ਆਰਐੱਸਐੱਸ ਹੁਣ ਆਬਾਦੀ ’ਤੇ ਕਾਬੂ ਪਾਉਣ ਉੱਪਰ ਦੇਵੇਗਾ ਜ਼ੋਰ

ਰਾਸ਼ਟਰੀ ਸਵੈ-ਸੇਵਕ ਸੰਘ (ਆਰਐੱਸਐੱਸ) ਦੇ ਏਜੰਡੇ ’ਤੇ ਹੁਣ ਮਥੁਰਾ ਜਾਂ ਕਾਸ਼ੀ ਨਹੀਂ ਹਨ। ਆਰਐੱਸਐੱਸ ਵੱਲੋਂ ਹੁਣ ਆਬਾਦੀ ’ਤੇ ਕੰਟਰੋਲ ਲਈ ਜ਼ੋਰ ਦਿੱਤਾ ਜਾਵੇਗਾ। ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਨੇ ਇਥੇ ਆਪਣੇ ਦੌਰੇ ਦੌਰਾਨ ਕਿਹਾ ਕਿ ਸਰਕਾਰ ਨੂੰ ਪਰਿਵਾਰ ’ਚ ਦੋ ਬੱਚਿਆਂ ਦਾ ਕਾਨੂੰਨ ਲਿਆਉਣਾ ਚਾਹੀਦਾ ਹੈ ਤਾਂ ਜੋ ਮੁਲਕ ਦਾ ਸਹੀ ਢੰਗ ਨਾਲ ਵਿਕਾਸ ਯਕੀਨੀ ਬਣਾਇਆ ਜਾ ਸਕੇ। ਮੁਰਾਦਾਬਾਦ ਇੰਸਟੀਚਿਊਟ ਆਫ਼ ਤਕਨਾਲੋਜੀ ’ਚ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਭਾਗਵਤ ਨੇ ਕਿਹਾ ਕਿ ਆਰਐੱਸਐੱਸ ਦੋ ਬੱਚਿਆਂ ਵਾਲੇ ਕਿਸੇ ਵੀ ਕਾਨੂੰਨ ਦੀ ਹਮਾਇਤ ਕਰੇਗਾ। ਸੰਘ ਦੇ 40 ਸੀਨੀਅਰ ਅਹੁਦੇਦਾਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ,‘‘ਅਸੀਂ ਮਹਿਸੂਸ ਕਰਦੇ ਹਾਂ ਕਿ ਆਬਾਦੀ ’ਤੇ ਕੰਟਰੋਲ ਕਰਨਾ ਸਮੇਂ ਦੀ ਲੋੜ ਹੈ ਅਤੇ ਇਸ ਬਾਰੇ ਅੰਤਿਮ ਫ਼ੈਸਲਾ ਸਰਕਾਰ ਨੇ ਲੈਣਾ ਹੈ। ਇਸ ਕਾਨੂੰਨ ਦਾ ਕਿਸੇ ਖਾਸ ਧਰਮ ਨਾਲ ਕੋਈ ਸਬੰਧ ਨਹੀਂ ਹੋਵੇਗਾ ਅਤੇ ਇਹ ਸਾਰਿਆਂ ’ਤੇ ਲਾਗੂ ਹੋਵੇਗਾ।’’ ਆਰਐੱਸਐੱਸ ਮੁਖੀ ਨੇ ਕਿਹਾ ਕਿ ਭਾਰਤ ਵਿਕਾਸਸ਼ੀਲ ਮੁਲਕ ਹੈ ਪਰ ਆਬਾਦੀ ਦੀ ਸਮੱਸਿਆ ਇਸ ਦੇ ਵਿਕਾਸ ਲਈ ਸਹੀ ਨਹੀਂ ਹੈ। ਰਾਮ ਮੰਦਰ ਬਾਰੇ ਉਨ੍ਹਾਂ ਕਿਹਾ ਕਿ ਆਰਐੱਸਐੱਸ ਦੀ ਭੂਮਿਕਾ ਮੰਦਰ ਦੇ ਨਿਰਮਾਣ ਤੱਕ ਸੀਮਤ ਸੀ। ਉਨ੍ਹਾਂ ਕਿਹਾ ਕਿ ਜਦੋਂ ਟਰੱਸਟ ਬਣ ਜਾਵੇਗਾ ਤਾਂ ਆਰਐੱਸਐੱਸ ਰਾਮ ਮੰਦਰ ਦੀ ਉਸਾਰੀ ਤੋਂ ਲਾਂਭੇ ਹੋ ਜਾਵੇਗਾ।

Previous articleਦਿੱਲੀ ਚੋਣਾਂ: ਭਾਜਪਾ ਵੱਲੋਂ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ
Next articleਮੁੰਬਈ ਬੰਬ ਧਮਾਕਿਆਂ ਦਾ ‘ਲਾਪਤਾ’ ਦੋਸ਼ੀ ਕਾਨਪੁਰ ਤੋਂ ਗ੍ਰਿਫ਼ਤਾਰ