ਆਰਬੀਆਈ: ਡਿਪਟੀ ਗਵਰਨਰ ਵਿਰਲ ਨੇ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ਦਿੱਤਾ ਅਸਤੀਫ਼ਾ

ਰਿਜ਼ਰਵ ਬੈਂਕ ਆਫ ਇੰਡੀਆ ਦੇ ਡਿਪਟੀ ਗਵਰਨਰ ਵਿਰਲ ਅਚਾਰਿਆ ਨੇ ਆਪਣਾ ਕਾਰਜਕਾਲ ਪੂਰਾ ਹੋਣ ਤੋਂ ਛੇ ਮਹੀਨੇ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ ਹੈ। ਅਚਾਰਿਆ ਆਰਬੀਆਈ ਦਾ ਤੀਜਾ ਅਜਿਹਾ ਉੱਚ ਅਧਿਕਾਰੀ ਹੈ, ਜਿਸ ਨੇ ਆਪਣਾ ਕਾਰਜਕਾਲ ਪੂੁਰਾ ਹੋਣ ਤੋਂ ਪਹਿਲਾਂ ਹੀ ਅਹੁਦਾ ਛੱਡ ਦਿੱਤਾ ਹੈ। ਉਨ੍ਹਾਂ ਤੋਂ ਪਹਿਲਾਂ ਆਰਬੀਆਈ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਤੇ ਊਰਜਿਤ ਪਟੇਲ ਨੇ ਅਸਤੀਫ਼ੇ ਦੇ ਦਿੱਤੇ ਸਨ। 2017 ਵਿਚ ਆਰਬੀਆਈ ਦੇ ਡਿਪਟੀ ਗਵਰਨਰ ਦਾ ਅਹੁਦਾ ਸੰਭਾਲਣ ਵਾਲੇ ਅਚਾਰਿਆ ਕੇਂਦਰੀ ਬੈਂਕ ਦੇ ਰੈਪੋ ਰੇਟਾਂ ’ਤੇ ਕੱਟ ਲਾਉਣ ਦੇ ਫ਼ੈਸਲੇ ਦੇ ਖ਼ਿਲਾਫ਼ ਸਨ ਤੇ ਉਨ੍ਹਾਂ ਨੇ ਅਸਤੀਫ਼ਾ ਦੇ ਦਿੱਤਾ। ਆਰਬੀਆਈ ਨੇ ਅਸਤੀਫ਼ੇ ਦੀ ਪੁਸ਼ਟੀ ਕਰਦਿਆਂ ਕਿਹਾ, ‘‘ਵਿਰਲ ਵੀ. ਅਚਾਰਿਆ ਨੇ ਆਬਰੀਆਈ ਨੂੰ ਦਿੱਤੇ ਇਕ ਪੱਤਰ ਵਿਚ ਕਿਹਾ ਸੀ ਕਿ ਕੁਝ ਨਿੱਜੀ ਕਾਰਨਾਂ ਕਰਕੇ ਉਹ 23 ਜੁਲਾਈ ਤੋਂ ਬਾਅਦ ਡਿਪਟੀ ਗਵਰਨਰ ਵਜੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਸਕਣਗੇ।’’ ਉੱਚ ਅਧਿਕਾਰੀ ਉਨ੍ਹਾਂ ਦੇ ਪੱਤਰ ’ਤੇ ਅਗਲੇਰੀ ਕਾਰਵਾਈ ਬਾਰੇ ਵਿਚਾਰ ਕਰ ਰਹੇ ਹਨ। ਅਚਾਰਿਆ ਨੇ ਇਸ ਬਾਰੇ ਅਜੇ ਕੋਈ ਟਿੱਪਣੀ ਨਹੀਂ ਕੀਤੀ ਹੈ। ਸ੍ਰੀ ਅਚਾਰਿਆ ਦੇ ਅਸਤੀਫ਼ੇ ਮਗਰੋਂ ਆਰਬੀਆਈ ਕੋਲ ਹੁਣ ਤਿੰਨ ਡਿਪਟੀ ਗਵਰਨਰ ਐੱਨ ਐੱਸ ਵਿਸ਼ਵਨਾਥਨ, ਬੀ.ਪੀ. ਕਾਨੂੰਗੋ ਅਤੇ ਐੱਮ.ਕੇ. ਜੈਨ ਰਹਿ ਗਏ ਹਨ।

Previous articleReview of The Doctor and Saint
Next articleਭਾਰਤ ਖ਼ਿਲਾਫ਼ ਮੈਚ ਤੋਂ ਪਹਿਲਾਂ ਵਿੰਡੀਜ਼ ਨੂੰ ਝਟਕਾ, ਰੱਸਲ ਵਿਸ਼ਵ ਕੱਪ ’ਚੋਂ ਬਾਹਰ