ਆਰਥਿਕ ਮੰਦੀ ਚਿੰਤਾ ਦਾ ਵਿਸ਼ਾ: ਰਾਜਨ

ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਗਵਰਨਰ ਰਘੂਰਾਮ ਰਾਜਨ ਨੇ ਅਰਥਚਾਰੇ ’ਚ ਮੰਦੀ ਨੂੰ ‘ਵੱਡੀ ਚਿੰਤਾ’ ਦਾ ਵਿਸ਼ਾ ਕਰਾਰ ਦਿੱਤਾ ਅਤੇ ਕਿਹਾ ਕਿ ਸਰਕਾਰ ਨੂੰ ਪਾਵਰ ਅਤੇ ਗ਼ੈਰ-ਬੈਂਕਿੰਗ ਵਿੱਤੀ ਸੈਕਟਰਾਂ ਦੀਆਂ ਮੁਸ਼ਕਲਾਂ ਦਾ ਤੁਰੰਤ ਨਿਬੇੜਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਨੂੰ ਨਵੇਂ ਸੁਧਾਰਾਂ ਦਾ ਐਲਾਨ ਕਰਨਾ ਚਾਹੀਦਾ ਹੈ। ਸ੍ਰੀ ਰਾਜਨ 2013 ਤੋਂ 2016 ਤਕ ਰਿਜ਼ਰਵ ਬੈਂਕ ਦੇ ਗਵਰਨਰ ਰਹੇ ਸਨ ਪਰ ਮੋਦੀ ਸਰਕਾਰ ਨੇ ਉਨ੍ਹਾਂ ਦੇ ਦੂਜੇ ਕਾਰਜਕਾਲ ’ਚ ਵਾਧਾ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਜਿਸ ਢੰਗ ਨਾਲ ਭਾਰਤ ’ਚ ਜੀਡੀਪੀ ਦਾ ਹਿਸਾਬ ਲਾਇਆ ਜਾਂਦਾ ਹੈ, ਉਸ ਦੀ ਨਜ਼ਰਸਾਨੀ ਕਰਨ ਦੀ ਲੋੜ ਹੈ। ਇਕ ਟੀਵੀ ਚੈਨਲ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰਾਈਵੇਟ ਸੈਕਟਰ ਦੇ ਵਿਸ਼ਲੇਸ਼ਕਾਂ ਵੱਲੋਂ ਵਿਕਾਸ ਦੇ ਵੱਖ ਵੱਖ ਅਨੁਮਾਨ ਲਾਏ ਜਾਂਦੇ ਹਨ ਜਿਨ੍ਹਾਂ ’ਚੋਂ ਕਈ ਸਰਕਾਰ ਦੇ ਅੰਦਾਜ਼ਿਆਂ ਨਾਲੋਂ ਬਹੁਤ ਘੱਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਚਾਰੇ ਪਾਸੇ ਕਾਰੋਬਾਰੀਆਂ ਦੇ ਫਿਕਰ ਸੁਣਾਈ ਪੈਂਦੇ ਹਨ ਅਤੇ ਉਹ ਸ਼ਿਕਾਇਤਾਂ ਕਰ ਰਹੇ ਹਨ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਰਾਹਤ ਲੋੜੀਂਦੀ ਹੈ। ਉਨ੍ਹਾਂ ਕਿਹਾ ਕਿ ਇਕ ਅੱਧੇ ਫ਼ੈਸਲੇ ਨਾਲ ਕੋਈ ਹੱਲ ਨਹੀਂ ਨਿਕਲਣਾ ਹੈ ਸਗੋਂ ਅਰਥਚਾਰੇ ਲਈ ਵੱਡੇ ਪੱਧਰ ’ਤੇ ਸੁਧਾਰ ਕਰਨੇ ਪੈਣਗੇ।

Previous articleਮਨਮੋਹਨ ਸਿੰਘ ਨਿਰਵਿਰੋਧ ਰਾਜ ਸਭਾ ਦੇ ਮੈਂਬਰ ਬਣੇ
Next articleਬਾਲਾਕੋਟ ਮਗਰੋਂ ਪਾਕਿ ਨਾਲ ਦੋ-ਦੋ ਹੱਥ ਕਰਨ ਲਈ ਤਿਆਰ ਸੀ: ਰਾਵਤ