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਨ ਤੇ ਸਦਭਾਵਨਾ ਦੀ ਕੋਸ਼ਿਸ਼ ’ਚ ਲੱਗੀਆਂ ਤਾਕਤਾਂ ਦਾ ਹਮੇਸ਼ਾ ਸ਼ਕਤੀਸ਼ਾਲੀ ਬਣਿਆ ਰਹਿਣਾ ਜ਼ਰੂਰੀ ਹੈ ਤਾਂ ਜੋ ਉਹ ਅਮਨ ਦੇ ਟੀਚੇ ਨੂੰ ਹਾਸਲ ਕਰ ਸਕਣ। ਉਨ੍ਹਾਂ ਵਿਗਿਆਨੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਾਰੇ ਦੇਸ਼ ਵਾਸੀਆਂ ਨੂੰ ਉਨ੍ਹਾਂ ’ਤੇ ਮਾਣ ਹੈ। ਇਸੇ ਦੌਰਾਨ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਵੱਲੋਂ ਇਹ ਐਂਟੀ ਮਿਜ਼ਾਈਲ ਦੀ ਅਜ਼ਮਾਇਸ਼ ਇਸ ਲਈ ਕੀਤੀ ਗਈ ਹੈ ਤਾਂ ਜੋ ਭਾਰਤ ਦੇ ਆਪਣੇ ਪੁਲਾੜ ਸਬੰਧੀ ਅਸਾਸਿਆਂ ਦੀ ਸੁਰੱਖਿਆ ਦੀ ਸਮਰੱਥਾ ਦੀ ਪੁਸ਼ਟੀ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਅਜ਼ਮਾਇਸ਼ ਕਿਸੇ ਵੀ ਮੁਲਕ ਦੇ ਖ਼ਿਲਾਫ਼ ਨਹੀਂ ਕੀਤੀ ਗਈ। ਮੰਤਰਾਲੇ ਨੇ ਸਪੱਸ਼ਟ ਕੀਤਾ ਕਿ ਭਾਰਤ ਦਾ ਇਰਾਦਾ ਬਾਹਰੀ ਪੁਲਾੜ ’ਚ ਹਥਿਆਰਾਂ ਦੀ ਦੌੜ ’ਚ ਸ਼ਾਮਲ ਹੋਣ ਦਾ ਨਹੀਂ ਹੈ ਅਤੇ ਉਸ ਨੇ ਹਮੇਸ਼ਾ ਇਸ ਗੱਲ ’ਤੇ ਅਮਲ ਕੀਤਾ ਹੈ ਕਿ ਪੁਲਾੜ ਦੀ ਵਰਤੋਂ ਸਿਰਫ਼ ਸ਼ਾਂਤੀਪੂਰਨ ਟੀਚਿਆਂ ਲਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਅਜ਼ਮਾਇਸ਼ ਸਿੱਧੀ ਕਿਸੇ ਵੀ ਮੁਲਕ ਖ਼ਿਲਾਫ਼ ਨਹੀਂ ਹੈ ਤੇ ਨਾ ਹੀ ਭਾਰਤ ਦੀ ਪੁਲਾੜ ਸਮਰੱਥਾ ਕਿਸੇ ਦੇਸ਼ ਨੂੰ ਧਮਕਾਉਣ ਲਈ ਹੈ। ਇਸੇ ਦੌਰਾਨ ਡੀਆਰਡੀਓ ਦੇ ਸਾਬਕਾ ਮੁਖੀ ਵਿਜੈ ਸਰਸਵਤ ਨੇ ਕਿਹਾ ਕਿ 2012-13 ’ਚ ਵੀ ਭਾਰਤ ਕੋਲ ਐਂਟੀ-ਸੈਟੇਲਾਈਟ ਮਿਜ਼ਾਈਲ ਬਣਾਉਣ ਦੀ ਸਮਰੱਥਾ ਸੀ, ਪਰ ਉਸ ਸਮੇਂ ਸਿਆਸੀ ਪ੍ਰਵਾਨਗੀ ਨਹੀਂ ਮਿਲ ਸਕੀ ਸੀ।

Previous articleMamata flays appointment of Sharma as police observer
Next articleਅਜ਼ਲਾਨ ਸ਼ਾਹ ਕੱਪ: ਭਾਰਤ ਫਾਈਨਲ ’ਚ