ਆਤਿਸ਼ਬਾਜ਼ੀ ਲਈ ਦੋ ਘੰਟੇ ਦੀ ਸਮਾਂ-ਸੀਮਾ ਤੈਅ

ਚੰਡੀਗੜ੍ਹ ਵਿੱਚ 27 ਅਕਤੂਬਰ ਨੂੰ ਮਨਾਈ ਜਾਣ ਵਾਲੀ ਦੀਵਾਲੀ ਮੌਕੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣੇ ਮਹਿੰਗੇ ਪੈ ਸਕਦੇ ਹਨ। ਡਿਪਟੀ ਕਮਿਸ਼ਨਰ ਮਨਦੀਪ ਬਰਾੜ ਅਤੇ ਐੱਸਐੱਸਪੀ ਨੀਲਾਂਬਰੀ ਜਗਦਲੇ ਅਨੁਸਾਰ ਦੀਵਾਲੀ ਵਾਲੀ ਰਾਤ ਪਟਾਕੇ ਕੇਵਲ 8 ਵਜੇ ਤੋਂ 10 ਵਜੇ ਤਕ ਹੀ ਚਲਾਏ ਜਾ ਸਕਦੇ ਹਨ। ਸੁਪਰੀਮ ਕੋਰਟ ਨੇ ਦੇਸ਼ ਭਰ ਵਿਚ ਪਟਾਕੇ ਚਲਾਉਣ ਲਈ ਸਮਾਂ ਨਿਰਧਾਰਤ ਕੀਤਾ ਹੈ ਅਤੇ ਰਾਤ 10 ਵਜੇ ਤੋਂ ਬਾਅਦ ਪਟਾਕੇ ਚਲਾਉਣ ਵਾਲਿਆਂ ’ਤੇ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਤਹਿਤ ਧਾਰਾ 188 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਤਹਿਤ ਪੁਲੀਸ ਸਬੰਧਤ ਵਿਅਕਤੀ ਵਿਰੁੱਧ ਧਾਰਾ 188 ਤਹਿਤ ਕੇਸ ਦਰਜ ਕਰਕੇ ਬਕਾਇਦਾ ਉਸ ਦੀ ਗ੍ਰਿਫਤਾਰੀ ਪਾਵੇਗੀ ਅਤੇ ਬਾਅਦ ਵਿਚ ਜ਼ਮਾਨਤ ’ਤੇ ਹੀ ਰਿਹਾਈ ਹੋ ਸਕੇਗੀ। ਇਸ ਮਾਮਲੇ ਵਿਚ ਕੋਈ ਲੰਮੀ-ਚੌੜੀ ਸਜ਼ਾ ਨਹੀਂ ਹੁੰਦੀ ਅਤੇ ਮੌਕੇ ’ਤੇ ਹੀ ਜ਼ਮਾਨਤ ’ਤੇ ਰਿਹਾਈ ਹੋ ਜਾਂਦੀ ਹੈ ਅਤੇ ਬਾਅਦ ਵਿਚ ਕੁਝ ਜੁਰਮਾਨਾ ਕੀਤਾ ਜਾਂਦਾ ਹੈ। ਪੁਲੀਸ ਨੇ ਸਪਸ਼ਟ ਕੀਤਾ ਹੈ ਕਿ ਕੇਵਲ ਦੀਵਾਲੀ ਵਾਲੀ ਰਾਤ ਹੀ 8 ਵਜੇ ਤੋਂ ਲੈ ਕੇ 10 ਵਜੇ ਤਕ ਪਟਾਕੇ ਚਲਾਏ ਜਾ ਸਕਦੇ ਹਨ ਅਤੇ 8 ਵਜੇ ਤੋਂ ਪਹਿਲਾਂ ਪਟਾਕੇ ਚਲਾਉਣ ਵਾਲਿਆਂ ਉਪਰ ਵੀ ਧਾਰਾ 188 ਤਹਿਤ ਕੇਸ ਦਰਜ ਕਰਕੇ ਕਾਰਵਾਈ ਹੋਵੇਗੀ।
ਐੱਸਐੱਸਪੀ ਨੇ ਦੱਸਿਆ ਕਿ ਸਮੂਹ ਥਾਣਿਆਂ ਦੇ ਮੁਖੀਆਂ ਨੂੰ ਨਿਰਧਾਰਤ ਸਮੇਂ ਤੋਂ ਅੱਗੇ-ਪਿੱਛੇ ਪਟਾਕੇ ਚਲਾਉਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। ਐੱਸਐੱਸਪੀ ਨੇ ਥਾਣਾ ਮੁਖੀਆਂ ਨੂੰ ਖੁਦ ਫੀਲਡ ਵਿਚ ਜਾ ਕੇ ਪਟਾਕੇ ਚਲਾਉਣ ਵਾਲਿਆਂ ’ਤੇ ਨਜ਼ਰ ਰੱਖਣ ਲਈ ਕਿਹਾ ਹੈ। ਇਸ ਤੋਂ ਇਲਾਵਾ ਬਿਨਾਂ ਪ੍ਰਾਵਨਗੀ ਤੋਂ ਪਟਾਕਿਆਂ ਦੇ ਸਟਾਲ ਲਾਉਣ ਵਾਲਿਆਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਅਤੇ ਐੱਸਐਚਓਜ਼ ਨੂੰ ਪਟਾਕਿਆਂ ਦੇ ਸਟਾਲਾਂ ’ਤੇ ਵੀ ਨਜ਼ਰ ਰੱਖਣ ਦੇ ਹੁਕਮ ਦਿੱਤੇ ਗਏ ਹਨ। ਕਮਿਸ਼ਨਰ ਕੇਕੇ ਯਾਦਵ ਵੱਲੋਂ ਜਾਰੀ ਕੀਤੇ ਹੁਕਮਾਂ ਅਨੁਸਾਰ ਰਿਹਾਇਸ਼ੀ ਖੇਤਰਾਂ ਵਿਚ ਪਟਾਕਿਆਂ ਦੇ ਸਟਾਲ ਨਹੀਂ ਲਗਾਏ ਜਾ ਸਕਦੇ। ਇਸ ਤੋਂ ਇਲਾਵਾ ਪਾਰਕਿੰਗ ਖੇਤਰਾਂ, ਮਾਰਕੀਟਾਂ ਵਿਚਲੇ ਸ਼ੋਅਰੂਮਾਂ ਤੇ ਦੁਕਾਨਾਂ ਮੂਹਰਲੇ ਵਰਾਂਡਿਆਂ ਅਤੇ ਸਾਈਕਲ ਟਰੈਕਾਂ ਉਪਰ ਵੀ ਸਟਾਲ ਲਾਉਣ ਦੀ ਮਨਾਹੀ ਹੈ।

Previous articleਅਮਰੀਕੀ ਸੰਸਦ ਮੈਂਬਰਾਂ ਨੇ ਦੀਵਾਲੀ ਮਨਾਈ
Next articleਖੇਤੀ ਅਫ਼ਸਰਾਂ ਨੇ ਪਰਾਲੀ ਦੇ ਜੁਰਮਾਨੇ ਦੀਆਂ ਪਰਚੀਆਂ ਪਾੜੀਆਂ