‘ਆਪ’ ਕੌਂਸਲਰ ਤਾਹਿਰ ਹੁਸੈਨ ਖ਼ਿਲਾਫ਼ ਕੇਸ ਦਰਜ

Delhi riots accused Tahir Hussain

ਰਾਜਧਾਨੀ ਦਿੱਲੀ ਵਿੱਚ ਇੰਟੈਲੀਜੈਂਸ ਬਿਊਰੋ ਦੇ ਇਕ ਮੁਲਾਜ਼ਮ ਦੀ ਹੱਤਿਆ ਵਿੱਚ ਸ਼ਾਮਲ ਹੋਣ ਦਾ ਦੋਸ਼ ਲੱਗਣ ਦੇ ਬਾਅਦ ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੇ ਆਪਣੇ ਕੌਂਸਲਰ ਤਾਹਿਰ ਹੁਸੈਨ ਨੂੰ ਪੁਲੀਸ ਜਾਂਚ ਪੂਰੀ ਹੋਣ ਤਕ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੱਤਾ ਹੈ। ਆਈਬੀ ਮੁਲਾਜ਼ਮ ਅੰਕਿਤ ਸ਼ਰਮਾ ਦੀ ਲਾਸ਼ ਚਾਂਦ ਬਾਗ ਇਲਾਕੇ ਵਿੱਚ ਉਸ ਦੇ ਘਰ ਨੇੜਲੇ ਨਾਲੇ ਵਿੱਚੋਂ ਮਿਲੀ ਸੀ। ਪੀੜਤ ਪਰਿਵਾਰ ਨੇ ਅੰਕਿਤ ਦੀ ਹੱਤਿਆ ਵਿੱਚ ਤਾਹਿਰ ਹੁਸੈਨ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਪੁਲੀਸ ਨੇ ਅੰਕਿਤ ਦੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਧਾਰਾ 365 ਅਤੇ 302 ਤਹਿਤ ਕੇਸ ਦਰਜ ਕੀਤਾ ਹੈ। ਦਿੱਲੀ ਪੁਲੀਸ ਨੇ ਉਸ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਤਾਹਿਰ ਖ਼ਿਲਾਫ਼ ਤਿੰਨ ਸ਼ਿਕਾਇਤਾਂ ਕੀਤੀਆਂ ਗਈਆਂ ਹਨ। ਭਾਜਪਾ ਵੱਲੋਂ ਤਾਹਿਰ ’ਤੇ ਦੰਗੇ ਭੜਕਾਉਣ ਦੇ ਦੋਸ਼ ਲਾਏ ਗਏ ਹਨ ਜਦੋਂਕਿ ਤਾਹਿਰ ਦਾ ਦਾਅਵਾ ਹੈ ਕਿ ਉਹ ਬੇਕਸੂਰ ਹੈ ਅਤੇ ਉਸ ਨੂੰ ਫਸਾਇਆ ਜਾ ਰਿਹਾ ਹੈ। ਉਸ ਦਾ ਕਹਿਣਾ ਹੈ ਕਿ ਉਹ ਤਾਂ ਲੋਕਾਂ ਨੂੰ ਮਕਾਨ ਦੀ ਗ਼ਲਤ ਵਰਤੋਂ ਕਰਨ ਤੋਂ ਰੋਕ ਰਿਹਾ ਸੀ ਅਤੇ ਇਮਾਰਤ ਉਪਰ ਨਾ ਚੜ੍ਹਨ ਲਈ ਆਖ ਰਿਹਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਤਾਹਿਰ ਦੇ ਬਹੁ-ਮੰਜ਼ਿਲੇ ਮਕਾਨ ਤੋਂ ਰੋੜੇ, ਠੰਢੇ ਦੀਆਂ ਬੋਤਲਾਂ ਤੇ ਹੋਰ ਸਾਮਾਨ ਮਿਲਿਆ ਹੈ। ‘ਆਪ’ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਹਿਰ ਦੇ ਮਾਮਲੇ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਜੇਕਰ ‘ਆਪ’ ਦਾ ਕੋਈ ਮੰਤਰੀ ਜਾਂ ਪਾਰਟੀ ਆਗੂ ਹਿੰਸਾ ਵਿੱਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਦੁੱਗਣੀ ਸਜ਼ਾ ਦਿੱਤੀ ਜਾਵੇ।

Previous articleਮਹਿਲਾ ਟੀ-20 ਵਿਸ਼ਵ ਕੱਪ: ਭਾਰਤ ਸੈਮੀ ਫਾਈਨਲ ’ਚ
Next articleਭਾਰਤ ਤੇ ਮਿਆਂਮਾਰ ਵਿਚਾਲੇ ਦਸ ਸਮਝੌਤੇ ਸਹੀਬੰਦ