ਆਪਣੀ ਮਾਨਸਿਕ ਸਿਹਤ ਵੱ ਲ ਬਣਦਾ ਧਿਆਨ ਦੇਈਏ

  • Navdeep Singh

ਅਕਸਰ ਹੀ ਜ਼ਿੰਦਗੀ ਵਿੱਚ ਸਧਾਰਣ ਘਟਣ ਵਾਲੀਆਂ ਘਟਨਾਵਾਂ ਸਾਨੂੰ ਵੱਡਮੁੱਲੇ ਸਬਕ ਦੇ ਜਾਂਦੀਆਂ ਹਨ। ਮੇਰੀ ਬੇਟੀ ਆਪਣੇ ਸਕੂਲ ਵਲੋਂ ਮਿਲੇ ਹੋਮਵਰਕ ਲਈ ਇਕ ਚਿੱਤਰ ਬਣਾ ਰਹੀ ਸੀ। ਇਹ ਇਕ ਸਾਦਾ ਚਿੱਤਰ ਸੀ ਜਿਸ ਵਿੱਚ ਉਸਨੇ ਇਕ ਅਰਧ ਚੱਕਰ ਬਣਾਇਆ ਜਿਵੇਂ ਕਿ ਕੋਈ ਗੋਲ਼ ਕੌਲੀ ਮੂਧੀ ਮਾਰੀ ਹੋਵੇ ਅਤੇ ਇਸਦੇ ਅਰਧ ਗੋਲਾ ਆਕਾਰ ਤੇ ਇਕ ਹਥੌੜਾ, ਇਕ ਨਟ ਕੱਸਣ ਵਾਲਾ ਪਾਨਾ ਅਤੇ ਇਕ ਕੰਧਾਂ ਤੇ ਰੰਗ ਕਰਨ ਵਾਲਾ ਬਰੁਸ਼ ਬਣਾਇਆ ਸੀ। ਉਸਦੀ ਸੋਚ ਮੁਤਾਬਿਕ ਇਹ ਚਿੱਤਰ ‘ਮਈ ਦਿਵਸ’ ਨੂੰ ਦਰਸਾਉਂਦਾ ਸੀ। ਫਿਰ ਉਸਨੇ ਇਹ ਚਿੱਤਰ ਸਾਨੂੰ ਸਭ ਨੂੰ ਵਾਰੀ ਵਾਰੀ ਵਿਖਾਇਆ ਅਤੇ ਪੁੱਛਿਆ ਕਿ ਅਸੀਂ ਅੰਦਾਜਾ ਲਗਾਈਏ ਕਿ ਉਸਨੇ ਕੀ ਬਣਾਇਆ ਹੈ। ਮੈਂਨੂੰ ਬਹੁਤ ਹੈਰਾਨੀ ਹੋਈ ਜਦੋਂ ਕਿਸੇ ਨੇ ਉਸ ਨੂੰ ਕਰੋਨਾ ਵਾਇਰਸ, ਕਿਸਨੇ ਪਾਣੀ ਉਬਾਲਣ ਵਾਲੀ ਕੇਤਲੀ ਅਤੇ ਕਿਸੇ ਨੇ ਸਿਰ ਤੇ ਲੈਣ ਵਾਲੀ ਟੋਪੀ ਦੱਸਿਆ। ਮੈਂ ਸੋਚਿਆ ਕਿ ਇਹ ਕਿੰਨੀ ਵਧੀਆ ਉਦਾਹਰਣ ਹੈ ਕਿ ਅਸੀਂ ਇਕੋ ਚੀਜ ਨੂੰ ਭਿੰਨ-ਭਿੰਨ ਨਜ਼ਰੀਆ ਨਾਲ ਵੇਖਦੇ ਹਾਂ।ਇਵੇਂ ਹੀ ਅਸੀਂ ਵੱਖ-ਵੱਖ ਪ੍ਰਸਥਿਤੀਆਂ ਨੂੰ ਘੋਖਦੇ, ਸਮਝਦੇ ਹਾਂ ਅਤੇ ਉਹਨਾਂ ਬਾਰੇ ਅੱਡ ਅੱਡ ਧਾਰਨਾਵਾਂ ਬਣਾਉਦੇ ਹਾਂ।

ਕਰੋਨਾ ਵਾਇਰਸ (COVID-19) ਕਰਕੇ ਅਸੀਂ ਸਭ ਹਾਲ ਦੀ ਘੜੀ ਬੜੇ ਮੁਸ਼ਕਲ ਹਾਲਾਤਾਂ ਵਿੱਚੋਂ ਲੰਘ ਰਹੇ ਹਾਂ। ਅਸੀਂ ਸਭ ਤਕਰੀਬਨ ਇਕੋ ਹੀ ਤਰ੍ਹਾਂ ਤਰ੍ਹਾਂ ਦੀਆਂ ਖ਼ਬਰਾਂ ਬਾਰ ਬਾਰ ਸੁਣ ਰਹੇ ਹਾਂ ਅਤੇ ਸੋਸ਼ਲ ਮੀਡੀਆ ਤੇ ਵੱਧ ਘੱਟ ਇਕੋ ਜਿਹੀਆਂ ਬੇਤੁਕੀਆਂ ਵੀਡੀਓ ਵੇਖ ਰਹੇ ਹਾਂ। ਹਮੇਸ਼ਾ ਦੀ ਤਰ੍ਹਾਂ ਹੀ ਸਾਨੂੰ ਆਉਣ ਵਾਲੇ ਕੱਲ ਬਾਰੇ ਆਪਣੇ ਭਵਿੱਖ ਜਾਨਣ ਦੀ ਕਾਹਲ ਹੈ ਜਾਂ ਕਹਿ ਲਈਏ ਕਿ ਫ਼ਿਕਰ ਹੈ। ਸਾਡੇ ਵਿੱਚੋਂ ਬੁਹਤਿਆਂ ਨੂੰ ਭਵਿੱਖ ਧੁੰਦਲਾ ਹੀ ਦਿਸਦਾ ਹੈ ਅਤੇ ਧਿਆਨ ਸਿਰਫ ਨਿਰਾਸ਼ਜਨਕ ਪਾਸੇ ਵੱਲ ਹੀ ਕੇਂਦਰਿਤ ਹੈ। ਦੂਸਰੇ ਪਾਸੇ ਉਹ ਲੋਕ ਵੀ ਹਨ ਜੋ ਇਸ ਰੋਜ਼ਾਨਾ ਦੀ ਦੌੜ ਭੱਜ ਤੋਂ ਮਿਲੀ ਫ਼ੁਰਸਤ ਦੇ ਦਿਨਾਂ ਵਿੱਚ ਸ਼ਾਂਤ ਮਨ ਨਾਲ ਬੈਠਕੇ ਤੱਥਾਂ ਤੇ ਅਧਾਰਿਤ ਜਾਣਕਾਰੀ ਇਕੱਤਰ ਕਰਨਗੇ ਅਤੇ ਫਿਰ ਆਉਣ ਵਾਲੇ ਦਿਨਾਂ ਵਿੱਚ ਆੳਣ ਵਾਲੀਆਂ ਸੰਭਾਵੀ ਮੁਸ਼ਕਲਾਂ ਅਤੇ ਉਹਨਾਂ ਦੇ ਉਪਾਵਾਂ ਬਾਰੇ ਯੋਜਨਾਵਾਂ ਬਣਾਉਣਗੇ। ਉਹ ਲੋਕ ਆਪਣਾ ਧਿਆਨ ਸੰਭਾਵੀ ਮੌਕਿਆਂ ਵੱਲ ਵੀ ਰੱਖਣਗੇ।

ਜਿਹੜੇ ਲੋਕ ਆਪਣੀ ਸੋਚ ਹਾਂ ਪੱਖੀ ਰੱਖਣਗੇ ਉਹ ਇਸ ਮੁਸ਼ਕੱਲ ਦੀ ਘੜੀ ਚੋਂ ਵੀ ਵਿਜੇਤਾ ਹੋ ਉੱਭਰਣਗੇ। ਉਹਨਾਂ ਦੀ ਸਰੀਰਿਕ ਅਤੇ ਮਾਨਸਿਕ ਸਿਹਤ ਵੀ ਠੀਕ ਰਹੇਗੀ ਅਤੇ ਉਹ ਦੂਸਰਿਆਂ ਲਈ ਵੀ ਰਾਹ ਦਸੇਰਾ ਬਣਨਗੇ। ਦੂਸਰੇ ਪਾਸੇ ਉਹ ਲੋਕ ਜਿਹਨਾਂ ਨੂੰ ਭਵਿੱਖ ‘ਚ ਕੋਈ ਵੀ ਚੰਗਾ ਮੌਕਾ ਨਹੀਂ ਦਿਸੇਗਾ ਉਹਨੂੰ ਸਿਹਤ, ਆਰਥਿਕ, ਭਾਵਨਾਤਮਿਕ ਅਤੇ ਪਰਿਵਾਰਿਕ ਰਿਸ਼ਤਿਆਂ ਨਾਲ ਸੰਬੰਧਿਤ ਮੁਸ਼ਕਲਾਂ ਨਾਲ ਜੂਝਣਾ ਪਵੇਗਾ। ਫਿਰ ਉਹ ਆਪਣੇ ‘ਮਾੜੇ ਭਾਗਾਂ’ ਨੂੰ ਕੋਸਣਗੇ ਅਤੇ ਦੂਸਰਿਆਂ ਦੇ ‘ਚੰਗੇ ਭਾਗਾਂ’ ਵੱਲ ਤੱਕ ਕੇ ਦੁਖੀ ਹੋਣਗੇ। ਇਸਤੋਂ ਵੀ ਅੱਗੇ ਉਹ ਆਪਣੇ ਮਾੜੇ ਭਾਗਾਂ ਨੂੰ ਠੀਕ ਕਰਨ ਲਈ ਕਿਸੇ ਜੋਤਸ਼ੀ/ਬਾਬੇ ਦਾ ਆਸਰਾ ਲੈਣਗੇ ਅਤੇ ਆਪਣੀ ਆਰਥਿਕ ਲੁੱਟ ਕਰਵਾਉਣਗੇ। ਜੋਤਸ਼ੀ/ਬਾਬੇ/ਕਾਲੇ ਇਲਮਾਂ ਦੇ ਮਾਹਿਰ/ਆਪਾਰ ਸ਼ਕਤੀਆਂ ਦੇ ਮਾਲਿਕ ਖੁਸ਼ੀ ਨਾਲ ਹੱਥ ਮੱਲਣਗੇ ਕਿਉਂਕਿ ਉਹਨਾਂ ਦੇ ਗਾਹਕਾਂ ਦੀ ਗਿਣਤੀ ਵੱਧੇਗੀ। ਸਾਡੇ ਵਿੱਚੋਂ ਜਿਹੜੇ ਇਹਨਾਂ ਬਾਬਿਆਂ/ਪਾਖੰਡੀਆਂ ਦੇ ਦਰਾਂ ਤੇ ਢੁੱਕਣਗੇ ਉਹ ਇਹ ਭੁੱਲ ਚੁੱਕੇ ਹੋਣਗੇ ਕਿ ਜਦੋਂ ਇਹਨਾਂ ਪਾਖੰਡੀਆਂ ਕੋਲ ਆਪਣੀਆਂ ਕਰਾਮਾਤਾਂ ਦਿਖਾਉਣ ਦਾ ਮੌਕਾ ਸੀ ਤਾਂ ਇਹ ਆਪਣੇ ਅੰਦਰੀਂ ਲੁਕ ਕੇ ਬੈਠ ਗਏ ਅਤੇ ਮਨੁੱਖਤਾ ਦੇ ਭਲੇ ਲਈ ਕੁਝ ਵੀ ਨਹੀਂ ਕਰ ਸਕੇ।

ਆਪਣੀਆਂ ਅਦਿੱਖ ਬੇੜੀਆਂ ਜੋ ਜੋਤਸ਼ੀਆਂ/ਬਾਬਿਆਂ/ਕਾਲੇ ਇਲਮਾਂ ਦੇ ਮਾਹਿਰਾਂ/ਆਪਾਰ ਸ਼ਕਤੀਆਂ ਦੇ ਮਾਲਿਕਾਂ/ਧਾਰਮਿਕ ਕਰਮ-ਕਾਂਡਾਂ ਨੇ ਸਾਡੇ ਦਿਮਾਗ ਨੂੰ ਪਾ ਰੱਖੀਆਂ ਹਨ ਤੋਂ ਨਿਜਾਤ ਪਾਉਣ ਲਈ ਆਓ ਇਕ ਸੰਕਲਪ ਕਰੀਏ ਕਿ

  • ਸਾਡੇ ਹਾਲਾਤ ਜਿਤਨੇ ਵੀ ਮੁਸ਼ਕਲ ਕਿਉਂ ਨਾ ਹੋਣ ਅਸੀਂ ਪਾਖੰਡੀਆਂ ਕੋਲ ਝੂਠੀ ਸਹਾਇਤਾ ਦੀ ਭਾਲ ‘ਚ ਨਹੀਂ ਜਾਵਾਂਗੇ।
  • ਜਿੱਥੇ ਕਿਧਰੇ ਵੀ ਸੰਭਵ ਹੋਵੇਗਾ ਦੂਸਰਿਆਂ ਦੀ ਮੱਦਦ ਕਰਾਂਗੇ ਅਤੇ ਮੱਦਦ ਲਵਾਂਗੇ।
  • ਸਿਰਫ਼ ਪੜ੍ਹੇ ਲਿਖੇ ਮਾਹਿਰਾਂ (ਡਾਕਟਰ ਆਦਿਕ) ਕੋਲੋਂ ਹੀ ਸਹਾਇਤਾ ਲਵਾਂਗੇ।
  • ਅਗਰ ਮੈਂਨੂੰ ਪਤਾ ਨਹੀਂ ਲਗਦਾ ਕਿ ਮੈਂ ਮੱਦਦ ਲਈ ਕਿਸ ਕੋਲ ਜਾਵਾਂ ਤਾਂ ਮੈਂ ਤਰਕਸ਼ੀਲ ਸੁਸਾਇਟੀ ਕੋਲ ਜਾਂ ਮੇਰੇ ਲਾਗਲੀ ਕਿਸੇ ਚੈਰਟੀ (Mind) ਜਾਂ ਸਮਾਜ ਭਲਾਈ ਵਾਲੀ ਸੰਸਥਾ (Citizen Advice Bureau) ਨਾਲ ਸੰਪਰਕ ਕਰਾਂਗਾ।

ਤੁਸੀਂ ਆਪਣੀ ਮਾਨਸਿਕ ਸਿਹਤ ਦੀ ਸੰਭਾਲ ਲਈ ਹੇਠ ਲਿਖੇ ਸੌਖੇ ਕਦਮ ਉਠਾ ਸਕਦੇ ਹੋ। ਇਹ ਗੱਲਾਂ ਸ਼ਾਇਦ ਤੁਹਾਡੀਆਂ ਮੁਸ਼ਕਲਾਂ ਦਾ ਭਾਂਵੇ ਸਿੱਧਾ ਹੱਲ ਕਰਨ ਦੀ ਗੱਲ ਨਹੀਂ ਕਰਦੀਆਂ ਪਰ ਉਹ ਲਾਜ਼ਮੀ ਤੌਰ ਤੇ ਤੁਹਾਡੀ ਮਾਨਸਿਕ ਸਿਹਤ ਨੂੰ ਵਧੀਆ ਰੱਖਣ ਵਿੱਚ ਮੱਦਦਗਾਰ ਹੋ ਸਕਦੀਆਂ ਹਨ। ਇਹਨਾਂ ਦੀ ਬਦੌਲਤ ਤਸੀਂ ਆਪਣੀਆਂ ਪੇਸ਼ ਆਈਆਂ ਮੁਸ਼ਕਲਾਂ ਨੂੰ ਹੱਲ ਕਰਨ ਵਾਸਤੇ ਸਹੀ ਰਾਹ ਅਪਣਾ ਸਕਦੇ ਹੋ।

  1. ਆਪਣੇ ਕਿਸੇ ਭਰੋਸੇਯੋਗ ਵਿਆਕਤੀ ਨਾਲ ਗੱਲ ਕਰੋ ਖਾਸ ਕਰਕੇ ਉਸ ਵਕਤ ਜਦੋਂ ਤੁਸੀਂ ਦੂਸਰਿਆਂ ਤੋਂ ਮੂੰਹ ਲਕੋਣ ਜਾਂ ਦੂਰ ਰਹਿਣ ਦਾ ਯਤਨ ਕਰਨ ਲੱਗ ਪਓ।
  2. ਕਿਸੇ ਅਜਿਹੇ ਵਿਅਕਤੀ ਨਾਲ ਗੱਲ ਕਰੋ ਜੋ ਤੁਹਾਡੀ ਗੱਲ ਸਿਰਫ਼ ਸੁਣੇ, ਨਾ ਕਿ ਤੁਹਾਡੀਆਂ ਮੁਸ਼ਕਲਾਂ ਦਾ ਹੱਲ ਸੁਝਾਉਣ ਲਈ ਕਾਹਲਾ ਹੋਵੇ।ਕਈ ਵਾਰ ਤੁਹਾਨੂੰ ਸਿਰਫ਼ ਕਿਸੇ ਅਜਿਹੇ ਮਿੱਤਰ ਦੀ ਲੋੜ ਹੁੰਦੀ ਹੈ ਜੋ ਤੁਹਾਡੀ ਗੱਲ ਪਰਦੇ ਨਾਲ ਸੁਣ ਸਕੇ ਅਤੇ ਆਪਣੇ ਕੋਲ ਹੀ ਗੁਪਤ ਰੱਖੇ।
  3. ਆਪਣੀ ਰੋਜ਼ਮਰਾ ਜ਼ਿੰਦਗੀ ਦੇ ਨੇਮ ਨੂੰ ਜਾਰੀ ਰੱਖੋ। ਜੇ ਕੋਈ ਨੇਮ ਨਹੀਂ ਹੈ ਤਾਂ ਰੋਜ਼ਾਨਾ ਲਈ ਕੋਈ ਨੇਮ ਬਣਾਓ ਜਿਵੇਂਕਿ ਕਸਰਤ ਕਰਨਾ/ਜਿਮ ਜਾਣਾ, ਤੁਰਨਾ, ਊਸਾਰੂ ਸਾਹਿਤ ਪੜ੍ਹਨਾ ਜਾਂ ਵਿਚਾਰ ਸੁਣਨੇ ਆਦਿ
  4. ਕੁਝ ਨਵਾਂ ਕਰਨਾ ਜਿਵੇਂ ਕਿ ਵਾਲੰਟੀਅਰ ਕੰਮ ਕਰਨਾ ਜਾਂ ਆਪਣੇ ਕਿਸੇ ਸ਼ੌਕ ਨੂੰ ਪੂਰਾ ਕਰਨਾ।
  5. ਕਿਸੇ ਅਜਿਹੀ ਔਕੜ ਬਾਰੇ ਸੋਚਣਾ ਜਿਸਦਾ ਤੁਸੀਂ ਡੱਟਕੇ ਮੁਕਾਬਲਾ ਕੀਤਾ ਹੋਵੇ ਅਤੇ ਹੱਲ ਕੱਢਕੇ ਤੁਸੀਂ ਖੁਸ਼ੀ ਮਹਿਸੂਸ ਕੀਤੀ ਹੋਵੇ।
  6. ਕੁਝ ਪਲਾਂ ਲਈ ਰੁਕੋ ਅਤੇ ਸੋਚੋ, ਆਪਣੀ ਮੁਸ਼ਕਲ ਬਾਰੇ ਧੀਰਜ ਅਤੇ ਸਹਿਜ ਮਨ ਨਾਲ ਸੋਚੋ ਹੋ ਸਕਦਾ ਹੈ ਤੁਹਾਡੀ ਮੁਸ਼ਕਲ ਉਤਨੀ ਕਠਿਨ ਨਾ ਹੋਵੇ ਜਿੰਨੀ ਤੁਸੀਂ ਸਮਝਦੇ ਹੋਵੋ।
  7. ਡੂੰਘੇ ਸਾਹ ਲਓ। ਇਸ ਲਈ ਤੁਸੀਂ ਕੋਈ ਵੀ ਢੰਗ ਤਰੀਕਾ ਵਰਤ ਸਕਦੇ ਹੋ।ਡੂੰਘੇ ਸਾਹ ਤੁਹਾਡੀ ਸਰੀਰਿਕ ਅਤੇ ਮਾਨਸਿਕ ਸਿਹਤ ਦੋਵਾਂ ਲਈ ਹੀ ਬਹੁਤ ਫਾਇਦੇਮੰਦ ਹਨ।
  8. ਆਪਣੇ ਦੋਸਤਾਂ ਮਿੱਤਰਾਂ/ਰਿਸ਼ਤੇਦਾਰਾਂ/ਕਰੀਬੀ ਸਾਕ ਸੰਬੰਧੀਆਂ ਦਾ ਹਾਲ ਚਾਲ ਪੁੱਛੋ। ਕਿਸੇ ਦੀ ਸਹਾਇਤਾ ਕਰ ਕੇ ਤੁਹਾਨੂੰ ਚੰਗਾ ਲੱਗੇਗਾ ਅਤੇ ਤੁਹਾਨੂੰ ਉਤਸ਼ਾਹ ਦੇਵੇਗਾ।
  9. ਆਪਣੇ ਗੁਣਾ ਅਤੇ ਯੋਗਤਾਵਾਂ ਨੂੰ ਲਿਖੋ ਜਿਵੇਂ ਕਿ ਤੁਸੀਂ ਕਾਰ ਚਲਾ ਸਕਦੇ ਹੋ, ਇਕ ਜਾਂ ਇਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹੋ, ਤੁਹਾਡੇ ਕੋਲ ਚੰਗੇ ਦੋਸਤ ਜਾਂ ਪਰਿਵਾਰਿਕ ਮੈਂਬਰ ਹਨ ਜਾਂ ਤੁਸੀਂ ਤੰਦਰੁਸਤ ਹੋ ਆਦਿ। ਤੁਸੀਂ ਭਾਂਵੇ ਇਹਨਾਂ ਨੂੰ ਬਹੁਤੀ ਮਹੱਤਤਾ ਨਾ ਦਿੰਦੇ ਹੋਵੋ ਪਰ ਤੁਹਾਡੇ ਆਸ ਪਾਸ ਬਹੁਤ ਅਜਿਹੇ ਵੀ ਲੋਕ ਹੋਣਗੇ ਜਿਹਨਾਂ ਕੋਲ ਇਹ ਯੋਗਤਾਵਾਂ/ਗੁਣ ਨਾ ਹੋਣ।

Navdeep Singh
General Secretary
07813009363
navdeep@asianrationalist.org.uk

Balbir Rattu –        07748145225
Sachdev Virdee –  07786150163

Asian Rationalist Society Britain 

 

 

Previous articleਅੱਪਰਾ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਨੇ ਲਗਾਈ ਠੰਢੇ ਮਿੱਠੇ ਜਲ ਦੀ ਛਬੀਲ
Next articleWe must give due attention to our Mental Health