ਆਤਮ-ਨਿਰਭਰਤਾ ਦਾ ਰੌਲ਼ਾ

(ਸਮਾਜ ਵੀਕਲੀ)

ਭਾਰਤ ਦੀ ਜਨਤਾ ਤਾਂ, ਪਹਿਲਾਂ ਤੋਂ ਈ ਆਤਮ-ਨਿਰਭਰ ਹੈ,
ਨਿਰਭਰ ਰਹਿਣ ਦੀ ਆਦਤ ਕੇਵਲ, ਨੇਤਾਵਾਂ ਦੀ ਲੋੜ ਹੋਈ।

ਬੇਸ਼ੱਕ ਸੇਵਕ ਜਨਤਾ ਦੇ ਪਰ ਮਾਲਕ ਬਣ ਕੇ ਬਹਿ ਜਾਂਦੇ,
ਸਿੰਗ ਮਾਰਨ ਲਈ ਜਨਤਾ ਦੇ, ਲੱਗਦੈ ਪਸ਼ੂਆਂ ਦੀ ਦੌੜ ਹੋਈ।

ਜਨਤਾ ਦੇ ਜੋ ਮਾਰਨ ਲਾਠੀ, ਸੁਰੱਖਿਅਕ ਉਹਨੂੰ ਕਹਿ ਦਿੰਦੇ,
ਫੇਰ ਇਨ੍ਹਾਂ ਦੇ ਮੌਰ ਭੰਨਣ ਲਈ, ਲਾਠੀਆਂ ਦੀ ਕਿਉਂ ਥੋੜ ਹੋਈ।

ਪੰਜਾਂ ਸਾਲਾਂ ਬਾਅਦ ਇਹ ਲੀਡਰ, ਚਮਚੇ ਲੈ ਕੇ ਆਉਂਦੇ ਨੇ,
ਲੋਕਤੰਤਰ ਪ੍ਰਣਾਲੀ ਜੋ ਹੈ, ਜਨਤਾ ਲਈ ਉਹ ਕੋਹੜ ਹੋਈ।

ਭਾਰਤ ਦੇਸ਼ ਮਹਾਨ ਦੇ ਨੇਤਾ, ਵੇਚ ਜ਼ਮੀਰਾਂ ਖਾ ਗਏ ਨੇ,
ਅਨਿਆਂ ਵਾਲਾ ਟੱਲ ਖੜਕਦਾ, ਨਿਆਂ ਦੇ ਨਾਲ ਖਰੋੜ ਹੋਈ।

ਸੱਚ ਤਾਂਈਂ ਲੋਕੀ ਕਰਨ ਸਲਾਮਾਂ, ਮਨ ਦਾ ਇੱਕ ਭੁਲੇਖਾ ਏ,
ਅਸਲ ਰੂਪ ਵਿੱਚ ਏਸ ਸੱਚ ਦੀ, ਉਂਝ ਈ ਝੁੱਗੀ ਚੌੜ ਹੋਈ।

ਆਤਮ-ਨਿਰਭਰਤਾ ਦਾ ਰੌਲ਼ਾ, ਪਾ ਕਿਉਂ ਮੂਰਖ਼ ਬਣਾਉਂਦੇ ਓ,
ਪਰਸ਼ੋਤਮ ਜਾਣੇ ਇਹ ਤਾਂ ਕੇਵਲ, ਸੱਚ ਨਹੀਂ ਹੈ ਫੌਹੜ ਹੋਈ।

ਲਾਠੀਆਂ ਮਾਰ ਕੇ ਜਿੱਤ ਮੌਤ ’ਤੇ, ਇਹ ਜੋ ਪਾਉਣਾ ਚਾਹੁੰਦੇ ਨੇ,
ਮੌਤ ’ਤੇ ਜਿੱਤ ਕੋਈ ਪਾ ਸਕੇ ਨਾ, ਸਰੋਏ ਇਹ ਗੱਲ ਕਮਜ਼ੋਰ ਹੋਈ।

ਪਰਸ਼ੋਤਮ ਲਾਲ ਸਰੋਏ, +91-92175-44348

Previous articleਭਾਵੇਂ ਜੂਨ ਮਹੀਨਾ ਸਿੱਖਾਂ ਲਈ ਇਕ ਡੂੰਘਾ ਦਰਦ, ਇਕ ਖੁੱਲ੍ਹਾ ਜ਼ਖ਼ਮ ਹੈ ਜੋ ਸਮਾਂ…
Next articleਖਾਲੀ ਪੱਲ