‘ਆਪ’ ਨੇ ਜਿਪਸਮ ਘੁਟਾਲੇ ਦੀ ਜੁਡੀਸ਼ਲ ਜਾਂਚ ਮੰਗੀ

ਚੰਡੀਗੜ੍ਹ (ਸਮਾਜ ਵੀਕਲੀ) : ਆਮ ਆਦਮੀ ਪਾਰਟੀ ਪੰਜਾਬ ਨੇ ਬਹੁ-ਕਰੋੜੀ ਜਿਪਸਮ ਘੁਟਾਲੇ ਦੀ ਹਾਈ ਕੋਰਟ ਦੀ ਨਿਗਰਾਨੀ ਹੇਠ ਜੁਡੀਸ਼ਲ ਜਾਂਚ ਦੀ ਮੰਗ ਕੀਤੀ ਹੈ। ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਅਤੇ ਕਿਸਾਨ ਵਿੰਗ ਦੇ ਸੂਬਾ ਪ੍ਰਧਾਨ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਕੈਪਟਨ ਸਰਕਾਰ ਪਿਛਲੀ ਬਾਦਲ ਸਰਕਾਰ ਵੇਲੇ ਦੇ ਬੀਜ ਸਬਸਿਡੀ ਅਤੇ ਨਕਲੀ ਪੈਸਟੀਸਾਈਡ ਘੁਟਾਲਿਆਂ ਦੇ ਦੋਸ਼ੀ ਫੜਨ ਦੀ ਥਾਂ ਖ਼ੁਦ ਘੁਟਾਲੇ ਕਰਨ ਵਿੱਚ ਰੁੱਝ ਗਈ ਹੈ।

ਸ੍ਰੀ ਚੀਮਾ ਨੇ ਕਿਹਾ ਕਿ ਪਹਿਲਾਂ ਬਹੁ-ਕਰੋੜੀ ਫ਼ਰਜ਼ੀ ਬੀਜ ਘੁਟਾਲੇ ਅਤੇ ਹੁਣ ਜਿਪਸਮ ਘੁਟਾਲੇ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਤੌਰ ਖੇਤੀਬਾੜੀ ਮੰਤਰੀ ਵੀ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ। ਇਸ ਲਈ ਕੈਪਟਨ ਨੂੰ ਖੇਤੀਬਾੜੀ ਮੰਤਰਾਲਾ ਆਪਣੇ ਕਿਸੇ ਹੋਰ ਜ਼ਿੰਮੇਵਾਰ ਮੰਤਰੀ ਨੂੰ ਸੌਂਪ ਦੇਣਾ ਚਾਹੀਦਾ ਹੈ। ਸ੍ਰੀ ਸੰਧਵਾਂ ਨੇ ਕਿਹਾ ਕਿ ਝੋਨੇ ਦਾ ਸੀਜ਼ਨ ਲੰਘ ਜਾਣ ਉਪਰੰਤ ਰਾਜਸਥਾਨ ਵਿੱਚੋਂ ਕਰੋੜਾਂ ਰੁਪਏ ਦਾ ਜੋ ਜਿਪਸਮ ਮੰਗਾਇਆ ਹੈ। ਉਸ ਦੇ 60 ਫ਼ੀਸਦੀ ਨਮੂਨੇ ਫ਼ੇਲ੍ਹ ਹੋਣ ਅਤੇ ਤੈਅ ਕੀਤੀਆਂ ਕੀਮਤਾਂ ਦੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਨਿਗਰਾਨੀ ਹੇਠ ਜੁਡੀਸ਼ੀਅਲ ਜਾਂਚ ਕਰਵਾਈ ਜਾਵੇ।

‘ਆਪ’ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਘਟੀਆ ਕਿਸਮ ਦਾ ਜਿਪਸਮ ਉਪਲਬਧ ਕਰਕੇ ਜਿੱਥੇ ਕਿਸਾਨਾਂ ਨਾਲ ਧੋਖਾ ਕਰ ਰਹੀ ਹੈ, ਉੱਥੇ ਇਸ ਘਟੀਆ ਕਿਸਮ ਦੇ ਜਿਪਸਮ ਨੂੰ 225 ਰੁਪਏ ਖ਼ਰੀਦ ਕੇ 440 ਰੁਪਏ ਵੇਚ ਕੇ ਸ਼ਰੇਆਮ ਲੁੱਟ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਖੇਤੀਬਾੜੀ ਦੇ ਸੰਦਾਂ ’ਤੇ ਮਿਲਦੀ ਸਬਸਿਡੀ ਵਿੱਚ ਵੀ ਵੱਡੇ ਪੱਧਰ ’ਤੇ ਮਿਲੀਭੁਗਤ ਨਾਲ ਕਿਸਾਨਾਂ ਨੂੰ ਠੱਗਿਆ ਜਾਂਦਾ ਹੈ।

Previous articleਪੁਲੀਸ ਦੀ ਕਾਰਵਾਈ ਤੋਂ ਖਫ਼ਾ ਔਰਤ ਨੇ ਖ਼ੁਦ ਨੂੰ ਅੱਗ ਲਾਈ
Next articleਡੇਰਾ ਸਮਰਥਕ ਵੀਰਪਾਲ ਕੌਰ ਖ਼ਿਲਾਫ਼ ਐੱਸਐੱਸਪੀ ਨੂੰ ਸ਼ਿਕਾਇਤ