ਆਰਬੀਆਈ ਨੇ ਵਿਕਾਸ ਦਰ ਦਾ ਅਨੁਮਾਨ ਘਟਾ ਕੇ ਸਾਢੇ 9 ਫ਼ੀਸਦ ਕੀਤਾ

ਮੁੰਬਈ, (ਸਮਾਜ ਵੀਕਲੀ): ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਤੋਂ ਬਾਅਦ ਪੈਦਾ ਹੋਏ ਬੇਯਕੀਨੀ ਦੇ ਮਾਹੌਲ ਦਰਮਿਆਨ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਮੌਜੂਦਾ ਵਿੱਤੀ ਵਰ੍ਹੇ ਲਈ ਆਰਥਿਕ ਵਿਕਾਸ ਦਰ ਦੇ ਅੰਦਾਜ਼ੇ ਨੂੰ ਇਕ ਫ਼ੀਸਦੀ ਘਟਾ ਕੇ ਸਾਢੇ 9 ਫ਼ੀਸਦ ਕਰ ਦਿੱਤਾ ਹੈ। ਉਂਜ ਆਰਬੀਆਈ ਨੇ ਨੀਤੀਗਤ ਦਰਾਂ ’ਚ ਕੋਈ ਬਦਲਾਅ ਨਹੀਂ ਕੀਤਾ ਹੈ। ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੇ ਮੁਕਾਬਲੇ ’ਚ ਦੂਜੀ ਲਹਿਰ ਦਾ ਅਸਰ ਕੁਝ ਕੰਟਰੋਲ ’ਚ ਰਹਿਣ ਦੀ ਸੰਭਾਵਨਾ ਹੈ।

ਮੁਦਰਾ ਨੀਤੀ ਕਮੇਟੀ ਦੀ ਬੈਠਕ ਮਗਰੋਂ ਮੀਡੀਆ ਨੂੰ ਸੰਬੋਧਨ ਕਰਦਿਆਂ ਸ੍ਰੀ ਦਾਸ ਨੇ ਦੱਸਿਆ,‘‘ਸਾਲ 2021-22 ਲਈ ਜੀਡੀਪੀ ਦੀ ਅਸਲ ਵਿਕਾਸ ਦਰ ਹੁਣ ਸਾਢੇ 9 ਫ਼ੀਸਦ ਰਹਿਣ ਦਾ ਅੰਦਾਜ਼ਾ ਹੈ। ਪਹਿਲੀ ਤਿਮਾਹੀ ’ਚ ਇਹ ਸਾਢੇ 18 ਫ਼ੀਸਦ, ਦੂਜੀ ’ਚ 7.9, ਤੀਜੀ ’ਚ 7.2 ਅਤੇ ਚੌਥੀ ਤਿਮਾਹੀ ’ਚ 6.6 ਫ਼ੀਸਦ ਰਹਿਣ ਦੀ ਸੰਭਾਵਨਾ ਹੈ।’’ ਇਸ ਤੋਂ ਪਹਿਲਾਂ ਰਿਜ਼ਰਵ ਬੈਂਕ ਨੇ ਮੌਜੂਦਾ ਵਿੱਤੀ ਵਰ੍ਹੇ ਦੀ ਪਹਿਲੀ ਸਮੀਖਿਆ ਬੈਠਕ ’ਚ ਵਿਕਾਸ ਦਰ 10.5 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਸੀ। ਗਵਰਨਰ ਨੇ ਕਿਹਾ ਕਿ ਕੋਵਿਡ-19 ਦੀ ਦੂਜੀ ਲਹਿਰ ਦਾ ਅਸਰ ਛੋਟੇ ਸ਼ਹਿਰਾਂ ਅਤੇ ਪਿੰਡਾਂ ’ਚ ਜ਼ਿਆਦਾ ਹੋਇਆ ਹੈ ਜਿਸ ਕਾਰਨ ਅਰਥਚਾਰੇ ’ਚ ਸੁਧਾਰ ਦੀ ਜਿਹੜੀ ਸ਼ੁਰੂਆਤ ਹੋਈ ਸੀ, ਉਹ ਕਮਜ਼ੋਰ ਪੈ ਗਈ ਹੈ। ਉਨ੍ਹਾਂ ਕਿਹਾ ਕਿ ਆਰਬੀਆਈ ਵੱਲੋਂ ਉਠਾਏ ਗਏ ਕਦਮਾਂ ਨਾਲ ਵਿਕਾਸ ਦਰ ਮੁੜ ਲੀਹ ’ਤੇ ਪੈਣ ਦੇ ਆਸਾਰ ਹਨ। ਜ਼ਿਕਰਯੋਗ ਹੈ ਕਿ ਪਿਛਲੇ ਵਿੱਤੀ ਵਰ੍ਹੇ 2020-21 ’ਚ ਜੀਡੀਪੀ ’ਚ 7.3 ਫ਼ੀਸਦ ਦੀ ਗਿਰਾਵਟ ਦਰਜ ਕੀਤੀ ਗਈ ਸੀ। ਉਂਜ ਚੌਥੀ ਤਿਮਾਹੀ ’ਚ ਅਰਥਚਾਰੇ ’ਚ ਵਧੀਆ ਰੁਝਾਨ ਦੇਖਣ ਨੂੰ ਮਿਲਿਆ ਸੀ।

ਆਰਬੀਆਈ ਨੇ ਸ਼ੁੱਕਰਵਾਰ ਨੂੰ ਸਿਡਬੀ ਸਮੇਤ ਮੁਲਕ ਦੇ ਸਾਰੇ ਵਿੱਤੀ ਅਦਾਰਿਆਂ ਨੂੰ 50 ਹਜ਼ਾਰ ਕਰੋੜ ਰੁਪਏ ਦੀ ਹੋਰ ਸਹਾਇਤਾ ਦੇਣ ਦਾ ਐਲਾਨ ਕੀਤਾ। ਉਨ੍ਹਾਂ ਅਦਾਰਿਆਂ ਨੂੰ ਮੌਜੂਦਾ 4 ਫ਼ੀਸਦ ਰੈਪੋ ਦਰ ’ਤੇ 15 ਹਜ਼ਾਰ ਕਰੋੜ ਰੁਪਏ ਦੇ ਹੋਰ ਕਰਜ਼ੇ ਦੇਣ ਲਈ ਬੈਂਕਾਂ ਨੂੰ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਆਰਬੀਆਈ ਨੇ ਵਿੱਤੀ ਵਰ੍ਹੇ 2021-22 ਦੌਰਾਨ ਪਰਚੂਨ ਮਹਿੰਗਾਈ ਦਰ 5.1 ਫ਼ੀਸਦ ਰਹਿਣ ਦੀ ਸੰਭਾਵਨਾ ਜਤਾਈ ਹੈ। ਸ੍ਰੀ ਦਾਸ ਨੇ ਕਿਹਾ,‘‘ਵਧੀਆ ਮੌਨਸੂਨ ਅਤੇ ਸਰਕਾਰ ਵੱਲੋਂ ਸਪਲਾਈ ਬਣਾਈ ਰੱਖਣ ਦੀ ਕੋਸ਼ਿਸ਼ ਕਾਰਨ ਮਹਿੰਗਾਈ ਦਰ ਨੂੰ ਇਸ ਪੱਧਰ ’ਤੇ ਰੱਖਣ ’ਚ ਸਹਾਇਤਾ ਮਿਲੇਗੀ।’’ ਉਂਜ ਕੇਂਦਰੀ ਬੈਂਕ ਨੇ ਸਾਵਧਾਨ ਕੀਤਾ ਹੈ ਕਿ ਆਲਮੀ ਪੱਧਰ ’ਤੇ ਜਿਣਸਾਂ ਦੀਆਂ ਕੀਮਤਾਂ ਵੱਧ ਹੋਣ ਕਾਰਨ ਮਹਿੰਗਾਈ ਦਰ ਉਪਰ ਵੱਲ ਨੂੰ ਜਾਣ ਦਾ ਜੋਖਮ ਹੈ। ਆਰਬੀਆਈ ਨੇ ਸਰਕਾਰ ਨੂੰ ਵਾਧੂ ਫੰਡ ਤਬਦੀਲ ਕਰਨ ਦੇ ਫ਼ੈਸਲੇ ਸਬੰਧੀ ਨੀਤੀ ’ਚ ਕਿਸੇ ਬਦਲਾਅ ਤੋਂ ਇਨਕਾਰ ਕੀਤਾ ਹੈ। ਆਰਬੀਆਈ ਨੇ 9 ਮਹੀਨਿਆਂ ਲਈ ਸਰਕਾਰ ਨੂੰ 99,122 ਕਰੋੜ ਰੁਪਏ ਦਾ ਵਾਧੂ ਫੰਡ ਤਬਦੀਲ ਕੀਤਾ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਲਜ ਦੀ ਕੰਟੀਨ
Next articleਕੈਪਟਨ ਨੇ ਖੜਗੇ ਕਮੇਟੀ ਕੋਲ ਰੱਖਿਆ ਪੱਖ